ਪ੍ਰੋ. ਨਵ ਸੰਗੀਤ ਸਿੰਘ ਭਾਰਤ ਵਿਚ ਪੁਸਤਕਾਂ ਦੀ ਦੁਨੀਆਂ ਵਿਚ ਬਾਲ-ਸਾਹਿਤ ਨੂੰ ਸੁਤੰਤਰ ਪਛਾਣ ਦੇਣ ਅਤੇ ਇਸ ਨੂੰ ਅੱਗੇ ਵਧਾਉਣ ਵਿਚ ਸ਼ੰਕਰ ਦਾ ਨਾਂ ਸਭ ਤੋ ਪਹਿਲਾਂ ਹੈ। ‘ਸ਼ੰਕਰ’ ਦੇ ਨਾਂ ਨਾਲ ਮਸ਼ਹੂਰ, ਕੇਸ਼ਵ ਸ਼ੰਕਰ ਪਿੱਲੇ, ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਮਸ਼ਹੂਰ ਕਾਰਟੂਨਿਸਟ ਹੋ ਗੁਜ਼ਰਿਆ ਹੈ। ਦਿੱਲੀ ਵਿੱਚ ਚਿਲਡਰਨਜ਼ ਬੁੱਕ ਟਰੱਸਟ (ਸੀ.ਬੀ.ਟੀ.), ਸ਼ੰਕਰਜ਼ ਇੰਟਰਨੈਸ਼ਨਲ ਡੌਲ ਮਿਊਜ਼ੀਅਮ, ਸ਼ੰਕਰਜ਼ ਅਕੈਡਮੀ ਆਫ਼ ਆਰਟ, ਸੀ.ਡਬਲਿਊ. (ਚਿਲਡਰਨ ਵਰਲਡ) ਮੈਗਜ਼ੀਨ, ਇੰਦਰਪ੍ਰਸਥ ਪ੍ਰੈੱਸ ਅਤੇ ਡਾ: ਬੀ.ਸੀ. ਰਾਏ ਮੈਮੋਰੀਅਲ ਚਿਲਡਰਨਜ਼ ਰੀਡਿੰਗ ਰੂਮ ਅਤੇ ਲਾਇਬ੍ਰੇਰੀ ਦੀ ਸਥਾਪਨਾ ਕਰਨ ਵਾਲੇ ਸ਼ੰਕਰ ਨੂੰ ਵਿਸ਼ਵ ਭਰ ਦੇ ਹਜ਼ਾਰਾਂ ਬੱਚੇ ਉਸ ਦੇ ਲਿਖਣ ਅਤੇ ਪੇਂਟਿੰਗ ਦੇ ਅੰਤਰਰਾਸ਼ਟਰੀ ਮੁਕਾਬਲੇ (ਆਨ ਦ ਸਪਾਟ ਪੇਂਟਿੰਗ ਮੁਕਾਬਲੇ) ਕਰਕੇ ਜਾਣਦੇ ਹਨ।
ਕੇਸ਼ਵ ਸ਼ੰਕਰ ਪਿੱਲੇ ਦਾ ਜਨਮ 31 ਜੁਲਾਈ, 1902 ਨੂੰ ਟ੍ਰਾਇਨਕੋਰ, ਜੋ ਕਦੇ ਇੱਕ ‘ਪ੍ਰਿੰਸਲੀ ਸਟੇਟ’ ਸੀ, ਦੇ ਇੱਕ ਛੋਟੇ ਜਿਹੇ ਪਿੰਡ ਕਾਯਮਗੁਲਮ ਵਿੱਚ ਹੋਇਆ ਸੀ। ਬਚਪਨ ਵਿਚ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਉਹਦਾ ਬਚਪਨ ਉਸਦੇ ਨਾਨਕੇ ਕਾਯਮਗੁਲਮ ਵਿੱਚ ਬੀਤਿਆ ਅਤੇ ਮੁੱਢਲੀ ਪੜ੍ਹਾਈ ਵੀ ਓਥੇ ਹੀ ਹੋਈ। ਕੇਰਲ ਵਿੱਚ ਟ੍ਰਾਯਨਕੋਰ, ਕੋਚੀਨ ਅਤੇ ਮਾਲਾਬਾਰ ਆਦਿ ਥਾਵਾਂ ਪ੍ਰਾਕਿਰਤਕ ਸੁੰਦਰਤਾ ਅਤੇ ਖੁਸ਼ਹਾਲ ਸੰਸਕ੍ਰਿਤੀ ਲਈ ਪ੍ਰਸਿੱਧ ਹਨ। ਇਸ ਪਿੱਠਭੂਮੀ ਵਿੱਚ ਪਲੇ-ਵਧੇ ਹੋਣ ਕਰਕੇ ਸ਼ੰਕਰ ਵਿੱਚ ਪ੍ਰਕਿਰਤੀ ਪ੍ਰਤੀ, ਉਸ ਵਿੱਚ ਮਿਲਣ ਵਾਲੇ ਰੰਗਾਂ ਅਤੇ ਧੁਨੀ ਨਾਲ ਪ੍ਰੇਮ ਸੀ। ਉਸਨੇ ਸਹਿਜਤਾ ਨਾਲ ਆਪਣੀ ਕਿਸ਼ੋਰ-ਉਮਰ ਦੇ ਆਦਰਸ਼ ਅਤੇ ਸੁਪਨਿਆਂ ਨੂੰ ਬੁਣਿਆ। ਉਨ੍ਹਾਂ ਸੁਪਨਿਆਂ ਨੇ ਉਸਨੂੰ ਪ੍ਰੇਰਿਤ ਕੀਤਾ। ਨਾਨਕੇ-ਘਰ ਉਹਦੀ ਉਮਰ ਦਾ ਕੋਈ ਦੋਸਤ ਨਹੀਂ ਸੀ। ਇਸ ਲਈ ਉਹ ਰੁੱਖਾਂ ਅਤੇ ਜੰਗਲੀ ਵੇਲਾਂ ਨਾਲ ਘਿਰੇ ਆਪਣੇ ਘਰ ਦੇ ਖੁੱਲ੍ਹੇ ਵਿਹੜੇ ਵਿੱਚ ਇਕੱਲਾ ਹੀ ਚੱਕਰ ਲਾਉਂਦਾ ਰਹਿੰਦਾ। ਮਧੂਮੱਖੀ, ਚਿੜੀ, ਗਾਂ, ਮੱਝ ਉਸ ਦੇ ਮਿੱਤਰ ਸਨ। ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ। ਉਸ ਨੂੰ ਸੁਆਦੀ ਭੋਜਨ ਅਤੇ ਖਾਣਾ ਬਣਾਉਣਾ ਦੋਵੇਂ ਹੀ ਪਸੰਦ ਸਨ। ਉਸਨੂੰ ਉਸ ਸਮੇਂ ਵੀ ਤਸਵੀਰਾਂ ਖਿੱਚਣਾ ਜਾਂ ਕਾਰਟੂਨ ਬਣਾਉਣਾ ਪਸੰਦ ਸੀ। ਜਦੋਂ ਉਹ ਕਰੀਬ ਅੱਠ ਸਾਲ ਦਾ ਸੀ, ਉਦੋਂ ਇੱਕ ਵਾਰ ਉਸਦਾ ਗਣਿਤ ਮਾਸਟਰ ਛੁੱਟੀ ‘ਤੇ ਸੀ, ਹੈੱਡਮਾਸਟਰ ਉਸਦੀ ਕਲਾਸ ਵਿੱਚ ਗਣਿਤ ਪੜ੍ਹਾਉਣ ਆਇਆ। ਹੈੱਡਮਾਸਟਰ ਨੇ ਬੱਚਿਆਂ ਨੂੰ ਪੰਜ ਸਵਾਲ ਦਿੱਤੇ ਅਤੇ ਆਪਣੇ ਪੈਰ ਮੇਜ਼ ‘ਤੇ ਰੱਖ ਕੇ ਊਂਘਣ ਲੱਗ ਪਿਆ। ਸ਼ੰਕਰ ਨੇ ਆਪਣਾ ਸੁਆਲ ਹੱਲ ਕਰਕੇ ਕਲਾਸ ਵਿੱਚ ਸੁੱਤੇ ਪਏ ਹੈੱਡਮਾਸਟਰ ਦਾ ਚਿੱਤਰ ਬਣਾਇਆ। ਉਸ ਨੂੰ ਦੇਖ ਕੇ ਉਸ ਦੇ ਸਾਥੀਆਂ ਨੇ ਕਿਹਾ ਕਿ ਹੈੱਡਮਾਸਟਰ ਕਿੰਨਾ ਮਜ਼ਾਕੀਆ ਲੱਗ ਰਿਹਾ ਹੈ ਅਤੇ ਇਹ ਕਹਿੰਦਿਆਂ ਹੱਸ-ਹੱਸ ਕੇ ਲੋਟਪੋਟ ਹੋਣ ਲੱਗੇ।
ਸ਼ੰਕਰ ਨੇ ਮਹਾਰਾਜਾ ਕਾਲਜ ਆਫ਼ ਸਾਇੰਸ, ਤ੍ਰਿਵੇਂਦਰਮ ਤੋਂ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਹ ਕਾਨੂੰਨ ਦੀ ਪੜ੍ਹਾਈ ਲਈ ਬੰਬਈ (ਅਜੋਕੀ ਮੁੰਬਈ) ਚਲਾ ਗਿਆ। ਭਾਰਤ ਦੇ ਪੱਛਮੀ ਤੱਟ ‘ਤੇ ਵਿਸ਼ਾਲ ਅਰਬ ਸਾਗਰ ਦੇ ਕੰਢੇ ‘ਤੇ ਸਥਿਤ ਸ਼ਾਨਦਾਰ ਸ਼ਹਿਰ ਬੰਬਈ। ਜਦੋਂ ਸ਼ੰਕਰ ਸੰਨ 1927 ਵਿਚ ਉੱਥੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਇਹ ਸ਼ਹਿਰ ਦੇਸ਼ ਦੇ ਹਰ ਵਰਗ ਅਤੇ ਹਰ ਕੋਨੇ ਤੋਂ ਆਏ ਲੋਕਾਂ ਨਾਲ ਭਰਿਆ ਹੋਇਆ ਸੀ, ਜਿਨ੍ਹਾਂ ਦੀਆਂ ਰਗਾਂ ਅਤੇ ਚੇਤਨਾ ਵਿੱਚ ਆਜ਼ਾਦੀ ਤੋਂ ਪਹਿਲਾਂ ਦੇ ਅੰਦੋਲਨਾਂ ਦਾ ਪ੍ਰਵਾਹ ਚੱਲ ਰਿਹਾ ਸੀ। ਇੱਥੇ ਉਸ ਨੂੰ ਲੋਕਾਂ ਉਪਰ ਚਿੱਤਰ ਬਣਾਉਣ ਲਈ ਚੰਗਾ ਵਿਸ਼ਾ ਮਿਲਣਾ ਸੀ, ਕਿਉਂਕਿ ਕਾਰਟੂਨ ਬਣਾਉਣਾ ਉਸਦਾ ਸ਼ੌਕ ਜੋ ਸੀ। ਸ਼ੰਕਰ ਨੂੰ ਆਜ਼ਾਦੀ ਪ੍ਰਾਪਤ ਕਰਨ ਲਈ ਆਪਣੇ ਦੇਸ਼ ਵਿੱਚ ਹੋਣ ਵਾਲੀ ਉਥਲ-ਪੁਥਲ ਦੀ ਸਥਿਤੀ ਬਾਰੇ ਚੰਗੀ ਤਰ੍ਹਾਂ ਪਤਾ ਸੀ। ਉਸ ਵਿੱਚ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦੀ ਇੱਛਾ ਸੀ ਅਤੇ ਇਸ ਲਈ ਉਸ ਨੇ ਕਾਰਟੂਨ ਬਣਾਉਣ ਦਾ ਮਾਧਿਅਮ ਚੁਣਿਆ। ਉਸ ਨੇ ਉਸ ਸਮੇਂ ਦੀ ਸਿਆਸੀ ਸਥਿਤੀ ਦਾ ਮਜ਼ਾਕ ਉਡਾਇਆ। ਉਸਨੇ ਸਿਆਸਤਦਾਨਾਂ ਅਤੇ ਰਾਸ਼ਟਰੀ ਘਟਨਾਵਾਂ ‘ਤੇ ਕੇਂਦ੍ਰਿਤ ਕਾਰਟੂਨ ਬਣਾਉਣੇ ਸ਼ੁਰੂ ਕਰ ਦਿੱਤੇ। ਜਿਸਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਤਰ੍ਹਾਂ ਕਾਰਟੂਨ ਬਣਾਉਣਾ ਉਸ ਦਾ ਜਨੂੰਨ ਬਣ ਗਿਆ ਅਤੇ ਇਸੇ ਬੰਬਈ ਵਿਚ ਉਸ ਦੀ ਰੋਜ਼ੀ-ਰੋਟੀ ਦਾ ਆਧਾਰ ਬਣਿਆ। ਇਸੇ ਆਧਾਰ ‘ਤੇ ਉਸ ਨੂੰ 1932 ਵਿਚ ‘ਦ ਹਿੰਦੁਸਤਾਨ ਟਾਈਮਜ਼’ ਵਿਚ ਨੌਕਰੀ ਮਿਲ ਗਈ, ਜਿੱਥੇ ਉਹ 1946 ਤੱਕ ਰਿਹਾ।
ਸੁਤੰਤਰਤਾ ਦੇ ਮੁੱਢਲੇ ਵਰ੍ਹਿਆਂ ਵਿੱਚ ਅਖਬਾਰ ਵਿੱਚ ਉਸਦਾ ਯੋਗਦਾਨ ਭਾਰਤੀ ਪੱਤਰਕਾਰੀ ਵਿੱਚ ਇੱਕ ਯਾਦਗਾਰ ਪੜਾਅ ਹੈ। ਸਾਲ 1939 ਦੀ ਗੱਲ ਹੈ, ਜਦੋਂ ਗਾਂਧੀ ਜੀ ਵਰਧਾ ਵਿੱਚ ਸਨ। ਸ਼ੰਕਰ ਉਸ ਮਹਾਨ ਨੇਤਾ ਨੂੰ ਮਿਲਣ ਗਿਆ। ਗਾਂਧੀ ਜੀ ਨੇ ਉਸ ਨੂੰ ਅੰਦਰ ਬੁਲਾਇਆ ਅਤੇ ਪੁੱਛਿਆ, ”ਸ਼ੰਕਰ, ਇੱਕ ਗੱਲ ਈਮਾਨਦਾਰੀ ਨਾਲ ਦੱਸ। ਤੂੰ ‘ਦ ਹਿੰਦੁਸਤਾਨ ਟਾਈਮਜ਼’ ਨੂੰ ਪ੍ਰਸਿੱਧ ਕੀਤਾ ਜਾਂ ‘ਦ ਹਿੰਦੁਸਤਾਨ ਟਾਈਮਜ਼’ ਨੇ ਤੈਨੂੰ? ਜਵਾਬ ਵਿੱਚ ਸ਼ੰਕਰ ਸਿਰਫ ਮੁਸਕਰਾ ਪਿਆ।
ਇੱਕ ਕਾਰਟੂਨ ਸ਼ੰਕਰ ਨੇ ਇੰਗਲੈਂਡ ਵਿੱਚ ਦੂਜੀ ਗੋਲਮੇਜ਼ ਕਾਨਫਰੰਸ ਦੇ ਵਿਲੀਅਮ ਅਤੇ ਤੀਜੀ ਗੋਲਮੇਜ਼ ਕਾਨਫਰੰਸ ਦੇ ਗਠਨ ਉੱਤੇ ਬਣਾਇਆ ਸੀ, ਜਿਸ ਵਿੱਚ ਗਾਂਧੀ ਜੀ ਨੂੰ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਸੀ। ਇਸ ਦਾ ਸਿਰਲੇਖ ਸੀ- ‘ਪੁਲਿਸ ਨੇ ਘੱਟ ਤੋਂ ਘੱਟ ਫੋਰਸ ਨਾਲ ਭੀੜ ਨੂੰ ਖਿੰਡਾਇਆ।’ ਕਾਰਟੂਨ ਵਿੱਚ ਗਾਂਧੀ ਜੀ ਦੀ ਅਗਵਾਈ ਵਿੱਚ ਭਾਰਤੀ ਵਫ਼ਦ ਨੂੰ ਇੱਕ ਭੀੜ ਦੇ ਰੂਪ ਵਿੱਚ, ਸਰ ਸੈਮੂਅਲ ਹੋਰੇ ਨੂੰ ਇੱਕ ਪੁਲਿਸ ਕਰਮਚਾਰੀ ਦੇ ਰੂਪ ਵਿੱਚ ਅਤੇ ਸਰ ਵਿੰਸਟਨ ਚਰਚਿਲ ਨੂੰ ਇੱਕ ਪੁਲਿਸ ਸੁਪਰਡੈਂਟ ਵਜੋਂ ਦਰਸਾਇਆ ਗਿਆ ਸੀ। ਇਸਨੇ ਅਖਬਾਰਾਂ ਦੇ ਸੰਪਾਦਕਾਂ ਅਤੇ ਪਾਠਕਾਂ ਵਿੱਚ ਹਲਚਲ ਮਚਾ ਦਿੱਤੀ ਅਤੇ ਸ਼ੰਕਰ ਦਾ ਨਾਮ ਫਿਰ ਸੁਰਖੀਆਂ ਵਿੱਚ ਆ ਗਿਆ। ਬੰਬਈ ਵਿੱਚ ਰਹਿਣ ਦੌਰਾਨ ਉਹ ਕਲਾ ਦੀ ਪੜ੍ਹਾਈ ਕਰਨ ਲਈ ਲੰਡਨ ਚਲਾ ਗਿਆ। ਉੱਥੇ ਉਸਨੇ ਡਰਾਇੰਗ ਅਤੇ ਪੇਂਟਿੰਗ ਦੇ ਕਈ ਰੂਪ ਸਿੱਖੇ। ਇਸ ਤੋਂ ਬਾਅਦ ਸ਼ੰਕਰ ਨੇ ਬੰਬਈ ਛੱਡ ਦਿੱਤੀ ਅਤੇ ਦਿੱਲੀ ਆ ਕੇ ‘ਹਿੰਦੁਸਤਾਨ ਟਾਈਮਜ਼’ ਵਿੱਚ ਸਟਾਫ਼ ਕਾਰਟੂਨਿਸਟ ਵਜੋਂ ਤਾਇਨਾਤ ਹੋ ਗਿਆ। ਇੱਥੇ ਉਹ ਚੌਦਾਂ ਸਾਲ ਰਿਹਾ। ਇਸ ਤੋਂ ਬਾਅਦ ਉਸ ਨੇ ‘ਦ ਹਿੰਦੁਸਤਾਨ ਟਾਈਮਜ਼’ ਵਿੱਚ ਕਾਰਟੂਨ ਬਣਾਉਣਾ ਛੱਡ ਦਿੱਤਾ ਅਤੇ ਆਪਣਾ ਮੈਗਜ਼ੀਨ ‘ਸ਼ੰਕਰਜ਼ ਵੀਕਲੀ’ ਸ਼ੁਰੂ ਕੀਤਾ। ਇਸ ਤਰ੍ਹਾਂ ਉਸਨੇ ਇੱਕ ਨਵਾਂ ਕੰਮ ਸ਼ੁਰੂ ਕਰਨ ਲਈ ਕਲਮ ਚੁੱਕੀ, ਜੋ ਬੱਚਿਆਂ ਲਈ ਸੁਪਨੇ ਬੁਣਨਾ ਸੀ। ਬੱਚਿਆਂ ਲਈ ਸੁਪਨੇ ਦੇਖਦੇ ਹੋਏ ਉਸ ਨੇ ਇੱਕ ਅਜਿਹੀ ਲਹਿਰ ਚਲਾਈ, ਜਿਸ ਨੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖਰੀ ਪਛਾਣ ਦਿੱਤੀ।
ਸ਼ੰਕਰ ਦੇ ਮਨ ਵਿੱਚ ਹਮੇਸ਼ਾ ਨਵੇਂ ਵਿਚਾਰ ਉਗਮਦੇ ਰਹਿੰਦੇ ਸਨ। ‘ਹੋ ਨਹੀਂ ਸਕਦਾ’ ਦਾ ਸ਼ਬਦ ਉਸ ਦੇ ਸ਼ਬਦਕੋਸ਼ ਵਿਚ ਨਹੀਂ ਸੀ। ਜੋ ਉਹ ਸੋਚਦਾ ਸੀ, ਉਹਨੂੰ ਕਰਨ ਵਿੱਚ ਜੁਟ ਜਾਂਦਾ। ਇਨ੍ਹੀਂ ਦਿਨੀਂ ਜਦੋਂ ਉਹ ਰਾਜਧਾਨੀ ਦੀਆਂ ਵੱਖ-ਵੱਖ ਕਲਾ ਪ੍ਰਦਰਸ਼ਨੀਆਂ ਦੇਖਣ ਜਾਂਦਾ ਸੀ, ਤਾਂ ਉਸ ਨੂੰ ਲੱਗਦਾ ਸੀ ਕਿ ਵੱਖ-ਵੱਖ ਕਲਾਕ੍ਰਿਤੀਆਂ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਇਹ ਗੱਲ ਉਹ ਚਿੱਤਰਕਾਰਾਂ ਨੂੰ ਵੀ ਕਹਿੰਦਾ ਸੀ। ਪਰ ਬਾਅਦ ਵਿਚ ਉਸ ਨੇ ਮਹਿਸੂਸ ਕੀਤਾ ਕਿ ਮੈਂ ਇਨ੍ਹਾਂ ਮਹਾਨ ਸ਼ਖਸੀਅਤਾਂ ਦੇ ਚਿੱਤਰਾਂ ਵਿਚ ਬਹੁਤ ਜ਼ਿਆਦਾ ਕਮੀਆਂ ਨੂੰ ਉਜਾਗਰ ਕਰ ਦਿੱਤਾ ਹੈ। ਹੁਣ ਕਿਉਂ ਨਾ ਇਨ੍ਹਾਂ ਨੂੰ ਉਨ੍ਹਾਂ ਦੀ ਕਿਸਮਤ ‘ਤੇ ਛੱਡ ਦਿੱਤਾ ਜਾਵੇ? ਹੁਣ ਕਿਉਂ ਨਾ ਮੈਂ ਬੱਚਿਆਂ ਵਿੱਚ ਇਸ ਸੰਭਾਵਨਾ ਦੀ ਤਲਾਸ਼ ਕਰਾਂ। ਅਤੇ ਇਹ ਤਾਂ ਹੀ ਹੋ ਸਕਦਾ ਹੈ ਜਦੋਂ ਬੱਚਿਆਂ ਨੂੰ ਛੋਟੀ ਉਮਰ ਵਿੱਚ ਕਲਾ ਵਿੱਚ ਰੁਚੀ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ। ਬੱਚੇ ਸੁੰਦਰ, ਮਾਸੂਮ ਅਤੇ ਪਿਆਰੇ ਹੁੰਦੇ ਹਨ। ਉਹਨਾਂ ਨੂੰ ਹਰ ਚੀਜ਼ ਬਿਹਤਰ ਮਿਲਣੀ ਚਾਹੀਦੀ ਹੈ। ਇੱਥੋਂ ਹੀ 1948 ਵਿੱਚ ਉਸ ਦੇ ਮਨ ਵਿੱਚ ਇੱਕ ਵਿਚਾਰ ਨੇ ਜਨਮ ਲਿਆ ਅਤੇ ਉਹ ਸੀ- ‘ਚਿਲਡਰਨ ਕੰਪੀਟੀਸ਼ਨ ਇਨ ਡਰਾਇੰਗ ਐਂਡ ਰਾਈਟਿੰਗ’ ਦਾ ਐਲਾਨ। ਇਸ ਮੁਕਾਬਲੇ ਲਈ ਉਸਨੇ ਸ੍ਰੀ ਬੀ. ਸੀ. ਸਾਨਿਆਲ ਅਤੇ ਸ਼੍ਰੀ ਕੇ. ਐੱਸ. ਕੁਲਕਰਨੀ ਵਰਗੇ ਕਲਾਕਾਰਾਂ ਦੀ ਇੱਕ ਜਿਊਰੀ ਦਾ ਗਠਨ ਕੀਤਾ। ਜਿਸ ਵਿੱਚ ਸ਼ੰਕਰ ਖੁਦ ਸਰਗਰਮ ਤੌਰ ‘ਤੇ ਸ਼ਾਮਲ ਸੀ। ਇਸ ਪ੍ਰਤੀਯੋਗਤਾ ਵਿੱਚ ਹਜ਼ਾਰਾਂ ਐਂਟਰੀਆਂ ਆਉਣੀਆਂ ਸ਼ੁਰੂ ਹੋ ਗਈਆਂ। ਹਰੇਕ ਐਂਟਰੀ, ਭਾਵੇਂ ਲਿਖਤੀ ਹੋਵੇ ਜਾਂ ਡਰਾਇੰਗ, ਨੂੰ ਪਰਖਿਆ ਜਾਂਦਾ ਅਤੇ ਚੁਣੀਆਂ ਗਈਆਂ ਐਂਟਰੀਆਂ ਨੂੰ ਮੈਡਲ ਅਤੇ ਇਨਾਮ ਦਿੱਤੇ ਜਾਂਦੇ। ਸ਼ੰਕਰ ਨੇ ਆਪਣੇ ਮੈਗਜ਼ੀਨ ‘ਸ਼ੰਕਰਜ਼ ਵੀਕਲੀ’ ਦਾ ਇੱਕ ਅੰਕ ਇਸ ਮੁਕਾਬਲੇ ਲਈ ਕੇਂਦ੍ਰਿਤ ਕਰ ਦਿੱਤਾ। ਉਸਦੀ ਇੱਕ ਕਾਪੀ ਲੰਡਨ ਟਾਈਮਜ਼ ਨੂੰ ਭੇਜੀ। ਇਸ ਤਰ੍ਹਾਂ ਇਹ ਮੁਕਾਬਲਾ ਅੰਤਰਰਾਸ਼ਟਰੀ ਮੰਚ ‘ਤੇ ਆ ਗਿਆ। ਅੱਜ ਵੀ ਇਸ ਨੂੰ ‘ਆਨ ਦ ਸਪਾਟ ਪੇਂਟਿੰਗ ਕੰਪੀਟੀਸ਼ਨ’ ਦੇ ਤੌਰ ‘ਤੇ ਕਰਵਾਇਆ ਜਾਂਦਾ ਹੈ।
ਸ਼ੰਕਰ ਦੇ ਯਤਨਾਂ ਨਾਲ 1957 ਵਿੱਚ ‘ਚਿਲਡਰਨ ਬੁੱਕ ਟਰੱਸਟ’ ਦੀ ਸਥਾਪਨਾ ਹੋਈ, ਜਿਸਦਾ ਉਦਘਾਟਨ ਤਤਕਾਲੀ ਰਾਸ਼ਟਰਪਤੀ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਨੇ ਕੀਤਾ ਸੀ। ਜਿੱਥੇ ਵੱਖ-ਵੱਖ ਗਤੀਵਿਧੀਆਂ ਦੇ ਨਾਲ ਬੱਚਿਆਂ ਨੂੰ ਪੜ੍ਹਨ ਲਈ ਵਿਸ਼ੇਸ਼ ਤੌਰ ‘ਤੇ ਅਜਿਹੇ ਸਾਹਿਤ ਪ੍ਰਕਾਸ਼ਿਤ ਕਰਨ ਦੀ ਯੋਜਨਾ ਸੀ ਜਿਸ ਨੂੰ ਪੜ੍ਹ ਕੇ ਬੱਚੇ ਖੁਸ਼ ਹੋਣਗੇ। ਉਸਦਾ ਵਿਚਾਰ ਸੀ ਕਿ ਕਿਤਾਬਾਂ ਮਨੋਰੰਜਕ, ਚੰਗੀ ਤਰ੍ਹਾਂ ਡਿਜ਼ਾਈਨ ਕੀਤੀਆਂ ਅਤੇ ਆਕਰਸ਼ਕ ਦ੍ਰਿਸ਼ਟਾਂਤਾਂ ਨਾਲ ਸ਼ਿੰਗਾਰੀਆਂ ਹੋਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਸ਼ੰਕਰ ਦਾ ‘ਚਿਲਡਰਨ ਬੁੱਕ ਟਰੱਸਟ’ ਭਾਰਤ ਵਿੱਚ ਬੱਚਿਆਂ ਦੀਆਂ ਕਿਤਾਬਾਂ ਦਾ ਪ੍ਰਮੁੱਖ ਪ੍ਰਕਾਸ਼ਕ ਬਣ ਗਿਆ।
ਇਸ ਤੋਂ ਬਾਅਦ ਸ਼ੰਕਰ ਚੁੱਪ ਨਹੀਂ ਬੈਠਾ। ਉਹ ਮਹਾਨ ਦ੍ਰਿਸ਼ਟੀ ਵਾਲਾ ਆਦਮੀ ਸੀ। ਉਸ ਨੇ ਬੱਚਿਆਂ ਲਈ ਬਹੁਤ ਸਾਰੇ ਸੁਪਨੇ ਬੁਣੇ ਅਤੇ ਉਨ੍ਹਾਂ ਨੂੰ ਸਾਕਾਰ ਕੀਤਾ। ਉਸ ਦੁਆਰਾ ਸ਼ੁਰੂ ਕੀਤਾ ਗਿਆ ਮੁਕਾਬਲਾ ਬਹੁਤ ਪ੍ਰਸਿੱਧ ਹੋਇਆ। ਬੱਚੇ ਅਤੇ ਉਨ੍ਹਾਂ ਦੇ ਮਾਪੇ ਇਸ ਦੀਆਂ ਤਰੀਕਾਂ ਦੀ ਉਡੀਕ ਕਰਦੇ ਰਹਿੰਦੇ ਸਨ। ਉਦੋਂ ਹੀ ਅਜਿਹੀ ਘਟਨਾ ਵਾਪਰੀ ਜਿਸ ਨੇ ਸ਼ੰਕਰ ਨੂੰ ਇਕ ਹੋਰ ਸਫਲਤਾ ਦਿਵਾਈ। ਹੋਇਆ ਇਹ ਕਿ ਹੰਗਰੀ ਦੇ ਤਤਕਾਲੀ ਰਾਜਦੂਤ ਨੇ ਸ਼ੰਕਰ ਨੂੰ ਰਵਾਇਤੀ ਹੰਗਰੀ ਦੇ ਪਹਿਰਾਵੇ ਵਾਲੀ ਮੇਗਯਾਰ ਗੁੱਡੀ ਤੋਹਫੇ ਵਜੋਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੁਕਾਬਲੇ ਵਿੱਚ ਚੁਣੇ ਜਾਣ ਵਾਲੇ ਕਿਸੇ ਵੀ ਬੱਚੇ ਨੂੰ ਇਹ ਇਨਾਮ ਵਜੋਂ ਦੇ ਦੇਣੀ। ਸ਼ੰਕਰ ਇਸ ਗੁੱਡੀ ਨੂੰ ਪ੍ਰਾਪਤ ਕਰਕੇ ਇੰਨਾ ਖੁਸ਼ ਅਤੇ ਪ੍ਰਭਾਵਿਤ ਹੋਇਆ ਕਿ ਉਸ ਨੇ ਪੂਰੀ ਦੁਨੀਆਂ ਤੋਂ ਪਰੰਪਰਾਗਤ ਗੁੱਡੀਆਂ ਇਕੱਠੀਆਂ ਕਰਨ ਅਤੇ ਇੱਕ ਅਜਾਇਬ ਘਰ ਬਣਾਉਣ ਦਾ ਫੈਸਲਾ ਕੀਤਾ। ਸ਼ੰਕਰ ਨੇ ਰਾਜਦੂਤ ਦੀ ਇਜਾਜ਼ਤ ਨਾਲ ਉਸ ਮੇਗਯਾਰ ਗੁੱਡੀ ਨੂੰ ਆਪਣੇ ਕੋਲ ਰੱਖਿਆ ਅਤੇ ਦੇਸ਼-ਵਿਦੇਸ਼ ਜਾ ਕੇ ਗੁੱਡੀਆਂ ਦੇ ਕਈ ਪਰੰਪਰਾਗਤ ਪਹਿਰਾਵੇ ਇਕੱਠੇ ਕੀਤੇ ਅਤੇ ਗੁੱਡੀਆਂ ਦਾ ਸੰਗ੍ਰਹਿ ਬਣਾ ਕੇ ‘ਸ਼ੰਕਰਜ਼ ਇੰਟਰਨੈਸ਼ਨਲ ਡੌਲ ਮਿਊਜ਼ੀਅਮ’ ਬਣਾਇਆ। ਜਦੋਂ ਚਿਲਡਰਨ ਬੁੱਕ ਟਰੱਸਟ ਲਈ ਇਮਾਰਤ ਬਣਾਈ ਜਾ ਰਹੀ ਸੀ ਤਾਂ ਉਸ ਨੇ ਇਸ ਮਿਊਜ਼ੀਅਮ ਲਈ ਇਸ ਦਾ ਇਕ ਹਿੱਸਾ ਬਣਾ ਦਿੱਤਾ, ਜੋ ਅੱਜ ਵੀ ਮੌਜੂਦ ਹੈ। ਇਸ ਮਿਊਜ਼ੀਅਮ ਦੀ ਸ਼ੁਰੂਆਤ ਕਰੀਬ 85 ਦੇਸ਼ਾਂ ਦੀਆਂ ਸਾਢੇ ਛੇ ਹਜ਼ਾਰ ਗੁੱਡੀਆਂ ਨਾਲ ਹੋਈ ਸੀ। ਹੁਣ ਇਨ੍ਹਾਂ ਦੀ ਗਿਣਤੀ ਕਈ ਹਜ਼ਾਰ ਹੈ ਅਤੇ ਇੱਥੇ ਹੀ ਉਨ੍ਹਾਂ ਦਾ ਪਹਿਰਾਵਾ ਵੀ ਤਿਆਰ ਹੁੰਦਾ ਹੈ। ਮੈਗਜ਼ੀਨ ‘ਸ਼ੰਕਰਜ਼ ਵੀਕਲੀ’ ਬੰਦ ਹੋ ਗਿਆ ਸੀ, ਪਰ 1968 ਤੋਂ ਉਸ ਨੇ ਬੱਚਿਆਂ ਲਈ ਸੀ.ਡਬਲਿਊ. (ਚਿਲਡਰਨ ਵਰਲਡ) ਮੈਗਜ਼ੀਨ ਛਾਪਣਾ ਸ਼ੁਰੂ ਕੀਤਾ, ਜੋ ਅਜੇ ਵੀ ਚੱਲ ਰਿਹਾ ਹੈ। 1967 ਵਿਚ ਚਿਲਡਰਨ ਬੁੱਕ ਟਰੱਸਟ ਵਿਚ ਹੀ ਡਾ.ਬੀ.ਸੀ. ਰਾਏ ਮੈਮੋਰੀਅਲ ਚਿਲਡਰਨ ਰੀਡਿੰਗ ਰੂਮ ਅਤੇ ਲਾਇਬ੍ਰੇਰੀ ਦੀ ਸ਼ੁਰੂਆਤ ਹੋਈ।
26 ਦਸੰਬਰ, 1989 ਨੂੰ ਸ਼ੰਕਰ ਦੀ ਮੌਤ ‘ਤੇ ਸ਼ਰਧਾਂਜਲੀ ਵਜੋਂ, 1991 ਵਿੱਚ ‘ਸ਼ੰਕਰਜ਼ ਅਕੈਡਮੀ ਆਫ਼ ਆਰਟ’ ਦੀ ਸਥਾਪਨਾ ਕੀਤੀ ਗਈ, ਜਿੱਥੇ ਆਰਟ, ਬੁੱਕ ਇਲਸਟ੍ਰੇਸ਼ਨ ਅਤੇ ਕੰਪਿਊਟਰ ਗ੍ਰਾਫਿਕਸ ਦਾ ਦੋ ਸਾਲਾ ਕੋਰਸ ਸ਼ੁਰੂ ਕੀਤਾ ਗਿਆ।
ਸ਼ੰਕਰ ਦਾ ਵਿਚਾਰ ਸੀ ਕਿ ਅਧਿਆਪਕਾਂ ਅਤੇ ਵੱਡਿਆਂ ਨੂੰ ਕਦੇ ਵੀ ਬੱਚਿਆਂ ਦੇ ਰਚਨਾਤਮਕ ਕੰਮਾਂ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ। ਉਹਨਾਂ (ਬੱਚਿਆਂ) ਨੂੰ ਖ਼ੁਦ ਆਪਣੀ ਸੂਝ ਦਾ ਪ੍ਰਗਟਾਵਾ ਕਰਨ ਦੇਣਾ ਚਾਹੀਦਾ ਹੈ। ਚਾਹੇ ਉਹ ਡਰਾਇੰਗ ਦਾ ਕੰਮ ਹੋਵੇ ਜਾਂ ਲਿਖਣ ਦਾ। ਬੱਚੇ ਦੁਨੀਆਂ ਦੀਆਂ ਚਿੰਤਾਵਾਂ ਅਤੇ ਉਲਝਣਾਂ ਤੋਂ ਮੁਕਤ ਹੁੰਦੇ ਹਨ। ਜਦੋਂ ਉਨ੍ਹਾਂ ਨੂੰ ਅਜ਼ਾਦ ਛੱਡ ਦਿੱਤਾ ਜਾਂਦਾ ਹੈ, ਤਾਂ ਉਨ੍ਹਾਂ ਦੀ ਕਲਪਨਾ ਅਣਦਿਸਦੇ ਖੇਤਰਾਂ ਵਿੱਚ ਵਿਚਰਦੀ ਹੈ। ਸਾਡੇ ਸਮਾਜਿਕ ਪਾਖੰਡਾਂ ਤੋਂ ਅਛੋਹ ਰਹਿ ਕੇ ਕੇਵਲ ਬੱਚੇ ਹੀ ਮਨੁੱਖਤਾ ਦਾ ਪ੍ਰਗਟਾਵਾ ਕਰ ਸਕਦੇ ਹਨ।
ਸ਼ੰਕਰ ਸ਼ਾਇਦ ਭਾਰਤ ਵਿੱਚ ਸਭ ਤੋਂ ਵੱਧ ਸਨਮਾਨਿਤ ਸ਼ਖਸੀਅਤਾਂ ਵਿੱਚੋਂ ਇੱਕ ਹੈ। ਉਹ ਭਾਵੇਂ ਪ੍ਰਚਾਰ ਤੋਂ ਪਰਹੇਜ਼ ਕਰਨ ਵਾਲਾ ਨਿਮਰ ਅਤੇ ਸਾਦਾ ਵਿਅਕਤੀ ਸੀ, ਪਰ ਪੱਤਰਕਾਰੀ ਅਤੇ ਬਾਲ-ਜਗਤ ਵਿੱਚ ਉਸਦਾ ਯੋਗਦਾਨ ਮਹਿਕ ਵਾਂਗ ਫੈਲ ਰਿਹਾ ਸੀ। ਉਸਨੂੰ ਉਸਦੇ ਕੰਮਾਂ ਲਈ ਭਾਰਤ ਦੇ ਰਾਸ਼ਟਰਪਤੀ ਵੱਲੋਂ 1956 ਵਿੱਚ ‘ਪਦਮ ਸ਼੍ਰੀ’, 1966 ਵਿੱਚ ‘ਪਦਮ ਭੂਸ਼ਣ’ ਅਤੇ 1976 ਵਿੱਚ ‘ਪਦਮ ਵਿਭੂਸ਼ਣ’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਦੇ ਕੰਮ ਵਿਚ ਯੋਗਦਾਨ ਪਾਉਣ ਅਤੇ ਬੱਚਿਆਂ ਦੀ ਕਲਾ ਰਾਹੀਂ ਅੰਤਰਰਾਸ਼ਟਰੀ ਸਮਝ ਵਿਕਸਿਤ ਕਰਨ ਲਈ ਉਸ ਨੂੰ ਦੇਸ਼-ਵਿਦੇਸ਼ ਤੋਂ ਬਹੁਤ ਸਾਰੇ ਸਨਮਾਨ ਮਿਲੇ, ਜਿਨ੍ਹਾਂ ਵਿੱਚ ਪੋਲੈਂਡ ਦਾ ‘ਆਰਡਰ ਆਫ਼ ਸਮਾਈਲ’, ਜਰਮਨੀ ਦਾ ‘ਆਰਡਰ ਆਫ਼ ਦ ਸੇਂਟ ਫਾਰਚੂਨੇਟ’ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹਨ। ਇਸਦੇ ਨਾਲ ਹੀ ਉਸਨੂੰ ਚੈਕੋਸਲੋਵਾਕੀਆ, ਹੰਗਰੀ, ਕੈਨੇਡਾ ਅਤੇ ਅਰਬ ਦੇਸ਼ਾਂ ਦੇ ਸਰਵਉੱਚ ਸਨਮਾਨਾਂ ਨਾਲ ਅਲੰਕ੍ਰਿਤ ਕੀਤਾ ਗਿਆ।
ਬੱਚਿਆਂ ਲਈ ਸ਼ੰਕਰ ਦਾ ਅੰਤਮ ਸੁਪਨਾ ‘ਸ਼ੰਕਰਜ਼ ਸੈਂਟਰ ਫਾਰ ਚਿਲਡਰਨ’ ਹੈ, ਜਿਸ ਨੂੰ ਉਸਦੇ ਮਿਸ਼ਨ ਦੇ ਅੰਤ ਦੀ ਸ਼ੁਰੂਆਤ ਵਜੋਂ ਵੀ ਦੇਖਿਆ ਜਾ ਸਕਦਾ ਹੈ। ਇਹ ਕੇਂਦਰ ਦਿੱਲੀ ਦੇ ਇੱਕ ਸੁੰਦਰ ਚੁਣੇ ਹੋਏ ਖੇਤਰ ਵਿੱਚ ਸਥਾਪਿਤ ਕੀਤਾ ਜਾਣਾ ਹੈ, ਜਿੱਥੇ ਬੱਚਿਆਂ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਪ੍ਰਸਤਾਵ ਹੈ। ਜਿੱਥੇ ਬੱਚੇ ਰੰਗੀਨ ਕਿਤਾਬਾਂ ਦੀ ਦੁਨੀਆਂ ਵਿੱਚ ਲੀਨ ਹੋ ਜਾਣ, ਖੇਡਣ, ਪੜ੍ਹਨ ਅਤੇ ਇੱਕ ਦੂਜੇ ਨਾਲ ਦੋਸਤੀ ਕਰਨ।
ਇਹ 1971 ਦੀ ਗੱਲ ਹੈ ਜਦੋਂ ‘ਇਲਸਟ੍ਰੇਟਿਡ ਵੀਕਲੀ’ ਦੇ ਇੱਕ ਲੇਖ ਵਿੱਚ ਕਿਸੇ ਨੇ ਸ਼ੰਕਰ ਵੱਲੋਂ ਬੱਚਿਆਂ ਲਈ ਦੇਖੇ ਗਏ ਸੁਪਨਿਆਂ ਬਾਰੇ ਲਿਖਿਆ ਸੀ- ‘ਸ਼ੰਕਰ ਵੱਲੋਂ ਚੀਜ਼ਾਂ ਬਾਰੇ ਸੁਪਨੇ ਬੁਣਨਾ ਇੱਕ ਸ਼ੌਕ ਹੈ। ਗੁੱਡੀਆਂ ਇਕੱਠੀਆਂ ਕਰਨ ਦਾ ਜਨੂੰਨ, ਬੱਚਿਆਂ ਲਈ ਚੰਗਾ ਸਾਹਿਤ ਤਿਆਰ ਕਰਨਾ, ਚਿੱਤਰ ਬਣਾਉਣਾ ਅਤੇ ਕਾਰਟੂਨਾਂ ਰਾਹੀਂ ਮਨੁੱਖੀ ਕਮਜ਼ੋਰੀਆਂ ਦਾ ਮਜ਼ਾਕ ਉਡਾਉਣਾ। ਸ਼ੰਕਰ ਸਿਰਫ਼ ਸੁਪਨੇ ਹੀ ਨਹੀਂ ਵੇਖਦਾ ਸੀ, ਸਗੋਂ ਜਦੋਂ ਤੱਕ ਉਹ ਸੁਪਨੇ ਪੂਰੇ ਨਹੀਂ ਹੁੰਦੇ, ਉਹ ਉਨ੍ਹਾਂ ਦਾ ਪਿੱਛਾ ਕਰਦਾ ਰਹਿੰਦਾ ਸੀ।

* ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.