ਸਿਖਿਆ ਦੇ ਸੁਧਾਰ ਦੀ ਗੱਲ ਕਿਸੇ ਵੀ ਸਰਕਾਰ ਦੇ ਵਸ ਦੀ ਗੱਲ ਨਹੀਂ । ਗੱਲਾਂ ਕਰਨੀਆਂ ਬੜੀਆਂ ਸੁਖਾਲੀਆਂ ਨੇ ਪਰ ਕਰਕੇ ਵਿਖਾਉਣੀਆਂ ਬੜੀਆਂ ਔਖੀਆਂ ਨੇ ।ਹਰੇਕ ਵਾਰੀ ਸਰਕਾਰਾਂ ਲੋਕਾਂ ਨੂੰ ਲਾਰਿਆਂ ‘ਚ ਭਰਮਾ ਕੇ ਕੁਰਸੀ ਪ੍ਰਾਪਤ ਕਰ ਲੈਂਦੀਆਂ ਹਨ ਪਰ ਪਰਨਾਲਾ ਤਕਰੀਬਨ ਉੱਥੇ ਦਾ ਉੱਥੇ ਹੀ ਰਹਿੰਦਾ ਹੈ । ਪ੍ਰਤੱਖ ਨੂੰ ਪ੍ਰਣਾਮ ਦੀ ਕੀ ਲੋੜ ।ਇਸ ਲੋਕ ਸਭਾ ਚੋਣ ਵਿੱਚ ਵੋਟਰਾਂ ਨੇ ਆਪਣਾ ਕਈ ਥਾਵਾਂ ਤੇ ਗੁੱਸਾ ਜ਼ਾਹਿਰ ਕਰ ਦਿਖਾਇਆ ਹੈ । ਸੋ ਰਾਜਨੀਤਕ ਪਾਰਟੀਆਂ ਨੂੰ ਕੰਧ ਉੱਪਰ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ।ਹੁਣ ਹਾਰੀਆਂ ਪਾਰਟੀਆਂ ਮੰਥਨ ਕਰ ਰਹੀਆਂ ਹਨ ਪਰ ਉਨ੍ਹਾਂ ਨੂੰ ਵੋਟਰਾਂ ਨਾਲ ਅੱਗੇ ਤੋਂ ਮੁਫਤ ਵਾਲੀਆਂ ਗੱਲਾਂ ਤੋਂ ਹਟਕੇ ਰੋਜ਼ਗਾਰ ਦੇਣ ਬਾਰੇ ਸੋਚਣਾ ਚਾਹੀਦਾ ਹੈ । ਪੰਜਾਬ ਅੰਦਰ ਸਿੱਖਿਆਂ ਦਾ ਮੁੱਦਾ ਅਹਿਮ ਹੈ ਜੋ ਕਿ ਨਵੀਂ ਸਰਕਾਰ ਦੇ ਪਹਿਲ ਦੇ ਆਧਾਰ ਉੱਪਰ ਸੁਧਾਰ ਦੇ ਵਾਅਦੇ ਨੂੰ ਵਫਾ ਨਹੀਂ ਹੋ ਰਿਹਾ ਜਦੋਂ ਕਿ ਸਰਕਾਰ ਦਾ ਅੱਧਾ ਸਮਾਂ ਤਕਰੀਬਨ ਬੀਤ ਚੁੱਕਾ ਹੈ ।
ਜੇ ਕਰ ਉਚੇਰੀ ਸਿੱਖਿਆ ਦੀ ਬਦੱਤਰ ਹਾਲਾਤ ਨੂੰ ਛੱਡ ਕੇ ਸਿਰਫ ਸਕੂਲੀ ਸਿੱਖਿਆ ਦੀ ਗੱਲ ਕਰੀਏ ਇਹ ਵੀ ਤਰਸਯੋਗ ਹੈ ।ਨਵੀਂ ਪੰਜਾਬ ਸਰਕਾਰ ਨੇ ਸਿੱਖਿਆ ਦੇ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਸੁਧਾਰ ਕਰਨ ਲਈ ਵਚਨ ਦਿੱਤਾ ਸੀ ਪਰ ਇਹ ਵੀ ਸਰਕਾਰ ਦੇ ਅੱਧੇ ਸਮੇਂ ਨੂੰ ਪਾਰ ਕਰਕੇ ਵੀ ਸਕੂਲਾਂ ਦਾ ਸਟਾਫ ਇੱਕ ਵਾਰੀ ਵੀ ਪੂਰਾ ਨਹੀਂ ਕਰ ਸਕੇ ।ਸਮਾਰਟ ਸਕੂਲ ਤਾਂ ਪਹਿਲੀ ਸਰਕਾਰ ਨੇ ਹੀ ਬਣਵਾਉਣੇ ਸ਼ੁਰੂ ਕਰ ਦਿੱਤੇ ਸੀ ।ਪਰ ਅਜੇ ਤੱਕ ਸਿੱਖਿਆ ਦੇ ਸੁਧਾਰ ਲਈ ਕੋਈ ਨਵੀਂ ਠੋਸ ਨੀਤੀ ਸਾਹਮਣੇ ਨਹੀਂ ਆਈ । ਉਪਰਲੀ ਪੋਚਾ ਪੋਚੀ ਜ਼ਿਆਦਾ ਕੀਤੀ ਜਾ ਰਹੀ । ਕਈ ਸੀਨੀਅਰ ਸੈਕੰਡਰੀ ਸਕੂਲਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਕਿਉਂ ਕਿ ਬਦਲੀਆਂ ਕਾਰਨ ਜਾਂ ਲੈਕਚਰਾਰਾਂ ਦੀ ਸੇਵਾ ਮੁਕਤੀ ਕਾਰਨ ਇਹ ਸਕੂਲ ਲੈਕਚਰਾਰਾਂ ਤੋਂ ਸੱਖਣੇ ਹੋਣ ਕਾਰਨ ਮਾਸਟਰ ਕਾਡਰ ਦੇ ਸੀਨੀਅਰ ਅਧਿਆਪਕ ਹੀ ਸਕੂਲ਼ ਇੰਚਾਰਜ਼ ਦਾ ਕੰਮ ਚਲਾਉਣ ਲਈ ਮਜਬੂਰ ਹਨ । ਇਸ ਦੀ ਮਿਸਾਲ ਸੰਗਰੂਰ ਜਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਝੀ (ਸੰਗਰੂਰ) ਦੀ ਸਾਹਮਣੇ ਹੈ ।ਇਸ ਸਕੂਲ ਵਿੱਚ ਮਾਸਟਰ ਕਾਡਰ ਦੇ ਅਧਿਆਪਕ ਵੀ ਹੁਣ ਥੋੜੀ ਸਰਵਿਸ ਵਾਲੇ ਨਵੀਂ ਭਰਤੀ ਵਾਲੇ ਹੀ ਤਕਰੀਬਨ ਹਨ ।ਇਸ ਸਕੂਲ ਨੂੰ ਇੱਕ ਮਾਸਟਰ ਕਾਡਰ ਦਾ ਅਧਿਆਪਕ ਬਤੌਰ ਇੰਚਾਰਜ ਚਲਾ ਰਿਹਾ ਹੈ , ਉਹ ਬੀ.ਐਲ.ਓ. ਡਿਊਟੀ ਨਿਭਾਉਣ ਦੇ ਨਾਲ ਸਕੂਲ ਮੁੱਖੀ ਦੀਆਂ ਮੀਟਿੰਗਾਂ ‘ਚ ਸਮੂਲੀਅਤ ਕਰਦਾ ਹੈ ਅਤੇ ਸਕੂਲ ਦੀ ਡਾਕ ਨੂੰ ਵੀ ਪੂਰੀ ਕਰਵਾ ਕੇ ਭੇਜਦਾ ਹੈ ।ਸਕੂਲ਼ ਵਿੱਚ ਕੋਈ ਦਰਜਾ ਚਾਰ ਦਾ ਕਰਮਚਾਰੀ ਵੀ ਨਹੀਂ ਸਿਰਫ ਆਰਜ਼ੀ ਕੰਮ ਚਲਾਇਆ ਜਾ ਰਿਹਾ ਹੈ ।ਇਸੇ ਸਾਲ ਸਕੂਲ ਦਾ ਕਲਰਕ ਵੀ ਸੇਵਾ ਮੁਕਤ ਹੋ ਰਿਹਾ ਹੈ ਜਿਸ ਨਾਲ ਸਕੂਲ ਇੰਚਾਰਜ ਹੋਰ ਵੀ ਔਖਾ ਹੋ ਜਾਵੇਗਾ । ਆਪਣੇ ਵਿਸ਼ੇ ਨੂੰ ਤਾਂ ਉਹ ਪੜ੍ਹਾਉਂਦਾ ਹੀ ਹੈ ।ਇਹੋ ਜਿਹੇ ਸਮਾਰਟ ਸਕੂਲਾਂ ਦੀ ਹਾਲਤ ਬੜੀ ਬਦੱਤਰ ਬਣ ਗਈ ਜਿਥੇ ਬੱਚੇ ਦਾਖਲੇ ਲੈ ਕੇ ਪਛਤਾਵਾ ਜਰੂਰ ਪ੍ਰਗਟ ਕਰ ਰਹੇ ਹਨ ।ਇਸ ਤਰ੍ਹਾਂ ਹਾਈ ਵਿਭਾਗ ਅਤੇ ਸੈਕੰਡਰੀ ਵਿਭਾਗ ਦੋਹਾਂ ਦੀ ਪੜ੍ਹਾਈ ਦਾ ਨੁਕਸਾਨ ਹੋਣਾ ਹੈ ।ਹੁਣ ਤਾਂ ਸਿਰਫ ਸਮਾਰਟ ਸਕੂਲ ਦਾ ਬੋਰਡ ਹੀ ਚਮਕਦਾ ਹੈ ਪਰ ਅੰਦਰ ਖੌਖਲਾਪਣ ਹੀ ਹੈ ।ਦੂਜੇ ਪਾਸੇ ਪ੍ਰਾਇਮਰੀ ਸਕੂਲਾਂ ‘ਚ ਇੱਕ ਅਧਿਆਪਕ ਹੀ ਪੰਜ ਕਲਾਸਾਂ ਪੜ੍ਹਾ ਰਿਹਾ ਹੈ, ਇਹ ਵੀ ਅਖਬਾਰਾਂ ਦੀ ਖਬਰਾਂ ਹਨ । ਪੰਜਾਬ ਦੇ ਇਸ ਤਰ੍ਹਾਂ ਦੇ ਕਿੰਨੇ ਹੀ ਅਭਾਗੇ ਸਕੂਲ ਹੋਣਗੇ ਜਿਹੜੇ ਬੱਚਿਆਂ ਦੇ ਭਵਿੱਖ ਲਈ ਸਵਾਲੀਆ ਚਿੰਨ੍ਹ ਬਣੇ ਹੋਏ ਹਨ ।ਸਿੱਖਿਆ ਸੁਧਾਰ ਦੀ ਗੱਲ ਕਰ ਰਹੀ ਸਰਕਾਰ ਵਲੋਂ ਖਾਲੀ ਪੋਸਟਾਂ ਲਈ ਨਵੇਂ ਅਧਿਆਪਕਾਂ ਦੀ ਭਰਤੀ ਕਿਉਂ ਨਹੀਂ ਕੀਤੀ ਜਾ ਰਹੀ , ਜੋ ਕੀਤੀ ਜਾ ਰਹੀ ਹੈ ਉਹ ਅਦਾਲਤੀ ਚੱਕਰਾਂ ‘ਚ ਫਸ ਕੇ ਪੂਰ ਨਹੀਂ ਚੜ੍ਹ ਰਹੀ ਜਿਵੇਂ ਹੁਣੇ ਹੀ ਪੀ.ਟੀ.ਆਈ. ਅਤੇ ਈ.ਟੀ.ਟੀ. ਅਧਿਆਪਕਾਂ ਨਾਲ ਹੋਇਆ ਹੈ । ਭਰਤੀ ਦੀ ਪ੍ਰਕ੍ਰਿਆ ‘ਚ ਕਾਨੂੰਨੀ ਪੱਖਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਹੀ ਕਿਉਂ ਨਹੀਂ ਘੋਖਿਆ ਜਾਂਦਾ ।ਸਕੂਲ ਲੈਕਚਰਾਰਾਂ ਦੀ ਭਰਤੀ ਲਈ ਅਪਲਾਈ ਤਾਂ ਪਿਛਲੇ ਸਾਲਾਂ ਤੋਂ ਕਰਵਾ ਲਿਆ ਹੈ ਪਰ ਵਿਸ਼ਾ ਟੈਸਟ ਹੀ ਨਹੀਂ ਲਿਆ ਜਾ ਰਿਹਾ ।ਕੀ ਸਿੱਖਿਆ ਮੰਤਰੀ ਨੂੰ ਇਹ ਸਾਰੇ ਮਾਮਲੇ ਬਾਰੇ ਪਤਾ ਨਹੀਂ ।
ਹਰੇਕ ਸਾਲ ਛੁੱਟੀਆਂ ਤੋਂ ਬਾਅਦ ਸਕੂਲ਼ ਖੁਲ੍ਹਣ ਨਾਲ ਹੀ ਜਿਨ੍ਹਾਂ ਸਕੂਲਾਂ ‘ਚ ਦਰਜਾ ਚਾਰ ਕਰਮਚਾਰੀ ਨਹੀਂ, ਉਥੇ ਅਧਿਆਪਕਾਂ ਨੂੰ ਸਾਫ ਸਫਾਈ ਅਤੇ ਹੋਰ ਕੰਮ ਕਰਵਾਉਣੇ ਹੁੰਦੇ ਹਨ ਕਿਉਂ ਕਿ ਘਾਹ ਆਦਿ ਦਾ ਵੱਧ ਜਾਣਾ , ਆਲੇ ਦੁਆਲੇ ਦਰੱਖਤਾਂ ਦੇ ਪਤੇ ਆਦਿ , ਮੀਂਹਾਂ ,ਹਨੇਰ੍ਹੀਆਂ ਨਾਲ ਸਕੂਲ ਦੇ ਅਹਾਤੇ ਦਾ ਗੰਦਾ ਹੋ ਜਾਣਾ , ਇਹ ਸਾਰੇ ਕੰਮਾਂ ਦੇ ਨਿਪਟਾਰੇ ਕਿਸ ਤਰ੍ਹਾਂ ਹੋਣੇ ਹਨ ਇਹ ਜਰੂਰ ਅਧਿਆਪਕਾਂ ਲਈ ਸਿਰਦਰਦੀ ਦਾ ਕਾਰਨ ਬਣ ਸਕਦਾ ਹੈ।ਇਨ੍ਹਾਂ ਦਰਜਾ ਚਾਰ ਦੀਆਂ ਖਾਲੀ ਪੋਸਟਾਂ ਤੇ ਕਈ ਦਹਾਕਿਆਂ ਤੋਂ ਕਦੇ ਨਵੀਂ ਨਿਯੁਕਤੀ ਨਹੀਂ ਕੀਤੀ ਗਈ ਸਿਰਫ ਦਰਜਾ ਚਾਰ ਕਰਮਚਾਰੀਆਂ ਦੀ ਸਰਵਿਸ ਦੌਰਾਨ ਮੌਤ ਹੋਣ ਤੇ ਪਰਿਵਾਰਕ ਮੈਂਬਰਾਂ ਦੀਆਂ ਤਰਸ ਦੇ ਆਧਾਰ ਤੇ ਹੀ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ ,ਜਿਨ੍ਹਾਂ ‘ਚੋਂ ਕਈ ਵੱਧ ਯੋਗਤਾ ਕਾਰਨ ਹੋਰ ਆਸਾਮੀ ਤੇ ਨਿਯੁਕਤ ਹੋ ਜਾਂਦੇ ਹਨ।ਇਸ ਤਰ੍ਹਾਂ ਇਨ੍ਹਾਂ ਕੇਸਾਂ ‘ਚ ਵੀ ਆਸਾਮੀ ਬਰਕਰਾਰ ਰਹਿਣ ਦੀ ਸੰਭਾਵਨਾ ਘੱਟ ਹੁੰਦੀ ਹੈ।ਜੇਕਰ ਦਰਜਾ ਚਾਰ ਕਰਮਚਾਰੀ ਸਕੂਲਾਂ ਅੰਦਰ ਹੋਣਗੇ ਤਾਂ ਸਮੇਂ ਸਮੇਂ ਸਿਰ ਉਨ੍ਹਾਂ ਤੋਂ ਸਕੂਲੀ ਇਮਾਰਤ ਦੀਆਂ ਛੱਤਾਂ ਦੀ ਸਫਾਈ ਕਰਵਾਈ ਜਾ ਸਕਦੀ ਜਿਸ ਨਾਲ ਇਮਾਰਤ ਸੁਰੱਖਿਅਤ ਰਹੇਗੀ ਅਤੇ ਜਿਥੇ ਕਿਤੇ ਕੋਈ ਮੁਰੰਮਤ ਦੀ ਲੋੜ ਹੋਵੇਗੀ ਉਹ ਵੀ ਲੱਗੇਗੀ ।ਸੋ ਸਾਰੇ ਸਕੂਲਾਂ ਦੀ ਸਾਂਭ ਸੰਭਾਲ ਅਤੇ ਠੀਕ ਢੰਗ ਨਾਲ ਸਕੂਲ ਚਲਾਉਣ ਲਈ ਚੌਥਾ-ਦਰਜਾ ਕਰਮਚਾਰੀਆਂ ਦੀਆਂ ਸਕੂਲ਼ਾਂ ‘ਚ ਖਾਲੀ ਪਈਆਂ ਪੋਸਟਾਂ ਭਰਨ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਸੀ ਜੋ ਨਹੀਂ ਹੋਈ ਜਿਸ ਕਾਰਨ ਅਣਸੁਖਾਵੀਂਆਂ ਘਟਨਾਵਾਂ ਵਾਪਰਨ ਦਾ ਖਦਸ਼ਾ ਰਹਿੰਦਾ ਹੈ ।ਪਿਛਲੇ ਸਾਲ ਬੱਦੋਵਾਲ ਸਕੂਲ ਦੇ ਹਾਦਸੇ ਤੋਂ ਬਾਅਦ ਸਰਕਾਰ ਨੂੰ ਜਰੂਰ ਸਬਕ ਸਿਖ ਲੈਣਾ ਚਾਹੀਦਾ ਹੈ । ਸਕੂਲ ਮੁੱਖੀ ਸਰੀਰਕ ਤੌਰ ਤੇ ਫਿੱਟ ਫੁਰਤੀਲਾ ਹੋਣਾ ਚਾਹੀਦਾ ਹੈ ਜੋ ਕਿ ਸਾਰੇ ਸਕੂਲ ਅੰਦਰ ਸਮੇਂ ਸਮੇਂ ਸਿਰ ਕਲਾਸਾਂ ਦਾ ਨਿਰੀਖਣ ਕਰਦਾ ਰਹੇ।ਉਸ ਨੂੰ ਸਕੂਲ ਦੀ ਬਿਲਡਿੰਗ ਬਾਰੇ ਪੂਰੀ ਜਾਣਕਾਰੀ ਅਤੇ ਪੁਰਾਣੀਆਂ ਛੱਤਾਂ ਕਦੋਂ ਬਣੀਆਂ ਆਦਿ ਦੀ ਜਾਣਕਾਰੀ ਹੋਣੀ ਚਾਹੀਦੀ ਹੈ,ਕਿਸੇ ਵੀ ਘਾਟ ਨੂੰ ਪੂਰੀ ਕਰਨਾ,ਟੁੱਟ-ਮੁਰੰਮਤ ਆਦਿ ਨੂੰ ਨਾਲੋ ਨਾਲ ਕਰਾਉਣਾ ਚਾਹੀਦਾ ਹੈ।
ਪਰ ਬੱਚਿਆਂ ਦੇ ਪੱਲ੍ਹੇ ਪਹਿਲਾਂ ਨਾਲੋਂ ਘੱਟ ਪੈਂਦਾ ਨਜ਼ਰ ਆ ਰਿਹਾ ਹੈ । ਗਰਮੀ ਅਤੇ ਸਰਦੀ ਜ਼ਿਆਦਾ ਹੋਣ ਤੇ ਸਕੂਲਾਂ ਦਾ ਸਮਾਂ ਹਰ ਸਾਲ ਘਟਾ ਦਿੱਤਾ ਜਾਂਦਾ , ਕਈ ਵਾਰੀ ਜ਼ਿਆਦਾ ਧੁੰਦ ਕਾਰਨ ਵੀ ਛੁੱਟੀਆਂ ਕਰ ਦਿੱਤੀਆਂ ਹਨ ।ਇਸੇ ਤਰ੍ਹਾਂ ਪਿਛਲੇ ਸਾਲ ਹੜ੍ਹਾਂ ਕਾਰਨ ਕਈ ਜਿਲਿ੍ਹਆਂ ਵਿੱਚ ਸਰਕਾਰ ਨੂੰ ਛੁੱਟੀਆਂ ਕਰਨੀਆਂ ਪਈਆਂ । ਪਿਛਲੇ ਸਾਲ ਮੌਸ਼ਮ ਵਿਭਾਗ ਦੇ ਭਾਰੀ ਮੀਂਹ ਦੇ ਅਲਰਟ ਕਾਰਨ ਪਹਿਲੀ ਵਾਰ ਸਰਕਾਰ ਨੇ ਐਡਵਾਂਸ ‘ਚ ਸਾਰੇ ਪੰਜਾਬ ਵਿੱਚ ਛੁੱਟੀਆਂ ਕਰ ਦਿੱਤੀਆਂ ਜਦੋਂ ਕਿ ਬਹੁਤਿਆਂ ਜਿਲਿ੍ਹਆਂ ‘ਚ ਪਾਣੀ ਆਉਣ ਵਾਲੀ ਕੋਈ ਗੱਲ ਨਹੀਂ ਹੋਈ ਪਰ ਕੋਈ ਮੀਂਹ ਵੀ ਨਹੀਂ ਪਇਆ ।ਇਸ ਤਰ੍ਹਾਂ ਦੇ ਫੈਸ਼ਲਿਆਂ ਨਾਲ ਬੱਚਿਆ ਦੀ ਪੜ੍ਹਾਈ ਦਾ ਜਰੂਰ ਨੁਕਸਾਨ ਹੋ ਰਿਹਾ ਹੈ । ਜੇਕਰ ਸਰਕਾਰ ਨੇ ਇਹੋ ਜਿਹਾ ਫੈਸ਼ਲਾ ਕਰਨਾ ਸੀ ਤਾਂ ਮੀਂਹ ਦੇ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਦੇ ਉੱਚ ਅਧਿਕਾਰੀਆਂ / ਸਿੱਖਿਆ ਅਧਿਕਾਰੀਆਂ ਨੂੰ ਹਾਲਾਤ ਅਨੁਸਾਰ ਛੁੱਟੀਆਂ ਐਲਾਨ ਕਰਨ ਦੇ ਅਧਿਕਾਰ ਦੇ ਦੇਣੇ ਸੀ ਨਾ ਕਿ ਸਾਰੇ ਪੰਜਾਬ ‘ਚ ਛੁੱਟੀਆਂ ਕਰਨ ਦਾ ਐਲਾਨ ਕਰਨਾ ਚਾਹੀਦਾ ਸੀ । ਜੇਕਰ ਬਾਰਿਸ਼ ਭਾਰੀ ਹੁੰਦੀ ਹੈ ਤਾਂ ਸਕੂਲਾਂ ‘ਚ ਪਾਣੀ ਇਕ ਦਮ ਤਾਂ ਨਹੀਂ ਆਉਂਦਾ ਸਮਾਂ ਤਾਂ ਜਰੂਰ ਲੱਗੇਗਾ, ਉਦੋਂ ਛੁੱਟੀ ਦਾ ਐਲਾਨ ਕਰ ਦਿੱਤਾ ਜਾਂਦਾ ।ਇਸ ਫੈਸ਼ਲੇ ਪਿੱਛੇ ਵੀ ਗੁੱਝੈ ਭੇਦ ਹੋ ਸਕਦੇ ਨੇ ।ਪੜ੍ਹਾਈ ਦੇ ਘੰਟੇ ਤਾਂ ਪਹਿਲਾਂ ਹੀ ਘੱਟ ਰਹੇ ਹਨ ਪਿਛਲੇ ਸਾਲ ਕਈ ਛੁੱਟੀਆਂ ਐਨ ਮੌਕੇ ਉੱਪਰ ਐਲਾਨ ਕੀਤੀਆਂ ਜਾਦੀਆਂ ਰਹੀਆਂ ਜਿਨ੍ਹਾਂ ਨਾਲ ਪੜ੍ਹਾਈ ਦਾ ਜਰੂਰ ਨੁਕਸਾਨ ਹੁੰਦਾ ਹੈ ।ਐਤਕੀਂ ਗਰਮੀਆਂ ਦੀਆਂ ਛੁੱਟੀਆਂ ਵੀ ਜ਼ਿਆਦਾ ਗਰਮੀ ਕਾਰਨ ਅਚਨਚੇਤ ਸਕੂਲ ਸਮੇਂ ਤੋਂ ਬਾਅਦ ਅਗਲੇ ਦਿਨ ਤੋਂ ਹੀ ਕਰ ਦਿੱਤੀਆਂ । ਬੱਚਿਆਂ ਨੂੰ ਅਧਿਆਪਕ ਛੁੱਟੀਆਂ ਦਾ ਕੰਮ ਵੀ ਨਹੀਂ ਦੇ ਸਕੇ । ਅਗਰ ਦੂਜੇ ਦਿਨ ਦੋ ਘੰਟੇ ਸਵੇਰੇ ਸਕੂਲ ਖੌਲ ਕੇ ਛੁੱਟੀਆਂ ਦਾ ਕੰਮ ਦਿਵਾ ਦਿੱਤਾ ਜਾਂਦਾ ਤਾਂ ਕਿੰਨਾ ਚੰਗਾ ਸੀ । ਜੇਕਰ ਨਵੇਂ ਸਾਲ ਦੇ ਸ਼ੁਰੂ ‘ਚ ਐਲਾਨੀਆਂ ਛੁੱਟੀਆਂ ਪਹਿਲਾਂ ਹੀ ਸੋਚ ਸਮਝ ਕੇ ਕੀਤੀਆਂ ਜਾਣ ਤਾਂ ਜੋ ਕਿਸੇ ਵਿਸ਼ੇਸ਼ ਦਿਨ ਲਈ ਬਾਅਦ ‘ਚ ਛੁੱਟੀ ਨਾ ਕਰਨੀ ਪਵੇ ।
ਇਥੇ ਤਾਂ ਅਸਲੀਅਤ ਕੁਝ ਹੋਰ ਹੀ ਹੈ ਵੱਡੀਆਂ ਵੱਡੀਆਂ ਡੀਂਗਾਂ ਤਾਂ ਮਾਰੀਆਂ ਜਾਂਦੀਆਂ ਰਹੀਆਂ ਹਨ ਪਰ ਹੇਠਲੇ ਪੱਧਰ ਤੇ ਨੀਂਹ ਨੂੰ ਮਜਬੂਤ ਕਰਨ ਲਈ ਅੱਖਾਂ ਮੀਚ ਕੇ ਡੰਗ ਟਪਾਉਣ ਦੀ ਰੀਤ ਨੂੰ ਸਾਇਦ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਅਪਣਾਉਂਦੀ ਨਜ਼ਰ ਆ ਰਹੀ ਹੈ ।ਭਾਵੇਂ ਸਰਕਾਰ ਪਿੰਸੀਪਲਾਂ ਅਤੇ ਹੈਡਮਾਸਟਰਾਂ ਨੂੰ ਸਪੈਸ਼ਲ ਟ੍ਰੇਨਿੰਗ / ਸੈਮੀਨਾਰ ਸਿੱਖਿਆ ਦੇ ਸੁਧਾਰ ਨਾਂ ਹੇਠ ਵਿਦੇਸ਼ ਭੇਜ ਰਹੀ ਹੈ ਪਰ ਇਹ ਸੁਧਾਰ ਅਧਿਆਪਕਾਂ ਦੀ ਘਾਟ ਸਦਕਾ ਨਹੀਂ ਹੋ ਸਕਦਾ , ਜਿਸ ਵੱਲ ਸਰਕਾਰ ਦਾ ਧਿਆਨ ਨਹੀਂ । ਨਵੇਂ ਸ਼ੈਸ਼ਨ ਦੇ ਸ਼ੁਰੂ ਵਿੱਚ ਸਾਰੀਆਂ ਪੋਸਟਾਂ ਦੀ ਭਰਤੀ ਹੋ ਜਾਣੀ ਚਾਹੀਦੀ ਹੈ ਜੇਕਰ ਸਰਕਾਰ ਦੀ ਨੀਅਤ ਸਾਫ ਹੋਵੇ । ਜਿਵੇਂ ਇਸ ਸਰਕਾਰ ਨੇ ਸਿਹਤ ਅਤੇ ਸਿੱਖਿਆ ਦੇ ਸੁਧਾਰ ਨੂੰ ਪਹਿਲ ਦੇ ਆਧਾਰ ਤੇ ਵੱਡੇ ਸੁਧਾਰ ਕਰਕੇ ਭਾਰਤ ‘ਚ ਨਮੂਨੇ ਦਾ ਰਾਜ ਬਣਾਉਣ ਦਾ ਅਹਿਦ ਲਿਆ ਸੀ ਪਰ ਇਹ ਪੂਰਾ ਨਹੀਂ ਹੋਇਆ ਸੋ ਹੁਣ ਵੀ ਵੇਲਾ ਸਾਂਭਣ ਦਾ ਸਮਾਂ ਅਜੇ ਹੈ ।
ਮੇਜਰ ਸਿੰਘ ਨਾਭਾ … ਮੋ:9463553962