ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸਰਕਾਰੀ ਹਾਈ ਸਕੂਲ ਮੁਹੱਲਾ ਸੁਰਗਾਪੁਰੀ ਕੋਟਕਪੂਰਾ ਵਿਖੇ ਐੱਸ.ਪੀ.ਸੀ. ਗਤੀਵਿਧੀਆਂ ਤਹਿਤ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਸਾਂਝ ਕੇਂਦਰ ਕੋਟਕਪੂਰਾ ਦੇ ਇੰਚਾਰਜ ਏ.ਐੱਸ.ਆਈ. ਜਗਸੀਰ ਸਿੰਘ ਸੰਧੂ, ਮੈਡਮ ਹਰਵਿੰਦਰ ਕੌਰ ਅਤੇ ਸਮਾਜਸੇਵੀ ਉਦੈ ਰੰਦੇਵ ਸਕੂਲ ਆਏ। ਇਸ ਸਮੇਂ ਡਾ. ਉਦੈ ਰੰਦੇਵ ਨੇ ਐਸਪੀਸੀ ਗਤੀਵਿਧੀਆਂ ਤਹਿਤ ਸਵੈ-ਰੱਖਿਆ ਵਿਸ਼ੇ ਉੱਪਰ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਜੀਵਨ ਅਤੇ ਸਮਾਜ ਵਿੱਚ ਸਵੈ-ਰੱਖਿਆ ਦੀ ਬੜੀ ਲੋੜ ਹੈ। ਸਰੀਰਕ ਤੌਰ ’ਤੇੇ ਹਮਲੇ ਕਰਨ ਤੋਂ ਹੀ ਸਵੈ-ਰੱਖਿਆ ਨਹੀਂ ਕਰਨੀ ਸਗੋਂ ਸਮਾਜ ਵਿਚ ਪ੍ਰਚੱਲਿਤ ਬੁਰਾਈਆਂ ਤੋਂ ਵੀ ਸਵੈ-ਰੱਖਿਆ ਕੀਤੀ ਜਾਵੇ। ਸਮਾਜ ਵਿਚਲੇ ਹਾਲਾਤ ਚਾਹੇ ਕਿਹੋ ਜਿਹੇ ਵੀ ਹੋਣ ਸਾਨੂੰ ਸਮਾਜ ਵਿੱਚ ਪ੍ਰਚਲਿਤ ਸਾਈਬਰ ਕ੍ਰਾਈਮ ਅਤੇ ਨਸ਼ੇ ਵਰਗੀਆਂ ਬੁਰਾਈਆਂ ਤੋਂ ਸਵੈ ਰੱਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਅਸੀਂ ਮਿਲ ਜੁਲ ਕੇ ਸਮਾਜ ਵਿਚਲੀਆਂ ਬੁਰਾਈਆਂ ਨੂੰ ਖਤਮ ਕਰਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਇਸ ਮੌਕੇ ਸਕੂਲ ਦੇ ਐਸਪੀਸੀ ਨੋਡਲ ਇਨਚਾਰਜ ਰਵਿੰਦਰ ਸਿੰਘ ਸ.ਸ. ਮਾਸਟਰ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਕੋਟਕਪੂਰਾ ਨੇ ਕੈਡਿਟਸ ਨੂੰ ਆਪਣੇ ਆਤਮ ਸਨਮਾਨ ਲਈ ਸਵੈ ਰੱਖਿਆ ਦੀ ਲੋੜ ਉਤੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੇ ਅੰਦਰ ਅਤੇ ਸਮਾਜ ਵਿਚਲੀਆਂ ਬੁਰਾਈਆਂ ਤੋਂ ਸਵੈ-ਰੱਖਿਆ ਕਰਕੇ ਚੰਗੀ ਸੰਗਤ ਦਾ ਸਾਥ ਲੈਣਾ ਚਾਹੀਦਾ ਹੈ। ਸਕੂਲ ਦੇ ਹੈੱਡਮਾਸਟਰ ਮਨੀਸ਼ ਛਾਬੜਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਧੰਨਵਾਦ ਕੀਤਾ। ਇਸ ਸਮੇਂ ਸਕੂਲ ਦਾ ਸਮੂਹ ਸਟਾਫ ਹਾਜਰ ਸੀ।