ਪੰਜਾਬ ਸਰਕਾਰ ਵੱਖ ਵੱਖ ਸਮੇਂ ਤੇ ਅਧਿਆਪਕਾਂ ਦੀਆਂ ਭਰਤੀਆਂ ਕਰਦੀ ਆ ਰਹੀ ਹੈ ਜਿਸ ਵਿਚੋਂ ਕੁਝ ਭਰਤੀਆਂ ਸਿਰੇ ਲੱਗ ਗਈਆਂ ਹਨ ਅਤੇ ਕੁਝ ਭਰਤੀਆਂ ਕੋਰਟ ਕੇਸਾਂ ਵਿੱਚ ਰੁਲ ਰਹੀਆਂ ਹਨ । ਪੰਜਾਬ ਸਰਕਾਰ ਲਗਭਗ ਸਰਕਾਰੀ ਸਕੂਲਾਂ ਵਿੱਚ ਸਾਰੇ ਵਿਸ਼ਿਆਂ ਦੀ ਭਰਤੀ ਕਰਦੀ ਆ ਰਹੀ ਹੈ ਪਰ ਅੱਜ ਦੇ ਕੰਪਿਊਟਰ ਯੁੱਗ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੰਪਿਊਟਰ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਜਦੋਂਕਿ ਅੱਜ ਕੱਲ ਸਕੂਲਾਂ ਵਿੱਚ ਲਗਭਗ ਬਹੁਤ ਸਾਰਾ ਦਫ਼ਤਰੀ ਅਤੇ ਕਾਗਜ਼ੀ ਪੱਤਰੀ ਕੰਮ ਕੰਪਿਊਟਰ ਅਧਿਆਪਕਾਂ ਤੇ ਨਿਰਭਰ ਹੈ।ਪੰਜਾਬ ਦੇ ਲਗਭਗ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਅਧਿਆਪਕਾਂ ਦੀਆਂ ਅਸਾਮੀਆਂ ਤਾਂ ਮਨਜ਼ੂਰ ਹਨ ਪਰ ਕੰਪਿਊਟਰ ਅਧਿਆਪਕ ਨਹੀਂ ਹਨ ਕਿਉਂਕਿ ਕਿਸੇ ਵੀ ਸਰਕਾਰ ਨੇ ਪਿਛਲੇ ਲੰਮੇ ਸਮੇਂ ਤੋਂ ਕੰਪਿਊਟਰ ਅਧਿਆਪਕਾਂ ਦੀ ਭਰਤੀ ਕਰਨਾ ਜ਼ਰੂਰੀ ਨਹੀਂ ਸਮਝਿਆ।ਜਿਸ ਤਰ੍ਹਾਂ ਪੰਜਾਬ ਸਰਕਾਰ ਬਾਕੀ ਵਿਸ਼ੇ ਦੇ ਅਧਿਆਪਕਾਂ ਦੀਆਂ ਪੋਸਟਾਂ ਕੱਢਦੀ ਹੈ ਉਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਆਪਣੇ ਸਰਕਾਰੀ ਸਕੂਲਾਂ ਦਾ ਸਿਸਟਮ ਸੁਚਾਰੂ ਢੰਗ ਨਾਲ ਚਲਾਉਣ ਲਈ ਕੰਪਿਊਟਰ ਅਧਿਆਪਕਾਂ ਦੀ ਭਰਤੀ ਕਰਨਾ ਬਹੁਤ ਜ਼ਰੂਰੀ ਹੈ।ਅੱਜ ਦੇ ਸਮੇਂ ਵਿੱਚ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਤਾਂ ਹਨ ਪਰ ਵਿਦਿਆਰਥੀਆਂ ਨੂੰ ਪੜਾਉਣ ਵਾਸਤੇ ਅਤੇ ਕੰਪਿਊਟਰ ਸਿਖਾਉਣ ਵਾਸਤੇ ਲੋੜੀਂਦੇ ਕੰਪਿਊਟਰ ਅਧਿਆਪਕ ਨਹੀਂ ਹਨ।ਜਿੰਨਾਂ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਅਧਿਆਪਕ ਨਹੀਂ ਹਨ ਉਹਨਾਂ ਸਕੂਲਾਂ ਵਿੱਚ ਕੰਪਿਊਟਰ ਵਿਸ਼ਾ ਪੜ੍ਹਾਉਣ ਅਤੇ ਵਿਦਿਆਰਥੀਆਂ ਨੂੰ ਕੰਪਿਊਟਰ ਸਿਖਾਉਣ ਲਈ ਦੂਸਰੇ ਅਧਿਆਪਕਾ ਨੂੰ ਅਲਾਟ ਕਰ ਦਿੱਤਾ ਜਾਂਦਾ ਹੈ ਜਦਕਿ ਦੂਸਰੇ ਵਿਸ਼ੇ ਦਾ ਅਧਿਆਪਕ ਖੁਦ ਹੀ ਕੰਪਿਊਟਰ ਦੀ ਪੜ੍ਹਾਈ ਵਿਦਿਆਰਥੀਆਂ ਨੂੰ ਕਰਵਾਉਂਣ ਲਈ ਪੂਰਾ ਮਾਹਿਰ ਨਹੀਂ ਹੁੰਦਾ ਜਿਸ ਕਰਕੇ ਵਿਦਿਆਰਥੀ ਕੰਪਿਊਟਰ ਦੇ ਯੁੱਗ ਵਿੱਚ ਵੀ ਕੰਪਿਊਟਰ ਸਿੱਖਣ ਤੋਂ ਵਾਂਝੇ ਰਹਿ ਜਾਂਦੇ ਹਨ।ਇਕ ਕੰਪਿਊਟਰ ਅਧਿਆਪਕ ਹੀ ਵਿਦਿਆਰਥੀਆਂ ਨੂੰ ਡੁੰਘਾਈ ਨਾਲ ਕੰਪਿਊਟਰ ਸਿਖਾ ਅਤੇ ਪੜਾ ਸਕਦਾ ਹੈ।ਸਰਕਾਰੀ ਸਕੂਲਾਂ ਦਾ ਜ਼ਿਆਦਾਤਰ ਸਿਸਟਮ ਈ.ਮੇਲ ਤੇ ਹੀ ਟਿਕਿਆ ਹੋਇਆ ਹੈ ਅਤੇ ਜਦੋਂ ਕੋਈ ਵੀ ਜ਼ਰੂਰੀ ਈ.ਮੇਲ ਦਾ ਜਵਾਬ ਤੁਰੰਤ ਬਣਾ ਕੇ ਭੇਜਣਾ ਹੁੰਦਾ ਹੈ ਤਾਂ ਵਿਸ਼ਾਵਾਰ ਅਧਿਆਪਕ ਬਹੁਤ ਜ਼ਰੂਰੀ ਪੀਰੀਅਡ ਛੱਡ ਕੇ ਡਾਟਾ ਇਕੱਠਾ ਕਰਦਾ ਹੈ ਅਤੇ ਖੁਦ ਕੰਪਿਊਟਰ ਤੇ ਡਾਟਾ ਅਪਲੋਡ ਕਰਦਾ ਹੈ ਅਤੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਕੰਪਿਊਟਰ ਅਧਿਆਪਕ ਸਕੂਲ ਦੀ ਜਿੰਦ ਜਾਨ ਹੁੰਦੇ ਹਨ ।ਅਗਰ ਸਕੂਲ ਵਿੱਚ ਕੰਪਿਊਟਰ ਅਧਿਆਪਕ ਹੀ ਨਹੀਂ ਹਨ ਤਾਂ ਵਿਸ਼ਾਵਾਰ ਅਧਿਆਪਕ ਕੰਪਿਊਟਰ ਦੇ ਕੰਮ ਕਰਨ ਲਈ ਮਜਬੂਰ ਹੁੰਦੇ ਹਨ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ।ਜੇਕਰ ਸਰਕਾਰ ਬਾਕੀ ਵਿਸ਼ਿਆਂ ਦੇ ਅਧਿਆਪਕਾਂ ਦੀ ਭਰਤੀ ਕਰ ਸਕਦੀ ਹੈ ਤਾਂ ਕੰਪਿਊਟਰ ਅਧਿਆਪਕਾਂ ਦੀ ਭਰਤੀ ਕਿਉ ਨਹੀ ਕਰਦੀ।2012 ਵਿੱਚ ਸਰਕਾਰ ਵੱਲੋਂ ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਕਿਸੇ ਵੀ ਸਮੇਂ ਦੀ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਅਧਿਆਪਕਾਂ ਦੀ ਭਰਤੀ ਕਰਨਾ ਜ਼ਰੂਰੀ ਨਹੀਂ ਸਮਝਿਆ ਪਰ ਗੱਲਾਂ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਸਿੱਖਿਆ ਦੀਆਂ ਕਰਦੀਆਂ ਆ ਰਹੀਆਂ ਹਨ ਸਰਕਾਰਾਂ। ਸਰਕਾਰੀ ਸਕੂਲਾਂ ਵਿੱਚ ਡਿਜੀਟਲ ਸਿੱਖਿਆ ਕੰਪਿਊਟਰ ਅਧਿਆਪਕਾਂ ਤੋਂ ਬਿਨਾਂ ਅਧੂਰੀ ਹੈ। ਬਹੁਤ ਸਾਰੇ ਸਕੂਲਾਂ ਵਿੱਚ ਕੰਪਿਊਟਰ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ ਅਤੇ ਇਕ ਇਕ ਕੰਪਿਊਟਰ ਅਧਿਆਪਕ ਨੂੰ ਤਿੰਨ ਤਿੰਨ ਸਕੂਲਾਂ ਵਿੱਚ ਪੜਾਉਣ ਲਈ ਜਾਣਾ ਪੈਂਦਾ ਹੈ । ਪੰਜਾਬ ਵਿੱਚ ਅਨੇਕਾਂ ਬੇਰੁਜ਼ਗਾਰ ਕੰਪਿਊਟਰ ਅਧਿਆਪਕ ਲਈ ਯੋਗਤਾ ਪੂਰੀ ਕਰਦੇ ਹਨ ਪਰ ਸਰਕਾਰ ਉਹਨਾਂ ਕੰਪਿਊਟਰ ਅਧਿਆਪਕਾਂ ਲਈ ਭਰਤੀ ਹੀ ਨਹੀਂ ਕੱਢ ਰਹੀ । ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਜਲਦੀ ਤੋਂ ਜਲਦੀ ਕੰਪਿਊਟਰ ਅਧਿਆਪਕਾਂ ਦੀ ਭਰਤੀ ਕਰੇ ਤਾਂ ਜੋਂ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਸਿੱਖਿਆ ਨੂੰ ਹੋਰ ਅੱਗੇ ਵਧਾਇਆ ਜਾ ਸਕੇ।

ਸੰਦੀਪ ਕੰਬੋਜ
ਕੋ-ਚੇਅਰਮੈਨ ਪੰਜਾਬ
ਰੋਟਰੀ ਇੰਟਰਨੈਸ਼ਨਲ ਲਿਟਰੇਸੀ
ਸੰਪਰਕ ਨੰਬਰ – 98594-00002
Leave a Comment
Your email address will not be published. Required fields are marked with *