ਫਗਵਾੜਾ 31 ਮਈ (ਅਸ਼ੋਕ ਸ਼ਰਮਾ/ਪ੍ਰੀਤ ਕੌਰ ਪ੍ਰੀਤੀ/ਵਰਲਡ ਪੰਜਾਬੀ ਟਾਈਮਜ਼)
ਸਾਡੇ ਬਹੁਤ ਹੀ ਸਤਿਕਾਰ ਯੋਗ ਸ਼੍ਰੀ ਮਹਿੰਦਰ ਸੂਦ ਵਿਰਕ ਜੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਲੇਖਕ ਤੇ ਕਵੀ ਦਾ ਚੌਥਾ ਕਾਵਿ-ਸੰਗ੍ਰਹਿ “ਸੱਚੇ ਸੁੱਚੇ ਹਰਫ਼” ਵਿੱਚੋਂ ਹੀ ਵਿਰਕ ਜੀ ਦੀ ਨਿਰਮਲ ਸ਼ਖ਼ਸੀਅਤ ਦੀ ਝਲਕ ਉਹਨਾਂ ਦੇ ਹੱਸਦੇ ਚਿਹਰੇ ਵਿੱਚੋਂ ਆਪ ਮੁਹਾਰੇ ਪੈਂਦੀ ਹੈ। ਇਹਨਾਂ ਨੂੰ ਜਿੰਨ੍ਹਾਂ ਹੁਣ ਤੱਕ ਮੈਂ ਜਾਣ ਸਕੀ ਹਾਂ, ਇਹ ਹਮੇਸ਼ਾ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਮੰਨਦੇ ਹੋਏ, ਮੈਂ- ਮੇਰੀ ਤੋਂ ਕੋਹਾਂ ਦੂਰ ਆਪਣੇ ਸੱਚੇ ਜ਼ਜਬਿਆਂ ਨੂੰ ਕਹਿਣੀ ਕਥਨੀ ਦੀ ਇੱਕ ਸੋਚ ਤੇ ਆਧਾਰਿਤ,ਸੱਚ ਤੇ ਪਹਿਰਾ ਦਿੰਦੇ ਹੋਏ ਜ਼ਿਆਦਾਤਰ ਵਿਦਿਆਰਥੀਆਂ ਨੂੰ ਸੇਧ ਦੇਣ ਵਾਲੀਆਂ ਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਾਲੀਆਂ ਰਚਨਾਵਾਂ ਦੀ ਸਿਰਜਣਾ ਕਰਦੇ ਹਨ। ਸਮਾਜ ਅਤੇ ਪਰਿਵਾਰ ਵਿੱਚ ਰਹਿੰਦਿਆਂ ਹੋਇਆ ਵੀ ਕਵੀ ਦੀ ਇੱਕ ਆਪਣੀ ਵੱਖਰੀ ਦੁਨੀਆਂ ਹੁੰਦੀ ਹੈ। ਇੱਕ ਕਵੀ ਹਰ ਖੁਸ਼ੀ-ਗ਼ਮੀ ਨੂੰ ਬਹੁਤ ਨੇੜਿਉਂ ਮਹਿਸੂਸ ਕਰਦਾ ਹੋਇਆ ਆਪਣੀ ਸੰਵੇਦਨਸ਼ੀਲਤਾ ਨੂੰ ਇੱਕ ਕਵਿਤਾ ਦੇ ਰੂਪ ਵਿੱਚ ਪਾਠਕਾਂ ਦੇ ਰੂਪ ਸਨਮੁੱਖ ਕਰਦਾ ਹੈ। ਅਜਿਹੀ ਸੰਵੇਦਨਸ਼ੀਲਤਾ ਸੂਦ ਜੀ ਵਿੱਚੋਂ ਸਹਿਜੇ ਹੀ ਦੇਖੀ ਜਾ ਸਕਦੀ ਹੈ। ਇਹ ਸਮੇਂ ਦੀ ਨਬਜ਼ ਨੂੰ ਪਛਾਣਦੇ ਹੋਏ ਹਮੇਸ਼ਾ ਸਾਰਥਕ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਦੀ ਸੇਧ ਆਪਣੀ ਕਲਮ ਰਾਹੀਂ ਕਰਦੇ ਹਨ। ਇਹਨਾਂ ਦੇ ਮੁਖਾਰਬਿੰਦ ਤੋਂ ਨਿਕਲਿਆ ਹੋਇਆ ਇੱਕ-ਇੱਕ ਸੱਚਾ ਬੋਲ ਇਹਨਾਂ ਦੇ ਕਾਵਿ-ਸੰਗ੍ਰਹਿ “ਸੱਚੇ ਸੁੱਚੇ ਹਰਫ਼” ਨੂੰ ਚੰਨ ਦੀ ਚਾਨਣੀ ਵਾਂਗ ਅਤੇ ਸੂਰਜ ਦੇ ਤੇਜ ਵਾਂਗ ਚਮਕਾਉਂਦਾ ਹੈ। ਭਾਵ ਕਿ ਆਮ ਜਨਤਾ ਨੂੰ ਚੰਨ ਵਾਂਗ ਕਲੇਜੇ ਵਿੱਚ ਠੰਡ ਅਤੇ ਸਮਾਜਿਕ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਸੂਰਜ ਦੇ ਤੇਜ ਵਾਂਗ ਇੱਕ ਸੇਧ ਦਾ ਕੰਮ ਕਰਦਾ ਹੈ। ਸ੍ਰੀ ਸੂਦ ਜੀ ਦੇ ਕਾਵਿ-ਸੰਗ੍ਰਹਿ ਵਿਚਲੀਆਂ ਰਚਨਾਵਾਂ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਹ ਵੀ ਪ੍ਰਸਿੱਧ ਕਵੀ ਭਾਈ ਵੀਰ ਸਿੰਘ ਜੀ ਵਾਂਗ ਕੁਦਰਤ ਪ੍ਰੇਮੀ ਹਨ, ਜਿਸ ਵਿੱਚ ਉਨ੍ਹਾਂ ਨੇ ਕੁਦਰਤੀ ਨਜ਼ਾਰਿਆਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ । ਜਿੱਥੇ ਕਵੀ ਆਪਣੀ ਸਿਰਜਣਾ ਰਾਹੀਂ ਮੁਰਦਿਆਂ ਵਿੱਚ ਜਾਨ ਪਾਉਣ ਦੀ ਤਾਕਤ ਰੱਖਦਾ ਹੈ ਉੱਥੇ ਉਹ ਲੋਕ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਤਤਪਰ ਰਹਿੰਦੇ ਹੋਏ ਇਹ ਬੜੀ ਛੋਟੀ ਉਮਰ ਤੋਂ ਹੀ “ਖੂਨ ਦਾਨ ਸਭ ਤੋਂ ਵੱਡਾ ਦਾਨ” ਦੀ ਸੇਵਾ ਕਰਕੇ ਪੁੰਨ ਕਮਾ ਰਹੇ ਹਨ।ਸੋ ਅਖ਼ੀਰ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਸ੍ਰੀ ਮਹਿੰਦਰ ਸੂਦ ਵਿਰਕ ਜੀ ਆਪਣੀਆਂ ਲਿਖ਼ਤਾਂ ਰਾਹੀਂ ਸਾਰੇ ਸਮਾਜ ਦਾ ਚਾਨਣ-ਮੁਨਾਰਾ ਬਣਦੇ ਰਹਿਣ।