ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਹਰਬਲ ਪਾਰਕ ਦਾ ਉਦਘਾਟਨ ਕੀਤਾ
ਕੋਟਕਪੂਰਾ, 6 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਵਾਤਾਵਰਨ ਦਿਵਸ ਮੌਕੇ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਮੁੱਖ ਮਹਿਮਾਨ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫ਼ਰੀਦਕੋਟ ਦੀ ਰਹਿਨੁਮਾਈ ਹੇਠ ਅਤੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਦੀ ਯੋਗ ਅਗਵਾਈ ਵਿੱਚ ਕਾਲਜ ਦੇ ਵਾਤਾਵਰਨ ਕਲੱਬ ਤੇ ਕੌਮੀ ਸੇਵਾ ਯੋਜਨਾ ਵਿਭਾਗ ਦੇ ਸਹਿਯੋਗ ਨਾਲ ‘ਹਰਬਲ ਪਾਰਕ’ ਦਾ ਉਦਘਾਟਨ ਵੱਖ-ਵੱਖ ਕਿਸਮ ਦੇ ਹਰਬਲ ਪੌਦੇ ਲਗਾ ਕੇ ਕੀਤਾ ਗਿਆ। ਇਸ ਮੌਕੇ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਗੁਰਦਿੱਤ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਨੂੰ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੇ ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਉਹਨਾਂ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਕਾਲਜ ਵਿੱਚ ’ਹਰਬਲ ਪਾਰਕ’ ਬਣਾਉਣ ਦੇ ਉਪਰਾਲੇ ਦੀ ਕਾਲਜ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਵੀ ਕੀਤੀ। ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਵਾਤਾਵਰਨ ਦਿਵਸ ਸਾਲ 2025 ਦੀ ਥੀਮ’ ਪਲਾਸਟਿਕ ਪ੍ਰਦੂਸ਼ਣ ਖਤਮ ਕਰੋ’ ਬਾਰੇ ਦਸਦਿਆਂ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰੈੱਸ ਸਕੱਤਰ ਪ੍ਰੋ. ਬੀਰਇੰਦਰਜੀਤ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਹਰਬਲ ਪਾਰਕ’ ਵਿੱਚ ਮੁੱਖ ਮਹਿਮਾਨ ਵੱਲੋਂ ਹਰਬਲ ਪੌਦੇ ਜਿਵੇਂ ਕਿ ਨਿੰਮ, ਆਵਲਾ, ਤੁਲਸੀ, ਸੁਹੰਜਣਾ, ਕੜੀ-ਪੱਤਾ, ਨਿੰਬੂ, ਐਲੋਵੀਰਾ, ਲੈਮਨ ਗਰਾਸ, ਇਲਾਇਚੀ ਆਦਿ ਦੇ ਪੌਦੇ ਲਾਏ ਗਏ। ਅੰਤ ਵਿੱਚ ਵਾਤਾਵਰਨ ਕਲੱਬ ਅਤੇ ਕੌਮੀ ਸੇਵਾ ਯੋਜਨਾ ਦੇ ਇੰਚਾਰਜ ਪ੍ਰੋ. ਰਾਜੇਸ਼ਵਰੀ ਦੇਵੀ, ਪ੍ਰੋ. ਕਰਮਜੀਤ ਸਿੰਘ ਤੇ ਪ੍ਰੋ. ਮਨਵਿੰਦਰ ਕੌਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਗੁਰਜੰਟ ਸਿੰਘ, ਅਮਰਜੀਤ ਸਿੰਘ ਪਰਮਾਰ ਸਮੇਤ ਕਾਲਜ ਸਟਾਫ਼ ਵਿੱਚੋਂ ਪ੍ਰੋ. ਮੰਜੂ ਕਪੂਰ, ਪ੍ਰੋ. ਸੰਦੀਪ ਸਿੰਘ, ਪ੍ਰੋ. ਰਣਜੀਤ ਸਿੰਘ, ਡਾ. ਰੁਪਿੰਦਰਜੀਤ ਕੌਰ, ਪ੍ਰੋ. ਜਸਬੀਰ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਫੈਨੀ ਚਾਵਲਾ, ਪ੍ਰੋ. ਰਿੰਮੀ ਅਤੇ ਵਿਦਿਆਰਥੀ ਵੀ ਹਾਜ਼ਰ ਸਨ।