ਇਹਨਾਂ ਦਿਨਾਂ ਵਿਚ ਬਹੁਤ ਥਾਵਾਂ ਤੇ 1984 ਵਿੱਚ ਹੋਏ ‘ਸਾਕਾ ਨੀਲਾ ਤਾਰਾ’ ਦੀ ਯਾਦ ਵਿੱਚ ਕਈ ਸਮਾਗਮ ਕੀਤੇ ਜਾ ਰਹੇ ਹਨ। ਇਹਨਾਂ ਦਿਨਾਂ ਵਿਚ ਹਰਿ ਮੰਦਿਰ ਸਾਹਿਬ ਉਤੇ ਹਮਲਾ ਹੋਇਆ ਅਤੇ ਬਹੁਤ ਸਾਰੇ ਸਿੱਖਾਂ ਦੀਆਂ ਅਨਮੋਲ ਜਾਨਾਂ ਗਈਆਂ। ਸਿੱਖਾਂ ਨੂੰ ਅਤੰਕਵਾਦੀ ਕਹਿ ਕੇ ਬਦਨਾਮ ਕੀਤਾ ਗਿਆ। ਹੁਣ ਇਹਨਾਂ ਸਮਾਗਮਾਂ ਦੋਰਾਨ ਅਸਾਨੂੰ ਇਹ ਸੋਚਣ ਦੀ ਲੋੜ ਹੈ, ਕਿ ਸਿੱਖਾਂ ਦਾ ਇਹ ਨੁਕਸਾਨ ਕਿਉਂ ਹੋਇਆ। ਜਿਸ ਭਾਰਤ ਦੇਸ਼ ਦੀ ਸਵਤੰਰਤਾ ਵਾਸਤੇ ਅਸੀਂ ਸਿੱਖਾਂ ਨੇ ਸਭ ਤੋਂ ਵੱਧ ਸ਼ਹੀਦੀਆਂ ਦਿੱਤੀਆਂ ਅਤੇ ਕਸ਼ਟ ਝੱਲੇ; ਉਸ ਸਾਡੇ ਸਵਤੰਤਰ ਭਾਰਤ ਵਿੱਚ, ਸਾਡੇ ਨਾਲ ਭਾਰਤ ਸਰਕਾਰ ਵਲੋਂ ਹੀ ਦੁਰਵਿਹਾਰ ਕਿਉਂ ਹੋਇਆ? ਮੈਂ ਇਸ ਗੱਲ ਉੱਤੇ ਬਹੁਤ ਵਿਚਾਰ ਕੇ ਇਹ ਨਿਸ਼ਕਰਸ਼ ਕੱਢਿਆ ਹੈ, ਕਿ ਸਾਡੇ ਨਾਲ ਐਸੇ ਅਤਿਆਚਾਰ ਤਾਂ ਹੁੰਦੇ ਹਨ ਕਿਉਂਕਿ ਅਸੀਂ ਗੁਰਬਾਣੀ ਵਿੱਚ ਲਿਖੇ ਨੂੰ ਮੰਨਦੇ ਨਹੀਂ, ਕੇਵਲ ਮੱਥੇ ਟੇਕਦੇ ਹਾਂ।
ਗੁਰਬਾਣੀ ਵਿੱਚ ਲਿਖਿਆ ਹੈ, ਸਿੱਖਾਂ ਨੂੰ ਵਿਚਾਰਵਾਨ ਹੋਣਾ ਚਾਹੀਦਾ ਹੈ “ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ” ਪਰ ਅਸੀਂ ਵਿਚਾਰਨ ਵੱਲ ਤੁਰਦੇ ਹੀ ਨਹੀਂ, ਵਿਚਾਰਵਾਨ ਹੋਣਾ ਤਾਂ ਦੂਰ ਦੀ ਗੱਲ ਹੈ। ਗੁਰਬਾਣੀ ਵਿਚ ਸਿੱਖਾਂ ਵਾਸਤੇ ਦੂਸਰਾ ਆਦੇਸ਼ ਹੈ: ਇਕੱਠੇ ਹੋਵੋ “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ”। ਅਸੀਂ ਇਕੱਠੇ ਤਾਂ ਕੀ ਹੋਣਾ ਹੈ, ਏਕਤਾ ਦੀ ਗੱਲ ਸੁਣਦੇ ਤੱਕ ਨਹੀਂ; ਉਲਟਾ ਹਰ ਸਮੇਂ ਇੱਕ-ਦੂਸਰੇ ਦਾ ਵਿਰੋਧ ਕਰਦੇ ਹਾਂ। ਸਾਰੇ ਸਮਾਗਮਾਂ ਵਿੱਚ ਆਪਾਂ ਹਰਿਮੰਦਿਰ ਸਾਹਿਬ ਅਤੇ ਸਿੱਖਾਂ ਦੇ ਨੁਕਸਾਨ ਦਾ ਦੋਸ਼ ਕਿਸੇ ਉਤੇ ਲਾ ਰਹੇ ਹਾਂ। ਹੈਰਾਨੀ ਦੀ ਗੱਲ ਹੈ: ਜਿਸ ਉੱਤੇ ਦੋਸ਼ ਲਾ ਰਹੇ ਹਾਂ, ਉਸੇ ਤੋਂ ਨਿਆਂ ਦੀ ਮੰਗ ਕਰ ਰਹੇ ਹਾਂ। ਜੋ ਕਿ ਗੁਰਬਾਣੀ ਵਿਚ ਲਿਖੇ ਦਾ ਵਿਰੋਧ ਹੈ। ਗੁਰਬਾਣੀ ਵਿਚ ਲਿਖਿਆ ਹੈ “ਦਦੈ ਦੋਸੁ ਨ ਦੇਉ ਕਿਸੈ ਦੋਸੁ ਕਰੰਮਾ ਆਪਣਿਆ”। ਅਸਾਨੂੰ ਸਿੱਖਾਂ ਨੂੰ ਇਸ ਦੁੱਖਦਾਈ ਘਟਨਾ ਦਾ ਅਸਲੀ ਕਾਰਨ ਲੱਭ ਕੇ, ਉਸ ਕਾਰਨ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਐਸੀਆਂ ਸਮੱਸਿਆਵਾਂ ਦਾ ਪੱਕੇ ਤੌਰ ’ਤੇ ਸਦੀਵੀ ਹੱਲ ਲੱਭਣਾ ਚਾਹੀਦਾ ਹੈ; ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਫਿਰ ਨਾ ਹੋਣ।
1984 ਵਿਚ ਸਿੱਖਾਂ ਦਾ ਨੁਕਸਾਨ ਹੋਣ ਦੇ ਤਿੰਨ ਵੱਡੇ ਕਾਰਨ ਹਨ। ਪਹਿਲਾ ਕਾਰਨ ਹੈ: ਸਿੱਖ ਵਿਚਾਰਵਾਨ ਨਹੀਂ ਸੀ। ਦੂਸਰਾ ਕਾਰਨ: ਸਿੱਖ ਇਕੱਠੇ ਨਹੀਂ ਸਨ। ਤੀਸਰਾ ਕਾਰਨ: ਰਾਜ ਸਿਖਾਂ ਦਾ ਨਹੀਂ ਸੀ। ਚੌਥਾ ਕਾਰਣ: ਸਿੱਖ ਆਖੇ ਜਾਂਦੇ ਸਿੱਖ ਸਰੂਪ ਵਾਲੇ (ਕੇਸ-ਦਾੜ੍ਹੀ ਵਾਲੇ) ਨੇਤਾਵਾਂ ਦੀ ਸੋਚ, ਪੰਥ ਪ੍ਰਤੀ ਸੁਹਿਰਦ ਨਹੀਂ ਸੀ। ਇਹਨਾਂ ਕਾਰਨਾਂ ਕਰਕੇ ਇਹ ਸਾਕਾ ਹੋਇਆ। ਇਸ ਵਾਸਤੇ ਇਹਨਾਂ ਤਿੰਨਾਂ ਕਾਰਨਾ ਨੂੰ ਦੂਰ ਕਰਨ ਲਈ
1. ਸਿੱਖਾਂ ਨੂੰ ਵਿਚਾਰਵਾਨ ਬਣਨ ਦੀ ਲੋੜ ਹੈ।
2. ਸਿੱਖਾਂ ਨੂੰ ਇਕੱਠੇ ਹੋਣ ਦੀ ਲੋੜ ਹੈ।
3. ਆਪਣਾ ਰਾਜ ਸਥਾਪਿਤ ਕਰਨ ਦੀ ਲੋੜ ਹੈ।
4. ਸਿੱਖੀ ਸਰੂਪ ਵਾਲੇ ਸਿੱਖ ਅਖਵਾਉਂਦੇ ਨੇਤਾਵਾਂ ਨੂੰ ਆਪਣੀ ਸੋਚ ਪੰਥ ਪ੍ਰਤੀ ਸੁਹਿਰਦ ਬਣਾਉਣ ਦੀ ਲੋੜ ਹੈ।
ਪ੍ਰਜਾਤੰਤਰ ਦੇ ਯੁੱਗ ਵਿੱਚ ਸਿੱਖਾਂ ਨੂੰ ਆਪਣੀ ਗਿਣਤੀ ਵਧਾਉਣ ਦੀ ਲੋੜ ਹੈ; ਗਿਣਤੀ ਵੱਧੇਗੀ, ਤਾਂ ਹੀ ਸਿੱਖਾਂ ਦਾ ਰਾਜ ਹੋ ਸਕੇਗਾ। ਗਿਣਤੀ ਤਾਂ ਵਧੇਗੀ, ਜੇ ਸਿੱਖ ਆਪਣੀ ਸੋਚ ਵਿੱਚ ਵਿਸ਼ਾਲਤਾ ਲਿਆਉਣਗੇ।
ਸੰਖੇਪ ਵਿੱਚ ਤੱਤ ਦੀ ਗੱਲ ਇਤਨੀ ਹੈ: ਸਿੱਖਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਸਾਰਿਆਂ ਦੇ ਮਨ ਜਿੱਤ ਕੇ ਪਿਆਰ ਨਾਲ ਆਪਣਾ ਰਾਜ ਸਥਾਪਿਤ ਕਰਨਾ ਚਾਹੀਦਾ ਹੈ। ਆਪਸੀ ਵਿਰੋਧ ਛੱਡ ਕੇ, ਆਪਣੀਆਂ ਪਦਵੀਆਂ ਨਾਲੋਂ ਪੰਥ ਨੂੰ ਪਹਿਲ ਦੇਣੀ ਚਾਹੀਦੀ ਹੈ। ਭਾਰਤ ਤੋਂ ਵੱਖਰੇ ਹੋਣ ਦੀ ਗੱਲ ਭੁੱਲ ਕੇ, ਭਾਰਤ ਉੱਤੇ ਰਾਜ ਕਰਨ ਦੀ ਗੱਲ ਸੋਚਣੀ ਚਾਹੀਦੀ ਹੈ। ਅੱਜ ਮਰਨ-ਮਾਰਨ ਦਾ ਯੁੱਗ ਨਹੀਂ। ਇਸ ਲਈ ਇਹ ਸੋਚ ਬਦਲ ਕੇ: ਵਿਦਵਾਨ ਬਣਨ ਦੀ ਲੋੜ ਹੈ, ਵਪਾਰਿਕ ਬੁੱਧੀ ਅਪਨਾਉਣ ਦੀ ਲੋੜ ਹੈ ਅਤੇ ਰਾਜਨੀਤੀ ਵਿਚ ਆਉਣ ਦੀ ਲੋੜ ਹੈ। ਇਹ ਗੱਲਾਂ ਅਪਣਾ ਕੇ ਹੀ ਆਪਣਾ ਰਾਜ ਸਥਾਪਿਤ ਹੋ ਸਕਦਾ ਹੈ। ਪੰਥ ਵਧਾਉਣ ਲਈ ਸਿੱਖ ਦੀ ਪਰਿਭਾਸ਼ਾ ਬਦਲਣ ਦੀ ਲੋੜ ਹੈ: ਸਤਿਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲਾ ਕੇਵਲ ਮਨੁੱਖ ਹੀ ਨਹੀਂ, ਹਰ ਪ੍ਰਾਣੀ ਸਿੱਖ ਹੈ। ਗੁਰਦੁਆਰਿਆਂ ਵਿੱਚ ਵੋਟਾਂ ਨਾਲ ਕਮੇਟੀਆਂ ਚੁਣਨ ਦੀ ਬਜਾਏ ਸਰਬ-ਸੰਮਤੀ ਕਰਨੀ ਅਤੀ ਆਵਸ਼ੱਕ ਹੈ।
ਅੱਜ ਆਪਾਂ ਗੁਰਦੁਆਰਿਆਂ ਵਿੱਚ ਗੋਲਕਾਂ ਅਤੇ ਪਦਵੀਆਂ ਪਿੱਛੇ ਹੀ ਲੜੀ ਜਾਂਦੇ ਹਾਂ; ਤਾਂ ਅਸੀਂ ਆਪਸ ਵਿੱਚ ਲੜ ਕੇ, ਕਿਸੇ ਵੱਡੇ ਖੇਤਰ ਉੱਤੇ ਰਾਜ ਕਿਵੇਂ ਕਰਾਂਗੇ?
ਠਾਕੁਰ ਦਲੀਪ ਸਿੰਘ