ਇਹ ਯਾਦ ਮੇਰੇ ਸੰਘਰਸ਼ੀ ਦਿਨਾਂ ਦੀ ਹੈ। 1989-90 ਵਿੱਚ ਮੈਂ ਏਐੱਸ ਕਾਲਜ ਖੰਨਾ ਵਿਖੇ ਅਧਿਆਪਨ ਕਾਰਜ ਕਰ ਰਿਹਾ ਸਾਂ। ਉਨ੍ਹੀਂ ਦਿਨੀਂ ਮੇਰੀ ਰਿਹਾਇਸ਼ ਅਰਬਨ ਐਸਟੇਟ, ਫੇਜ਼-2, ਪਟਿਆਲਾ ਵਿਖੇ ਸੀ। ਉੱਥੋਂ ਹੀ ਮੈਂ ਹਰ ਰੋਜ਼ ਖੰਨਾ ਆਇਆ-ਜਾਇਆ ਕਰਦਾ ਸਾਂ। ਉਦੋਂ ਅਰਬਨ ਐਸਟੇਟ ਬੱਸਾਂ ਨਹੀਂ ਸਨ ਰੁਕਦੀਆਂ। ਆਟੋ ਦੀ ਸਵਾਰੀ ਕਰਨੀ ਪੈਂਦੀ ਸੀ ਜਾਂ ਫਿਰ ਆਪਣੇ ਕੋਲ ਵਹੀਕਲ ਹੋਣਾ ਜ਼ਰੂਰੀ ਸੀ। ਪਰ ਮੇਰੇ ਕੋਲ ਸਿਰਫ਼ ਸਾਈਕਲ ਸੀ, ਜਿਸ ਰਾਹੀਂ ਮੈਂ ਯੂਨੀਵਰਸਿਟੀ ਤੱਕ ਤਾਂ ਆ-ਜਾ ਲੈਂਦਾ ਸਾਂ, ਸ਼ਹਿਰ ਬਹੁਤ ਘੱਟ।
ਖੰਨਾ ਜਾਣ ਲਈ ਘਰੋਂ 7 ਵਜੇ ਚੱਲਣਾ ਪੈਂਦਾ। ਪਹਿਲਾਂ ਪੈਦਲ ਤੁਰ ਕੇ ਮੁੱਖ ਸੜਕ ਤੇ ਪੁੁੱਜਦਾ, ਉੱਥੋਂ ਆਟੋ ਉਡੀਕਦਾ, ਆਟੋ ਤੇ ਸਫ਼ਰ ਕਰਦਾ, ਬੱਸ ਅੱਡੇ ਪੁੱਜਦਾ। ਉਦੋਂ ਬੱਸ ਅੱਡਾ ਹੁਣ ਵਾਲੀ ਥਾਂ ਨਹੀਂ ਸੀ, ਪੁਰਾਣੀ ਥਾਂ ਸੀ, ਯਾਨੀ ਰੇਲਵੇ ਸਟੇਸ਼ਨ ਨੇੜੇ। ਉਦੋਂ ਆਟੋ ਰਾਹੀਂ ਅਰਬਨ ਐਸਟੇਟ ਤੋਂ ਬੱਸ ਅੱਡੇ ਜਾਣ ਲਈ 5/- ਰੁਪਏ ਕਿਰਾਇਆ ਸੀ। ਹੁਣ ਸ਼ਾਇਦ 20/- ਰੁਪਏ ਹੈ।
ਜਦੋਂ ਦੀ ਇਹ ਘਟਨਾ ਹੈ, ਉਨ੍ਹੀਂ ਦਿਨੀਂ ਮੈਂ ਘਰੇ ਇਕੱਲਾ ਰਹਿ ਰਿਹਾ ਸਾਂ। ਮਾਤਾ ਪਿਤਾ ਕਿਧਰੇ ਗਏ ਹੋਏ ਸਨ ਤੇ ਮੇਰਾ ਅਜੇ ਵਿਆਹ ਨਹੀਂ ਸੀ ਹੋਇਆ। ਸਪਸ਼ਟ ਹੈ ਕਿ ਚਾਹ-ਪਾਣੀ ਤੇ ਰੋਟੀ-ਟੁੱਕ ਦਾ ਜੁਗਾੜ ਖੁਦ ਹੀ ਕਰਦਾ ਸਾਂ। ਬੱਸ ਅੱਡੇ ਤੋਂ ਬੱਸ ਲੈ ਕੇ ਖੰਨੇ ਪਹੁੰਚਣਾ, ਫਿਰ ਉੱਥੋਂ ਮਾਛੀਵਾੜੇ ਦੀ ਬੱਸ ਲੈ ਕੇ ਕਾਲਜ ਪਹੁੰਚਣਾ, ਕਿਉਂਕਿ ਕਾਲਜ ਖੰਨਾ-ਮਾਛੀਵਾੜਾ ਸੜਕ ਉੱਤੇ ਸਥਿਤ ਸੀ। ਜੇ ਬੱਸ ਸਮੇਂ ਸਿਰ ਨਾ ਮਿਲਦੀ ਤਾਂ ਕਿਸੇ ਆਟੋ ਦਾ ਸਹਾਰਾ ਲੈਣਾ ਪੈਂਦਾ। ਇਵੇਂ ਹੀ ਕਾਲਜ ਤੋਂ ਵਾਪਸੀ ਵੇਲੇ ਹੁੰਦਾ। ਸਵੇਰੇ 7 ਵਜੇ ਦਾ ਚੱਲਿਆ, ਘਰੇ ਵਾਪਸ 4-5 ਕੁ ਵਜੇ ਥੱਕਿਆ-ਟੁੱਟਿਆ ਮੁੜਦਾ। ਬਹੁਤ ਨੱਸ-ਭੱਜ ਤੇ ਭਕਾਈ ਵਾਲਾ ਮਸਲਾ ਸੀ। ਪਰ ਮੈਂ ਇਹ ਸੰਘਰਸ਼ੀ-ਦੌਰ ਕਰੀਬ 13 ਸਾਲ (ਬਨਵਾਸ ਨਾਲੋਂ ਕੁਝ ਘੱਟ) ਆਪਣੇ ਪਿੰਡੇ ਤੇ ਸਹਾਰਿਆ ਹੈ।
ਗਰਮੀਆਂ ਦੇ ਕਿਸੇ ਦਿਨ ਦੀ ਗੱਲ ਹੈ। ਮੈਂ ਅਰਬਨ ਐਸਟੇਟ ਵਾਲੇ ਘਰ ਨੂੰ ਜਿੰਦਰਾ ਲਾਇਆ, ਚਾਬੀ ਪੈਂਟ ਦੀ ਜੇਬ ‘ਚ ਪਾਈ ਤੇ ਵਾਹੋ-ਦਾਹੀ ਮੇਨ ਰੋਡ ਤੇ ਪੁੱਜਾ। ਚੰਗੇ ਭਾਗਾਂ ਨੂੰ ਉੱਥੇ ਇੱਕ ਆਟੋ ਖੜ੍ਹਾ ਸੀ, ਜੋ ਮੈਨੂੰ ਇਕੱਲੇ ਨੂੰ ਲੈ ਕੇ ਚੱਲ ਪਿਆ। ਮੈਂ ਬੱਸ ਅੱਡੇ ਪੁੱਜ ਕੇ ਆਟੋ ਦਾ ਕਿਰਾਇਆ ਦਿੱਤਾ ਤੇ ਖੰਨੇ ਜਾਣ ਵਾਲੀ ਬੱਸ ਫੜੀ। ਵਾਪਸੀ ਵੇਲੇ ਵੀ ਸੁਖ ਸ਼ਾਂਤੀ ਨਾਲ ਅਰਬਨ ਐਸਟੇਟ ਪੁੱਜ ਗਿਆ। ਪਰ ਘਰ ਨੂੰ ਚੱਲਣ ਤੋਂ ਪਹਿਲਾਂ ਅਚਾਨਕ ਜੇਬ ‘ਚ ਹੱਥ ਮਾਰਿਆ ਤਾਂ ਚਾਬੀ ਗਾਇਬ ਸੀ। ਪੈਂਟ ਤੇ ਕਮੀਜ਼ ਦੀਆਂ ਸਾਰੀਆਂ ਜੇਬਾਂ ਫਰੋਲ ਮਾਰੀਆਂ, ਪਰ ਚਾਬੀ ਹੋਵੇ ਤਾਂ ਮਿਲੇ। ਹੁਣ ਘਰ ਜਾ ਕੇ ਜਿੰਦਰਾ ਕਿਵੇਂ ਖੋਲ੍ਹਾਂਗਾ? ਅਰਬਨ ਐਸਟੇਟ ਦੇ ਅੱਡੇ ਤੇ ਇੱਕ ਸਾਈਕਲ ਪੈਂਚਰ ਵਾਲੇ ਦੀ ਛੋਟੀ ਜਿਹੀ ਦੁਕਾਨ ਸੀ। ਉਹਨੂੰ ਆਟੋ ਵਾਲੇ ਦਾ ਹੁਲੀਆ ਦੱਸ ਕੇ ਉਹਦਾ ਘਰ, ਜੋ ਫੇਜ਼-1 ਵਿੱਚ ਸੀ, ਲੱਭਿਆ। ਉਹ ਉਸ ਵੇਲੇ ਘਰ ਨਹੀਂ ਸੀ। ਅੱਧਾ-ਪੌਣਾ ਘੰਟਾ ਉਹਦੇ ਘਰ ਕੋਲ ਖੜ੍ਹ ਕੇ ਉਡੀਕ ਕੀਤੀ। ਜਦੋਂ ਉਹ ਆਇਆ ਤਾਂ ਸਾਰੀ ਗੱਲ ਦੱਸੀ ਕਿ ਸਵੇਰੇ ਤੁਹਾਡੇ ਆਟੋ ਤੇ ਬੱਸ ਅੱਡੇ ਗਿਆ ਸਾਂ, ਕਿਤੇ ਮੇਰੀ ਚਾਬੀ ਤਾਂ ਆਟੋ ਵਿੱਚ ਨਹੀਂ ਡਿੱਗੀ ਮਿਲੀ? ਉਸ ਦਰਵੇਸ਼ ਬੰਦੇ ਨੇ ਸਾਰੀ ਗੱਲ ਸਹਿਜ ਨਾਲ ਸੁਣ ਕੇ ਦੱਸਿਆ, “ਕੇਵਲ ਚਾਬੀ ਹੀ ਨਹੀਂ, ਸਗੋਂ ਪੰਜਾਹ ਪੈਸੇ ਦਾ ਸਿੱਕਾ ਵੀ ਸੀਟ ਤੇ ਡਿੱਗਿਆ ਮਿਲਿਆ ਸੀ। ਪੰਜਾਹ ਪੈਸੇ ਤਾਂ ਮੈਂ ਗੁਰਦੁਆਰੇ ਦੂਖ ਨਿਵਾਰਨ ਮੱਥਾ ਟੇਕ ਆਇਆ ਹਾਂ ਤੇ ਤੁਹਾਡੀ ਚਾਬੀ ਸੰਭਾਲ ਕੇ ਰੱਖ ਲਈ ਹੈ।” ਇੰਨਾ ਕਹਿ ਕੇ ਉਹ ਘਰ ਅੰਦਰ ਗਿਆ ਤੇ ਮੈਨੂੰ ਚਾਬੀ ਲਿਆ ਕੇ ਦਿੱਤੀ। ਮੈਂ ਵਾਰ ਵਾਰ ਉਹਦਾ ਧੰਨਵਾਦ ਕੀਤਾ। ਜਿੱਥੇ ਪਹਿਲਾਂ ਮੈਂ ਘਰੇ 4-5 ਵਜੇ ਤੱਕ ਪੁੱਜਦਾ ਸਾਂ, ਉਸ ਦਿਨ 7 ਵੱਜ ਗਏ।
ਇਹ ਵੀ ਸੰਭਵ ਸੀ ਕਿ ਉਹ ਚਾਬੀ ਸੁੱਟ ਦਿੰਦਾ ਜਾਂ ਕਹਿ ਦਿੰਦਾ ਕਿ ਕੋਈ ਚਾਬੀ-ਚੂਬੀ ਨਹੀਂ ਮਿਲੀ। ਪਰ ਉਦੋਂ ਚੰਗੇ ਦਿਨ ਸਨ, ਬੰਦੇ ਚੰਗੇ ਸਨ, ਸਿਆਣੇ ਤੇ ਈਮਾਨਦਾਰ ਸਨ। ਅੱਜ ਤਿੰਨ ਦਹਾਕਿਆਂ ਤੋਂ ਵਧੀਕ ਸਮੇਂ ਪਿੱਛੋਂ ਵੀ ਮੈਨੂੰ ਉਸ ਆਟੋ ਵਾਲੇ ਦਰਵੇਸ਼ ਦੀ ਸਿਆਣਪ ਤੇ ਈਮਾਨਦਾਰੀ ਇਨਬਿਨ ਯਾਦ ਹੈ। ਹਾਂ, ਉਸਦਾ ਚਿਹਰਾ ਬਿਲਕੁਲ ਵਿੱਸਰ ਚੁੱਕਿਆ ਹੈ। ਅੱਜਕੱਲ੍ਹ ਜਦ ਵੀ ਘਰੋਂ ਬਾਹਰ ਜਾਂਦਾ ਹਾਂ ਤਾਂ ਚਾਬੀ ਨੂੰ ਬਹੁਤ ਇਹਤਿਆਤ ਨਾਲ ਸੰਭਾਲ ਕੇ ਰੱਖਦਾ ਹਾਂ, ਮਤੇ ਓਹ ਗੱਲ ਨਾ ਵਾਪਰ ਜਾਵੇ!
~ ਪ੍ਰੋ. ਨਵ ਸੰਗੀਤ ਸਿੰਘ
# navsangeetsingh6957@gmail.com
# 9417692015.