ਯੂਨੀਵਰਸਿਟੀ ਵਿੱਚ ਰਿਸਰਚ ਸਕਾਲਰ ਰੱਖੇ ਜਾਣੇ ਸਨ। ਨਵੀਨ ਭਾਵੇਂ ਪ੍ਰਾਈਵੇਟ ਤੌਰ ਤੇ ਪੜ੍ਹਿਆ ਸੀ, ਪਰ ਉਹਦੀ ਮੈਰਿਟ ਸਰਵਸ੍ਰੇਸ਼ਟ ਸੀ। ਉਹਨੂੰ ਇਸ ਲਈ ਚੁਣੇ ਜਾਣ ਦੀ ਸੌ ਪ੍ਰਤੀਸ਼ਤ ਉਮੀਦ ਸੀ। ਇੰਟਰਵਿਊ ਦਾ ਦਿਨ ਆਇਆ। ਸ਼ਾਰਟ ਲਿਸਟ ਪਿੱਛੋਂ ਸਿਰਫ਼ ਚਾਰ ਉਮੀਦਵਾਰ ਬਚੇ ਸਨ। ਸਿਲੈਕਸ਼ਨ ਕਮੇਟੀ ਦੀ ਮੁਖੀ ਇੱਕ ਘੁਮੰਡੀ ਜਿਹੀ ਔਰਤ ਸੀ, ਜਿਸਦਾ ਆਪਣਾ ਇੱਕ ਵਿਦਿਆਰਥੀ ਵੀ ਉਮੀਦਵਾਰ ਸੀ। ਉਹਦੀ ਮੈਰਿਟ ਤਾਂ ਠੀਕਠਾਕ ਸੀ, ਪਰ ਏਨਾ ਜ਼ਰੂਰ ਸੀ ਕਿ ਉਹ ਉਸ ਬੀਬੀ ਦੇ ਅਧੀਨ ਪੀਐਚਡੀ ਕਰ ਰਿਹਾ ਸੀ, ਜਦਕਿ ਨਵੀਨ ਨੇ ਅਜੇ ਰਜਿਸਟ੍ਰੇਸ਼ਨ ਕਰਵਾਉਣੀ ਸੀ। ਇੰਟਰਵਿਊ ਹੋਣ ਤੇ ਬੀਬੀ ਨੇ ਨਵੀਨ ਨੂੰ ਚੁਣ ਲਿਆ ਪਰ ਨਾਲ ਨੋਟਿੰਗ ਦੇ ਦਿੱਤੀ ਕਿ ਜੇ ਤੁਹਾਡੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਤਾਂ ਤੁਸੀਂ ਰਿਸਰਚ ਸਕਾਲਰ ਵਜੋਂ ਵਿਭਾਗ ਵਿੱਚ ਹਾਜ਼ਰ ਹੋ ਜਾਓ। ਨਾਲ ਦੀ ਨਾਲ ਉਹਨੇ ਆਪਣੇ ਵਿਦਿਆਰਥੀ ਨੂੰ ਵੇਟਿੰਗ ਲਿਸਟ ਵਿੱਚ ਰੱਖ ਲਿਆ ਕਿ ਜੇਕਰ ਸਿਲੈਕਟ ਕੀਤਾ ਵਿਦਿਆਰਥੀ ਹਾਜ਼ਰ ਨਹੀਂ ਹੁੰਦਾ ਤਾਂ ਇਸਨੂੰ ਮੌਕਾ ਦਿੱਤਾ ਜਾਏ। ਸਪਸ਼ਟ ਸੀ ਕਿ ਨਵੀਨ ਇਸ ਨੋਟਿੰਗ ਕਰਕੇ ਹਾਜ਼ਰ ਨਹੀਂ ਸੀ ਹੋ ਸਕਦਾ। ਉਹਨੂੰ ਇੱਕ ਸਾਜ਼ਿਸ਼ ਅਧੀਨ ਮੱਖਣ ‘ਚੋਂ ਵਾਲ ਦੀ ਤਰ੍ਹਾਂ ਬਾਹਰ ਕਰ ਦਿੱਤਾ ਗਿਆ ਸੀ।
****
~ ਪ੍ਰੋ. ਨਵ ਸੰਗੀਤ ਸਿੰਘ
navsangeetsingh6957@gmail.com
9417692015.