ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣ ਦਾ ਦਿੱਤਾ ਸੱਦਾ
ਸਾਮਰਾਜਵਾਦ ਅਤੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਕੰਮ ਕਰ ਰਹੀਆਂ ਨੇ ਹੁਕਮਰਾਨ ਸਰਕਾਰਾਂ
ਕੋਟਕਪੂਰਾ, 24 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਪੁਰਾਣਾ ਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਅਤੇ ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫਰੀਦਕੋਟ ਸਬੰਧਤ ਏਟਕ ਵੱਲੋਂ ਸਾਂਝੇ ਤੌਰ ’ਤੇ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ’ਤੇ ਫੁੱਲ ਮਾਲਾਵਾਂ ਅਰਪਣ ਕਰਕੇ ਅਤੇ ਇਨਕਲਾਬ ਜਿੰਦਾਬਾਦ-ਸਮਾਜਵਾਦ ਜਿੰਦਾਬਾਦ-ਸਾਮਰਾਜਵਾਦ ਮੁਰਦਾਬਾਦ ਦੇ ਜ਼ੋਰਦਾਰ ਨਾਹਰਿਆਂ ਦੀ ਗੂੰਜ ਵਿੱਚ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਬਲਦੇਵ ਸਿੰਘ ਸਹਿਦੇਵ, ਪ੍ਰੇਮ ਚਾਵਲਾ, ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ ਕੋਟਕਪੂਰਾ, ਕੁਲਵੰਤ ਸਿੰਘ ਚਾਨੀ, ਸਮਾਜ ਸੇਵੀ ਉਦੇ ਰਣਦੇਵ, ਸੋਮਨਾਥ ਅਰੋੜਾ ਡਾਕਟਰ ਮਨਜੀਤ ਸਿੰਘ ਢਿੱਲੋਂ ਤੇ ਜਸਵਿੰਦਰ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਆਜ਼ਾਦੀ ਤੋਂ ਬਾਅਦ ਸਾਡੇ ਹਾਕਮਾਂ ਵੱਲੋਂ ਇਹਨਾਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦੀ ਬਜਾਏ ਸਾਮਰਾਜਵਾਦ ਅਤੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਾਇਆ। ਉਹਨਾਂ ਕਿਹਾ ਕਿ ਇਹਨਾਂ ਨੀਤੀਆਂ ਨੇ ਅਮੀਰੀ ਤੇ ਗਰੀਬੀ ਵਿੱਚ ਵੱਡਾ ਪਾੜਾ ਪੈਦਾ ਕੀਤਾ ਹੈ। ਕੇਂਦਰ ਦੀ ਹੁਕਮਰਾਨ ਮੋਦੀ ਸਰਕਾਰ ਵੱਲੋਂ ਧਰਮ ਦੇ ਨਾਂਅ ’ਤੇ ਲੋਕਾਂ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ। ਸਿੱਖਿਆ ਤੇ ਸਿਹਤ ਵਿੱਚ ਜਨ ਸਧਾਰਨ ਨਾਲ ਵੱਡੇ ਪੱਧਰ ’ਤੇ ਵਿਤਕਰੇ ਜਾਰੀ ਹਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕਾਰਪਰੇਟ ਸੈਕਟਰ ਦਾ ਮੁਨਾਫਾ ਵਧਾਉਣ ਲਈ ਹੁਕਮਰਾਨ ਕੇਂਦਰ ਅਤੇ ਵੱਖ ਵੱਖ ਰਾਜ ਸਰਕਾਰਾਂ ਲੋਕ ਵਿਰੋਧੀ ਨੀਤੀਆਂ ਬਹੁਤ ਤੇਜ਼ੀ ਨਾਲ ਲਾਗੂ ਕਰ ਰਹੀਆਂ ਹਨ। ਆਗੂਆਂ ਨੇ ਨੌਜਵਾਨ ਪੀੜ੍ਹੀ ਨੂੰ ਸੱਦਾ ਦਿੱਤਾ ਕਿ ਇਹਨਾਂ ਲੋਕ ਵਿਰੋਧੀ ਨੀਤੀਆਂ ਦਾ ਢੁਕਵਾਂ ਜਵਾਬ ਦੇਣ ਲਈ ਅੱਗੇ ਆਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਦਨ ਲਾਲ ਸ਼ਰਮਾ ਸੰਧਵਾਂ, ਗੇਜ਼ ਰਾਮ ਭੋਰਾ, ਗੁਰਦੀਪ ਭੋਲਾ, ਵਿਨੋਦ ਕੁਮਾਰ ਧਵਨ, ਇਕਬਾਲ ਸਿੰਘ ਗਿੱਲ, ਮੇਜਰ ਸਿੰਘ, ਹਾਕਮ ਸਿੰਘ ਡੀ ਪੀ ਈ, ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ, ਰੰਜੀਵ ਕੌਸ਼ਲ, ਸੁਖਚੈਨ ਸਿੰਘ ਰਾਮਸਰ, ਦਵਿੰਦਰ ਸਿੰਘ ਗਿੱਲ, ਸੁਰਿੰਦਰ ਸੱਚਦੇਵਾ, ਗੁਰਨਾਮ ਸਿੰਘ ਭੁੱਲਰ ਸੇਵਾ ਮੁਕਤ ਲੈਕਚਰਾਰ, ਗੁਰਇਕਬਾਲ ਸਿੰਘ ਸੇਖੋ ਅਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ।

