ਰਜ਼ਾਈ ਅਤੇ ਤਲਾਈ ਦਾ ਇਤਿਹਾਸ
ਸਰਦੀਆਂ ਵਿਚ ਰਜ਼ਾਈ ਅਤੇ ਤਲਾਈ ਦੇ ਨਿੱਘ ਦਾ ਅਪਣਾ ਹੀ ਆਨੰਦ ਹੁੰਦਾ ਹੈ | ਗ਼ਰੀਬ ਹੋਏ ਜਾਂ ਅਮਰੀ ਹੋਵੇ ਦੋਵਾਂ ਨੂੰ ਹੀ ਰਜ਼ਾਈ ਅਤੇ ਤਲਾਈ ਦੀ ਜ਼ਰੂਰਤ ਹੁੰਦੀ ਹੈ | ਚੰਗੀ ਨੀਂਦ ਤੰਦਰੁਸਤੀ ਦਿੰਦੀ ਹੈ ਅਤੇ ਸਰਦੀਆਂ ਵਿਚ ਚੰਗੀ ਨੀਂਦ ਲੈਣ ਲਈ ਰਜ਼ਾਈ ਤੇ ਤਲਾਈ ਦਾ ਨਿੱਘ ਲੈਣਾ ਆਤਿ ਜ਼ਰੂਰੀ ਹੁੰਦਾ ਹੈ | ਸਰਦੀਆਂ ਵਿਚ ਲਿਹਾਫ਼ ਜਾਂ ਰਜ਼ਾਈ ਲੈਣਾ ਜ਼ਰੂਰੀ ਹੈ |
ਸਰਦੀਆਂ ਵਿਚ ਸੌਂਦੇ ਸਮੇਂ ਰਜ਼ਾਈ ਅਤੇ ਤਲਾਈ ਦਾ ਬਾਦਸ਼ਾਹੀ ਸੁੱਖ ਸੁੱਖਦ ਜੀਵਨ ਦੀ ਪਰਿਭਾਸ਼ਾ ਦਸਦਾ ਹੈ | ਸਰਦੀਆਂ ਵਿਚ ਉਪਰ ਲੈਣ ਵਾਲਾ ਦੋਹਰਾ ਕਪੜਾ ਜਿਸ ਵਿਚ ਰੂੰਅ ਭਰੀ ਹੁੰਦੀ ਹੈ ਰਜ਼ਾਈ ਅਖਵਾਉਂਦਾ ਹੈ |
ਰਜ਼ਾਈ ਦੀ ਆਵਾਜ਼ ਵਰਗੇ ਕਈ ਸ਼ਬਦ ਹੋਂਦ ਵਿਚ ਹਨ ਜਿਸ ਤਰ੍ਹਾਂ ਮਿਰਜਈ | ਮਿਰਜਈ ਪੁਰਾਣੇ ਸਮੇਂ ਦੀ ਦੇਣ ਹੈ | ਇਕ ਕਿਸਮ ਦੀ ਕਮੀਜ਼ ਜਿਸ ਵਿਚ ਰੂੰਹ ਭਰਿਆ ਹੁੰਦਾ ਸੀ | ਇਸ ਦਾ ਰਿਵਾਜ਼ ਖ਼ਤਮ ਹੋ ਚੁਕਿਆ ਹੈ ਪਰ ਲਖਨਊ, ਭੋਪਾਲ, ਜੈਪੁਰ, ਵਾਣਾਣਸੀ ਆਦਿ ਸ਼ਹਿਰਾਂ ਵਿਚ ਮਿਰਜਈ ਕਮੀਜ਼ ਪੁਰਾਣੇਂ ਲੋਕ ਪਾਉਂਦੇ ਹਨ |
ਸੰਸਕ੍ਰਿਤ ਦਾ ਇਕ ਸ਼ਬਦ ਹੈ ਰੰਜਿਕਾ ਜਿਸ ਦਾ ਅਰਥ ਹੈ ਕਪੜਾ | ਇਸ ਸ਼ਬਦ ਤੋਂ ਹੀ ਰਜ਼ਾਈ ਦੀ ਹੋਂਦ ਬਣੀ | ਫਾਰਸੀ ਵਿਚ ਰਜ਼ਾਈ ਦਾ ਅਰਥ ਹੈ ਸਰਦੀਆਂ ਵਿਚ ਸਿਰ ਕੱਜਣ ਵਾਲਾ ਕਪੜਾ | ਰਾਜਦਾਨ ਤੋਂ ਰਜ਼ਾਈ ਸ਼ਬਦ ਬਣਿਆ | ਰਾਜ਼ੀ ਅਤੇ ਰਜ਼ਾ ਅਰਬੀ ਭਾਸ਼ਾ ਦੇ ਸ਼ਬਦ ਹਨ ਜਿਸ ਦੇ ਅਰਥ ਹਨ-ਮੰਨਣਾ, ਸਵੀਕਾਰ, ਅਧਿਕਾਰ ਵਿਚ ਰਹਿਣਾ | ਰਜ਼ਾ ਸ਼ਬਦ ਤੋਂ ਵੀ ਰਜ਼ਾਈ ਦੀ ਹੋਂਦ ਬਣਦੀ ਨਜ਼ਰ ਆਉਂਦੀ ਹੈ
ਪੁਰਾਣੇਂ ਸਮੇਂ ਵਿਚ ਰਜ਼ਾਈ ਨੁਮਾ ਕਪੜੇ ਵੀ ਪ੍ਰਚਲਿਤ ਸਨ | ਆਦਮੀ ਦੇ ਵਿਕਸਤ ਹੋਣ ਨਾਲ ਰਜ਼ਾਈ ਦੇ ਰੂਪ ਬਦਲਦੇ ਗਏ | ਅੰਗਰੇਜ਼ਾਂ ਨੇ ਵੀ ਰਜ਼ਾਈ ਨਾ ਖ਼ੂਬ ਆਨੰਦ ਲਿਆ ਜਦ ਤਕ ਭਾਰਤ ਰਹੇ | ਦੇਸ਼ਾਂ ਵਿਦੇਸ਼ ਦੇ ਲੋਕਾਂ ਤਕ ਰਜ਼ਾਈ ਨੇ ਅਪਣੀ ਪਹਿਚਾਣ ਛੱਡੀ |
ਇਸੇ ਤਰ੍ਹਾਂ ਹੀ ਤਲਾਈ ਸ਼ਬਦ ਤਲਾਂ ਤੋਂ ਬਣਿਆ ਜਿਸ ਦਾ ਅਰਥ ਹੈ ਹੇਠਲਾ ਹਿੱਸਾ, ਪੈਂਦੀ, ਆਖ਼ਰੀ ਹਿੱਸਾ, ਪਾਤਾਲ ਆਦਿ ਹੇਠਾਂ ਵਿਛਾਉਣ ਵਾਲੀ ਵਸਤੂ | ਤਲਾਂ ਸ਼ਬਦ ਤੋਂ ਤਲਾਈ ਹੋਂਦ ਵਿਚ ਆਈ | ਰਜ਼ਾਈ ਅਤੇ ਤਲਾਈ ਦਾ ਬਹੁਤ ਗਹਿਰਾ ਸਬੰਧ ਹੈ | ਨਿਰੀ ਰਜ਼ਾਈ ਜਾਂ ਨਿਰੀ ਤਲਾਈ ਦੀ ਕੋਈ ਵੁੱਕਤ ਨਹੀਂ ਹੈ |
ਰਜ਼ਾਈ ਦੀਆਂ ਕਈ ਕਿਸਮਾਂ ਹੋਂਦ ਵਿਚ ਆ ਚੁਕੀਆਂ ਹਨ | ਪੁਰਾਣੇਂ ਸਮਿਆਂ ਵਿਚ ਹੱਥ ਦੀ ਬਣੀ ਹੋਈ ਭਾਰੀ ਰਜ਼ਾਈ ਹੁੰਦੀ ਸੀ ਜਿਸ ਵਿਚ ਕਪਾਹ ਦਾ ਰੂੰਅ ਪੈਂਦਾ ਸੀ | ਇਸੇ ਤਰ੍ਹਾਂ ਹੀ ਤਲਾਈ ਵਿਚ ਰੂੰਅ ਥੋੜਾ ਘੱਟ ਪੈਂਦਾ ਸੀ | ਮੰਜੀ ਅਤੇ ਕੱਦ ਦੇ ਹਿਸਾਬ ਨਾਲ ਰਜ਼ਾਈ ਦੀ ਲੰਬਾਈ ਚੌੜਾਈ ਨਿਸ਼ਚਿਤ ਕਰ ਲਈ ਜਾਂਦੀ ਸੀ |
ਅੱਜ ਕਲ ਰਜ਼ਾਈਆਂ ਅਨੇਕਾਂ ਡਿਜ਼ਾਇਨਾਂ ਵਿਚ ਆ ਚੁੱਕੀਆਂ ਹਨ | ਪਹਿਲਾਂ ਤਾਂ ਕੇਵਲ ਖੱਦਰ ਦੀਆਂ ਹੀ ਰਜ਼ਾਈਆਂ ਚਲਦੀਆਂ ਸਨ ਪਰ ਹੌਲੀ-ਹੌਲੀ ਕਪੜੇ ਦੀਆਂ ਅਨੇਕਾਂ ਕਿਸਮਾਂ ਆਉਣ ਨਾਲ ਭੂਮੰਡਲੀਕਰਣ ਅਤੇ ਨਵਉਦਾਰਵਾਦਿਤਾ ਦੇ ਯੁਗ ਵਿਚ ਮਸ਼ੀਨਰੀ ਅਤੇ ਕੰਪਿਊਟਰ ਦੀ ਆਧੁਨਿਕ ਤਕਨੀਕ ਨੇ ਗਿਲਾਫ਼ (ਰਜ਼ਾਈ ਦਾ ਕਪੜਾ) ਨੂੰ ਖੱਦਰ ਦੇ ਅਧਿਕਾਰ ‘ਚੋਂ ਬਾਹਰ ਕੱਢ ਕੇ ਆਧੁਨਿਕ ਆਕਰਸ਼ਕ ਸੁੰਦਰ ਸ਼ੈਲੀ ਵਾਲੇ ਰੰਗਦਾਰ ਕਪੜਿਆਂ (ਗਿਲਾਫ਼) ਵਿਚ ਲਿਆ ਖੜ੍ਹਾ ਕੀਤਾ |
ਪਹਿਲਾਂ ਤਲਾਈ ਧਾਰੀਦਾਰ ਕਪੜੇ ਵਿਚ ਪ੍ਰਚਲਿਤ ਸੀ ਪਰ ਹੁਣ ਆਧੁਨਿਕ ਡਿਜ਼ਾਈਨਦਾਰ ਕਪੜੇ ਨੇ ਜਗ੍ਹਾ ਲੈ ਲਈ ਹੈ | ਕਿਸੇ ਸਮੇਂ ਵਾਧੂ ਘਾਟੂ ਰੂੰਅ ਜਾਂ ਕੰਬਲਾਂ ਦੇ ਬੇਕਾਰ ਧਾਗੇ, ਫੈਕਟਰੀ ਦੇ ਬੇਕਾਰ ਕਪੜੇ ਦੀਆਂ ਲੀਰਾਂ ਜਾਂ ਕਤਾਰਾਂ ਨਾਲ ਵੀ ਰਜ਼ਾਈਆਂ ਭਰੀਆਂ ਜਾਂਦੀਆਂ ਸਨ ਪਰ ਹੁਣ ਇਹ ਸ਼ੈਲੀ ਬਹੁਤ ਘੱਟ ਚੁੱਕੀ ਹੈ |
ਵੇਖਣ ਵਿਚ ਆਇਆ ਹੈ ਕਿ ਕਪਾਹ ਦੇ ਰੂੰਅ ਦਾ ਰਿਵਾਜ਼ ਵੀ ਘਟਦਾ ਜਾ ਰਿਹਾ ਰੂੰਅ ਦੀ ਜਗ੍ਹਾ ‘ਤੇ ਅਜ ਕਲ ਫਾਈਬਰ ਵਾਲਾ ਰੂੰਅ ਹੀ ਜ਼ਿਆਦਾ ਰਜ਼ਾਈ-ਤਲਾਈ ਵਿਚ ਭਰਿਆ ਜਾਂਦਾ ਹੈ | ਫਾਈਬਰ, ਕਪਾਹ ਨਾਲੋਂ ਸਸਤਾ ਪੈਂਦਾ ਹੈ ਕਿਉਂ ਰੂੰਅ ਨਾਲੋਂ ਫਾਈਬਰ ਬਹਤ ਹਲਕਾ ਅਤੇ ਘੱਟ ਭਾਰ ਵਾਲਾ ਹੁੰਦਾ ਹੈ ਅਤੇ ਕਪਾਹੀ ਰੂੰਅ ਨਾਲੋਂ ਨਿੱਘ ਜਿਆਦਾ ਦਿੰਦਾ ਹੈ |
ਰਜ਼ਾਈ ਦਾ ਕਪੜਾ ਵੀ ਅਜ ਕਲ ਕਈ ਕਿਸਮਾਂ ਵਿਚ ਆਉਣ ਲੱਗ ਪਿਆ ਹੈ | ਮਸ਼ੀਨੀ ਵਧੀਆ ਕਾਟਨ, ਵੈਲਵੇਟ, ਬੈਡ ਸ਼ੀਟ ਕਪੜਾ, ਸਿਲਕੀ ਕਪੜਾ, ਸਗਲੇਸ ਕਾਟਨ, ਪੋਲੀ ਐਸਟਰ ਆਦਿ ਕਿਸਮ ਦਾ ਕਪੜਾ ਰਜ਼ਾਈ-ਤਲਾਈ ਲਈ ਵਰਤਿਆ ਜਾਂਦਾ ਹੈ | ਪਹਿਲਾਂ ਰਜ਼ਾਈ ਦਾ ਹੇਠਾਂ ਹਿੱਸਾ ਇਕ ਰੰਗਾ ਹੀ ਹੁੰਦਾ ਸੀ ਅਜ ਕੱਲ ਦੋਵੇਂ ਪਾਸੇ ਇਕੋ ਕਪੜੇ ਦੇ ਹੁੰਦੇ ਹਨ | ਤਲਾਈ ਲਈ ਚੈਕ ਕਪੜਾ, ਵਧੀਆ ਕਾਟਨ, ਮਿਕਸ ਕਪੜਾ, ਵਾਲਪੇਪਰ ਆਦਿ ਡਿਜ਼ਾਇਨ ਵਾਲਾ ਕਪੜਾ ਵਰਤਿਆ ਜਾਂਦਾ ਹੈ |
ਅੱਜ ਕੱਲ੍ਹ ਰੂੰਅ 130 ਰੁਪਏ ਕਿਲੋ ਮਿਲਦਾ ਹੈ | ਇਕ ਰਜ਼ਾਈ ਵਿਚ 4 ਤੋਂ ਪੰਜ ਕਿਲੋ ਰੂੰਅ ਪੈ ਜਾਂਦਾ ਹੈ ਜਦਕਿ ਫਾਈਬਰ ਰੂੰਅ 190 ਤੋਂ 220 ਰੁਪਏ ਕਿਲੋ ਹੈ ਇਹ ਇਕ ਰਜ਼ਾਈ ਵਿਚ 2ੌ ਕਿੱਲੋ ਹੀ ਪੈਂਦਾ ਹੈ | ਸਿੰਗਲ ਰਜ਼ਾਈ 500 ਤੋਂ ਲੈ ਕੇ 1400 ਰੁਪਏ ਤਕ ਵਿਕ ਜਾਂਦੀ ਹੈ | ਜਦਕਿ ਡਬਲ ਰਜ਼ਾਈ 1400 ਤੋਂ ਲੈ ਕੇ 3000 ਰੁਪਏ ਤੱਕ ਵਿਕਦੀ ਹੈ | ਰਜਾਈ ਦੇ ਪ੍ਰਚਲਿਤ ਸਾਈਜ ਹਨਅ 1ੌ ਮੀਟਰ x 2ੌ ਮੀਟਰ ਸਵਾ ਦੋ ਮੀਟਰ ਤੇ ਢਾਈ ਮੀਟਰ ਵੱਡਾ ਸਾਈਜ ਢਾਈ ਤੋਂ ਤਿੰਨ ਮੀਟਰ ਆਦਿ ਤਕ ਹਨ |
ਜੈਪੁਰੀ ਅਤੇ ਨਾਗਾਲੈਂਡ, ਕੋਰੀਆ, ਦੀਮਾਪੁਰ, ਬਰਮਾ ਆਦਿ ਦੀਆਂ ਰਜ਼ਾਈ ਰੰਗਾਂ ਭਰਪੂਰ, ਭਰਪੂਰ ਆਕਰਸ਼ਣ ਅਤੇ ਦਿਲਕਸ਼ ਡਿਜ਼ਾਈਨਾਂ ਵਿਚ ਆਉਂਦੀਆਂ ਹਲ | ਇਹ ਰਜ਼ਾਈਆਂ ਹਲਕੀਆਂ ਅਤੇ ਖ਼ੂਬਸੂਰਤੀ ਵਿਚ ਹੁੰਦੀਆਂ ਹਨ | ਜੈਪੁਰੀ ਰਜ਼ਾਈ ਪਤਲੀ ਅਤੇ ਦੇਸੀ ਕਪਾਹ ਦੀ ਬਣੀ ਹੁੰਦੀ ਹੈ | ਇਹ ਰਜ਼ਾਈ ਸਿਤੰਬਰ ਤੋਂ ਜਨਵਰੀ ਮਹੀਨੇ ਤਕ ਹੀ ਲਈਆਂ ਜਾਂਦੀਆਂ ਹਨ | ਜਿਸ ਨੂੰ ਫਰਜ਼ੀ ਰਜ਼ਾਈ ਵੀ ਕਹਿੰਦੇ ਹਨ | ਇਸ ਰਜ਼ਾਈ ਵਿਚ ਕੇਵਲ 1 ਕਿੱਲੋਂ ਹੀ ਰੂੰਅ ਹੁੰਦਾ ਹੈ | ਸਫ਼ਰ ਵਿਚ ਇਹ ਰਜ਼ਾਈ ਕਾਮਯਾਬ ਹੈ |
ਤਲਾਈ 3 ਫੁੱਟ x 6 ਫੁੱਟ ਅਤੇ 4 ਫੁਟ x 6 ਫੁੱਟ ਹਦ ਹੁੰਦੀ ਹੈ | ਪਹਾੜੀ ਜਾਂ ਗਲੇਸ਼ੀਅਰ ਇਲਾਕੇ ਵਿਚ ਫੌਜੀ ਜਾਂ ਲੋਕ ਬੋਰਾਨੁਮਾ ਰਜ਼ਾਈ ਲੈਂਦੇ ਹਨ | ਬੋਰੇ ਵਾਂਗ ਰਜ਼ਾਈ ਬਣਾ ਕੇ ਉਸ ਦੇ ਮੂੰਹ ਉਪਰ ਜਿਪ ਆਦਿ ਲਗਾ ਦਿੰਦੇ ਹਨ | ਇਸ ਰਜ਼ਾਈ ਵਿਚ ਅੰਦਰ ਵੜਦਾ ਪੈਂਦਾ ਹੈ | ਇਹ ਰਜ਼ਾਈ ਭਾਰੀ ਅਤੇ ਵਿਸ਼ੇਸ ਕਿਸਮ ਦੀ ਹੁੰਦੀ ਹੈ |
ਆਂਮ ਰਜ਼ਾਈ, ਤਲਾਈ ਨੂੰ ਭਰਨ ਲਈ ਪਹਿਲਾਂ ਰੂੰਅ ਪਿੰਜਿਆ ਜਾਂਦਾ ਹੈ | ਇਸ ਨੂੰ ਪਿੰਜਾਈ ਕਹਿੰਦੇ ਹਨ | ਫਿਰ ਭਰਾਈ ਅਤੇ ਬਾਅਦ ਵਿਚ ਕਾਰੀਗਰ ਲਗਦੇ ਹਨ, ਕੰਧੂਈ ਤੇ ਧਾਗਿਆਂ ਨਾਲ | ਕੰਧੂਈ ਨਾਲ ਕਾਰੀਗਰ ਡਿਜ਼ਾਇਨ ਵੀ ਪਾਉਂਦੇ ਹਨ ਜਿਸ ਨੂੰ ਪੰਜਾਬੀ ਵਿਚ ਗੱਡੇ ਪਾਉਣਾ ਕਹਿੰਦੇ ਹਨ | ਅਜ ਕਲ ਭਾਰਤੀ ਰਜ਼ਾਈਆਂ ਵਿਦੇਸ਼ਾਂ ਵਿਚ ਖ਼ੂਬ ਵਿਕਦੀਆਂ ਹਨ | ਹਰ ਸਾਲ ਕਰੋੜਾਂ ਰੁਪਏ ਦਾ ਧੰਦਾ ਹੁੰਦਾ ਹੈ |
ਵੇਖਿਆ ਜਾਵੇ ਤਾਂ ਰਜ਼ਾਈ ਤੇ ਤਲਾਈ ਤੋਂ ਬਗੈਰ ਸਰਦੀਆਂ ਕੱਟਣਾ ਮਨੁੱਖ ਲਈ ਅਤਿ ਮੁਸਕਿਲ ਹੈ | ਭਾਵੇਂ ਆਧੁਨਿਕ ਤਕਨੀਕਾਂ ਹੋਂਦ ਵਿਚ ਪਈਆਂ ਹਨ ਪਰ ਰਜ਼ਾਈ, ਰਜ਼ਾਈ ਹੀ ਏ ਤੇ ਤਲਾਈ, ਤਲਾਈ ਹੀ ਹੈ |
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ
ਮੋ. 98156-25409