ਸਤਨਾਮ ਸਿੰਘ ਸਰਕਾਰੀ ਮਹਿਕਮੇ ਵਿਚ ਇਕ ਉਚ ਅਫ਼ਸਰ ਸੀ। ਉਸ ਦੀ ਇਕ ਹੀ ਲੜਕੀ ਸੀ ਜੋ ਕਿ ਅਮਰੀਕਾ ਦੇ ਇਕ ਸ਼ਹਿਰ ਵਿਚ ਵਿਆਹੀ ਹੋਈ ਸੀ। ਅਤੇ ਉਥੇ ਹੀ ਅਪਣੇ ਸ਼ਹੁਰੇ ਪਰਿਵਾਰ ਵਿਚ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਸੀ। ਸਤਨਾਮ ਸਿੰਘ ਦੀ ਪਤਨੀ ਸਰਕਾਰੀ ਹਾਈ ਸਕੂਲ ਦੀ ਪ੍ਰਿੰਸੀਪਲ। ਉਹ ਬਹੁਤ ਹੀ ਨੇਕ ਤੇ ਸਾਊ ਸੁਭਾਅ ਦੀ ਔਰਤ ਸੀ। ਈਮਾਨਦਾਰੀ ਅਤੇ ਅਨੁਸ਼ਾਸਨ ਵਿਚ ਪਰਿਪੱਕਤਾ ਰੱਖਣ ਵਾਲੀ ਔਰਤ।
ਲਗਭਗ 56 ਸਾਲ ਦੀ ਉਮਰ ਵਿਚ ਸਤਨਾਮ ਸਿੰਘ ਦੀ ਪਤਨੀ ਕੈਂਸਰ ਦੀ ਬਿਮਾਰੀ ਹੋਣ ਕਰਕੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ। ਸਤਨਾਮ ਸਿੰਘ ਹੁਣ ਇਕੱਲਾ ਰਹਿ ਗਿਆ ਸੀ। ਉਸ ਕੋਲ ਨੌਕਰ ਚਾਕਰ, ਵੱਡੀ ਕੋਠੀ, ਕਾਰ ਆਦਿ ਜੀਵਨ ਦੀਆਂ ਸਭ ਸਹੂਲਤਾਂ ਤਾਂ ਸਨ ਪਰ ਇਕੱਲਾਪਣ ਉਸ ਦੀ ਜਿੰਦਗੀ ਨੂੰ ਉਦਾਸ ਕਰਨ ਲੱਗਾ। ਏਡੀ ਵੱਡੀ ਕੋਠੀ ਵਿਚ ਇਕੱਲਾ ਰਹਿਣਾ ਕੋਈ ਸੌਖਾ ਕੰਮ ਨਹੀਂ ਸੀ। ਇਕੱਲਤਾ ਮਨੁੱਖ ਦਿਮਾਗ਼ੀ ਦਵੰਦ ਵਿਚ ਵਾੜ ਦਿੰਦੀ ਹੈ ਅਤੇ ਦਿਮਾਗ਼ੀ ਸੰਤੁਲਿਨ ਵੀਂ ਵਿਗੜ ਦਿੰਦੀ ਹੈ।
ਕੁਝ ਸਾਲਾਂ ਦੇ ਬਾਅਦ ਸਤਨਾਮ ਸਿੰਘ ਸੇਵਾ ਮੁਕਤ ਹੋ ਗਿਆ। ਇਸ ਕਰਕੇ ਉਹ ਹੋਰ ਵੀ ਇਕੱਲਾ ਹੋ ਗਿਆ। ਭਾਵੇਂ ਉਸ ਨੇ ਕਈ ਸਮਾਜ ਸੇਵੀ ਰੁਝੇਵੇਂ ਅਪਣਾ ਲਏ ਸਨ ਪਰ ਘਰ ਦੀ ਇਕੱਲਤਾ ਆਦਮੀ ਨੂੰ ਘੁਣ ਵਾਂਗ ਭੋਰਾ-ਭੋਰਾ ਕਰਕੇ ਭੋਰ ਦਿੰਦੀ ਹੈ।
ਇਕ ਦਿਨ ਅਮਰੀਕਾ ਚੋਂ ਉਸ ਦੀ ਬੇਟੀ ਅਤੇ ਦਾਮਾਦ ਦਾ ਫ਼ੋਨ ਆਇਆ ਕਿ ਪਾਪਾ, ਅਸੀਂ ਤੁਹਾਡੇ ਨਾਲ ਇਕ ਜ਼ਰੂਰੀ ਗੱਲ ਕਰਨੀਆਂ। ਗੱਲ ਤਾਂ ਕਰਨੀ ਏ ਜੇ ਤੁਸੀ ਸਾਡਾ ਕਹਿਣਾ ਮੰਨ ਲੋਵੇਗੇ ਤਾਂ, ਪਾਪਾ, ਕੀ ਤੁਸੀ ਸਾਡਾ ਕਹਿਣਾ ਮੰਨ ਲਵੋਗੇ ਤਾਂ ਤੁਸੀ ਪਰਾਂਮਿਸ ਕਰੋ ਕਿ ਸਾਨੂੰ ਨਾਹ ਨਹੀਂ ਕਰੋਗੇ।
ਸਤਨਾਮ ਸਿੰਘ ਨੇ ਬੜੀ ਹਲੀਮੀ ਪੂਰਵਕ ਅੰਦਾਜ਼ ਵਿਚ ਕਿਹਾ, ਮੇਰੇ ਪਿਆਰੇ ਬੇਟੇ, ਤੁਹਾਡੇ ਨਾਲ ਹੀ ਮੇਰਾ ਸਾਰਾ ਜਹਾਨ ਹੈ, ਤੁਹਾਡੇ ਤੋਂ ਸਿਵਾਏ ਇਸ ਦੁਨੀਆਂ ਵਿਚ ਮੇਰਾ ਕੋਣ ਏਂ? ਮੈਂ ਵਾਅਦਾ ਕਰਦਾ ਹਾਂ ਕਿ ਮੈਂ ਅਪਣੀ ਬੇਟੀ ਦੀ ਹਰ ਖ਼ਵਾਹਿਸ਼ ਪੂਰੀ ਕਰ ਸਕਾਂ, ਬੇਟੇ ਤੁਸੀ ਜੋ ਵੀ ਕਵੋ ਮੈਂ ਤੁਹਾਡੀ ਹਰ ਗੱਲ ਮੰਨ ਲਵਾਂਗਾ, ਹੋਰ ਦੱਸੋ ਬੇਟੇ, ਤੁਸੀ ਹਕਮ ਕਰੋ?
“ਨਹੀਂ, ਪਾਪਾ ਜੀ ਹੁਕਮ ਨਹੀਂ, ਇਕ ਹੱਥ ਜੋੜ ਕੇ ਸਾਡੀ ਬੇਨਤੀ ਹੈ ਕਿ….. ਪਾਪਾ ਜੀ…..ਪਾਪਾ ਜੀ।”
“ਹਾਂ, ਹਾਂ ਬੇਟੇ ਦੱਸੋ? ਕੀ ਗੱਲ ਏ? ਪਾਪਾ…ਪਾਪਾ ਬੇਟੀ ਨੇ ਝਿਜਕਦੇ ਝਿਜਕਦੇ ਹੌਲੀ ਜਿਹੀ ਕਿਹਾ।”
ਹਾਂ, ਬੇਟੇ ਗੱਲ ਤਾਂ ਕਰੋ, ਕੀ ਗੱਲ ਏ? ਤੁਸੀ ਘਬਰਾਏ ਹੋਏ ਕਿਉ ਹੋ? ਏਸ ਤਰ੍ਹਾਂ ਕਦੀ ਵੀ ਮੇਰੇ ਨਾਲ ਅਜ ਤਕ ਤੁਸੀ ਗੱਲ ਨਹੀਂ ਕੀਤੀ, ਜਿਸ ਤਰ੍ਹਾਂ ਝਕਦੇ ਹੋਏ, ਸ਼ਰਮਾ ਦੇ ਹੋਏ ਘਬਰਾਹਟ ਵਿੱਚ ਗੱਲ ਕਰ ਰਹੇ ਹੋ, ਬੇਟਾ, ਜਲਦੀ ਦੱਸੋ ਆਖ਼ਿਰ ਬੇਟੇ ਗੱਲ ਹੈ ਕੀ?
“ਪਾਪਾ, ਅਸੀਂ ਇਕ ਗੱਲ ਕਹਿਣਾ ਚਾਹੁੰਦੇ ਹਾਂ।”
“ਬੇਟੇ, ਕੋਈ ਗੱਲ ਦੱਸੋ ਵੀ ਤਾਂ ਸਹੀ। ਗੱਲ ਹੈ ਕੀ? ਜਿਹੜੀ ਏਨੀ ਭੁਲ ਭੁਲੱਈਆਂ ਵਿਚ ਹੈ, ਸਹਿਜ ਵਿਚ ਨਹੀਂ ਕੀਤੀ ਜਾ ਸਕਦੀ। ਦਸੋਂ ਕੀ ਗੱਲ ਏ?”
ਪਾਪਾ, ਅਸੀਂ ਕਹਿਣਾ ਚਾਹੁੰਦੇ ਹਾਂ ਕਿ ਘਰ ਵਿਚ ਤੁਸੀ ਇਕੱਲੇ ਰਹਿੰਦੇ ਹੋ, ਏਡੀ ਵੱਡੀ ਕੋਠੀ ਹੈ, ਨੌਕਰ ਚਾਕਰ ਹਨ, ਏਨੀਂ ਸ਼ਹਿਰ ਵਿਚ ਪ੍ਰਾਪਰਟੀ ਹੈ। ਅਮਰੀਕਾ ਤੁਸੀ ਆਉਣਾ ਨਹੀਂ ਚਾਹੁੰਦੇ। ਕਿਵੇਂ ਟਾਈਮ ਪਾਸ ਕਰਦੇ ਹੋਵੋਗੇ, ਤੁਹਾਡਾ ਖਿਆਲ ਕੌਣ ਰੱਖ ਸਕਦਾ ਹੈ? ਮੰਮਾਂ ਤੋਂ ਬਗੈਰ ਤੁਸੀ ਕਿਵੇਂ ਸਮਾਂ ਬਤੀਤ ਕਰਦੇ ਹੋ? ਮੰਮਾ ਤੁਹਾਡੀ ਹਰ ਖ਼ਾਹਿਸ਼, ਹਰ ਗੱਲ ਦਾ ਖ਼ਿਆਲ ਰੱਖਦੇ ਸੀ, ਨਿੱਕੀ ਨਿੱਕੀ ਗੱਲ ਦਾ ਖ਼ਿਆਲ ਰੱਖਦੇ ਸੀ। ਸਮੇਂ ਸਿਰ ਖਾਣਾ ਦੇਣਾ, ਨੁਹਾਉਣ ਦਾ ਸਾਮਾਨ ਦੇਣਾ, ਪੱਗ ਦੀ ਪੂਣੀ ਕਰਵਾਉਣੀ, ਤੁਹਾਡੀ ਹਰ ਗੱਲ ਦਾ ਖਿਆਲ ਰੱਖਦੇ ਸੀ। ਮੰਮਾ ਨਾਲ ਤੁਸੀ ਸਾਡੇ ਕੋਲ ਘੁੰਮਣ ਆ ਜਾਂਦੇ ਸੀ। ਹੁਣ ਸਾਡੇ ਕੋਲ ਤੁਸੀ ਆਉਣਾ ਵੀਂ ਨਈਂ ਚਾਹੁੰਦੇ, ਕੀਤਾ ਕੀਤਾ ਜਾਵੇ ਪਾਪਾ?
ਉਹ ਪੁੱਤਰ ਹੌਲੀ, ਹੌਲੀ ਸਭ ਕੁਝ ਠੀਕ ਹੋ ਜਾਂਦਾ ਏ, ਇਹ ਜੀਵਨ ਹੈ ਪੁੱਤਰ, ਇਕ ਨਾ ਇਕ ਦਿਨ ਤਾਂ ਜਾਣਾ ਹੀ ਹੈ, ਨੌਕਰ ਚਾਕਰ ਹਨ। ਮੈਂ ਲਾਇਬ੍ਰੇਰੀ ਚਲਿਆ ਜਾਂਦਾ ਹਾਂ, ਕਲੱਬ ਚਲਿਆ ਜਾਂਦਾ ਹਾਂ, ਸਮਾਜ ਸੇਵੀ ਸੰਸਥਾਵਾਂ ਨਾਲ ਜੁੜਿਆ ਹੋਇਆ ਹਾਂ। ਟਾਈਮ ਪਾਸ ਹੋ ਰਿਹਾ ਹੈ ਏ ਬਸ, ਵਧੀਆ।
ਪਰ, ਪਾਪਾ, ਉਹ ਤਾਂ ਠੀਕ ਏ, ਪਰ ਘਰ ਵਿਚ ਆਉਂਦੇ ਹੋ ਤਾਂ ਫਿਰ ਕਿਵੇਂ ਟਾਈਮ ਪਾਸ ਕਰਦੇ ਹੋ? ਕਈ ਕੰਮ ਆਪ ਖੁਦ ਕਰਦੇ ਹੋ। ਤੁਹਾਡੇ ਕਮਰਿਆਂ ਵਿਚ ਨੌਕਰਾਂ ਦੀ ਦਖਲ ਅੰਦਾਜ਼ੀ ਨਹੀਂ ਹੈ। ਛੋਟੇ-ਛੋਟੇ ਕਮ ਪਾਪਾ, ਮੰਮਾਂ ਦੀ ਯਾਦ ਦਿਲਾਂਦੇ ਹੋਣਵਗੇ। ਏਨੀ ਲੰਬੀ ਉਮਰ ਦਾ ਸਫਰ ਕਿਵੇਂ ਤੈਅ ਕਰੋਗੇ, ਪਾਪਾ।
ਪਰ, ਪੁੱਤਰ ਹੋਰ ਕੀ ਕੀਤਾ ਜਾ ਸਕਦਾ ਏ ਫਿਰ, ਤੁਸੀ ਮੇਰੀ ਚਿੰਤਾ ਨਾ ਕਰੋ, ਹੌਲੀ-ਹੌਲੀ ਸਭ ਠੀਕ ਹੋ ਜਾਵੇਗਾ। ਸਮੇਂ ਨਾਲ ਸਮਝਾਉਤਾ ਕਰਨਾ ਹੀ ਇੰਨਸਾਨੀਅਤ, ਲੰਬੀ ਉਮਰ ਦਾ ਰਾਜ਼ ਹੈ ਪੁੱਤਰ। ਆਦਮੀ ਦਾ ਸੁਭਾਅ ਹੌਲੀ ਹੌਲੀ ਵਾਤਾਵਰਣ ਦੇ ਅਨੁਕੂਲ ਹੋ ਜਾਂਦਾ ਹੈ। ਆਦਮੀ ਆਪਣੀ ਪਤਨੀ ਦੀਆਂ ਯਾਦਾਂ ਤਾਂ ਨਹੀਂ ਭੁਲਾ ਸਕਦਾ ਪਰ ਕੀਤਾ ਵੀ ਕੀ ਜਾ ਸਕਦਾ ਹੈ?
‘‘ਪਰ, ਪਾਪਾ, ਅਸੀ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦੇ ਹਾਂ?’’
‘‘ਉਹ ਪੁੱਤਰ, ਕੋਈ ਗੱਲ ਤਾਂ ਦੱਸੋ? ਐਸੀ ਹੋਰ ਕਿਹੜੀ ਗੱਲ ਹੈ?’’
‘‘ਪਾਪਾ, ਤੁਸੀ ਸ਼ਾਦੀ ਕਰ ਲਵੋ! ਅਸਾਂ ਦੋਵਾਂ ਨੇ ਫ਼ੈਸਲਾ ਲਿਆ ਹੈ ‘‘ਕਿ ਤੁਸੀ ਸ਼ਾਦੀ ਕਰ ਲਵੋ ਤਾਂ ਕਿ ਤੁਹਾਡਾ ਜੀਵਨ ਸਹੀ ਢੰਗ ਨਾਲ ਬਤੀਤ ਹੋ ਸਕੇ। ਪਾਪਾ, ਅਸੀਂ ਤੁਹਾਡੇ ਕੋਲੋਂ ਕੁਝ ਨਈ ਲੈਣਾ ਚਾਹੁੰਦੇ। ਜਾਇਦਾਦ, ਪੈਸਾ ਸਾਡੇ ਕੋਲ ਬਹੁਤ ਏ, ਪਰਮਾਤਮਾ ਦੀ ਕਿਰਪਾ, ਤੁਹਾਡਾ ਆਸ਼ੀਰਵਾਦ ਏ, ਸਾਡੇ ਕੋਲ ਬਹੁਤ ਕੁਝ ਏ। ਪਲੀਜ਼, ਪਾਪਾ, ਤੁਸੀਂ ਸ਼ਾਦੀ ਕਰ ਲਵੋ। ਅਸੀਂ ਅਗਲੇ ਮਹੀਨੇ ਇੰਡੀਆ ਆ ਰਹੇ ਹਾਂ। ਬੈਠ ਕੇ ਸਾਰੀ ਯੋਜਨਾ ਬਣਾਵਾਂਗੇ।’’
‘‘ਬੇਟਾ, ਸ਼ਾਦੀ-ਵਾਦੀ ਹੁਣ ਕੀ ਕਰਨੀ ਏ। ਪੁੱਤਰ ਇਸ ਉਮਰ ਵਿਚ ਮੇਰੇ ਨਾਲ ਕੌਣ ਸ਼ਾਦੀ ਕਰੇਗਾ?
‘‘ਨਹੀਂ, ਪਾਪਾ, ਅਸੀਂ ਆ ਕੇ ਬਾਕੀ ਗੱਲ ਕਰਾਂਗੇ।’’
ਅਗਲੇ ਮਹੀਨੇ ਸਤਨਾਮ ਸਿੰਘ ਦੀ ਬੇਟੀ, ਉਸ ਦਾ ਦਾਮਾਦ ਅਤੇ ਇੱਕ ਉਨ੍ਹਾਂ ਦਾ ਬੱਚਾ ਇੰਡਆ (ਘਰ) ਆ ਗਏ। ਬੈਠ ਕੇ ਕਈ ਯੋਜਨਾਵਾਂ ਬਣਾਈਆਂ ਗਈਆਂ। ਸਤਨਾਮ ਸਿੰਘ ਦਾ ਮਨ ਪੱਕਾ ਬਣਾ ਦਿੱਤਾ ਕਿ ਉਹ ਸ਼ਾਦੀ ਕਰ ਲਵੇਗਾ ਅਗਰ ਕੋਈ ਸਹੀ-ਢੁਕਵਾ ਰਿਸ਼ਤਾ ਮਿਲ ਗਿਆ ਤਾਂ।’’
ਸਤਨਾਮ ਸਿੰਘ ਦੀ ਬੇਟੀ ਅਤੇ ਦਾਮਾਦ ਨੇ ਵੱਖ-ਵੱਖ ਅਖ਼ਬਾਰਾਂ ਵਿਚ ਕਲਾਸੀਫਾਈਡ ਇਸ਼ਤਿਹਾਰ ਦੇ ਦਿੱਤਾ। ਜਿਸ ਵਿਚ ਸਾਰੀਆਂ ਸ਼ਰਤਾਂ ਲਿਖੀਆਂ ਹੋਈਆਂ ਸਨ।
ਲਗਭਗ ਇਕ ਹਫ਼ਤੇ ਦੇ ਬਾਅਦ ਇਕ ਔਰਤ ਦਾ ਫ਼ੋਨ ਆਇਆ ਉਸ ਨੇ ਕਿਹਾ, ‘‘ਕਿ ਮੈਂ ਤੁਹਾਡੇ ਨਾਲ ਮਿਲ ਕੇ ਗੱਲ ਕਰਨਾ ਚਾਹੁੰਦੀ ਹਾਂ।’’ ਸਮਾਂ ਤੈਅ ਕਰ ਲਿਆ ਗਿਆ।
ਠੀਕ ਸਮੇਂ ਦੇ ਮੁਤਾਬਿਕ ਉਹ ਔਰਤ ਅਪਣੀ ਕਾਰ ਵਿਚ ਇਕ ਕਿਸ਼ੋਰ ਅਵਸਥਾ ਦੀ ਲੜਕੀ ਅਪਣੀ ਧੀ ਨਾਲ ਸਤਨਾਮ ਸਿੰਘ ਦੇ ਘਰ ਆ ਗਈ।
ਉਹਨਾਂ ਉਸ ਔਰਤ ਅਤੇ ਉਸ ਦੀ ਬੇਟੀ ਦੀ ਖ਼ੂਬ (ਆਓ ਭਗਤ) ਸਵਾਗਤ ਕੀਤਾ।
ਉਸ ਔਰਤ ਨੇ ਅਪਣੇ ਬਾਰੇ ਦਸਦਿਆਂ ਕਿਹਾ, ਕਿ ਮੈਂ ਤੁਹਾਡੀ ਸਾਰੀਆਂ ਸ਼ਰਤਾਂ ਪੜ੍ਹ ਲਈਆਂ ਹਨ ਪਰ ਮੇਰੀਆਂ ਵੀ ਕੁੱਝ ਸ਼ਰਤਾਂ ਹਨ।
ਉਹ ਔਰਤ ਇਕ ਕਾਲਿਜ ਵਿੱਚੋਂ ਪਿ੍ਰੰਸੀਪਲ, ਇਸ ਵਰ੍ਹੇ ਹੀ ਸੇਵਾ ਮੁਕਤ ਹੋਈ ਸੀ, ਉਸ ਦਾ ਪਤੀ ਫ਼ੌਜ ਵਿਚ ਅਫ਼ਸਰ ਸੀ ਤੇ ਉਹ ਕੁੱਝ ਸਾਲ ਪਹਿਲਾਂ ਹੀ ਅੱਤਵਾਦੀਆਂ ਦੇ ਕਾਊਟਰ ਸਮੇਂ ਸ਼ਹੀਦ ਹੋ ਗਿਆ ਸੀ। ਉਸ ਦੀ ਇਕ ਹੀ ਲੜਕੀ ਹੈ ਜੋ ਵਿਆਹੁਣ ਵਾਲੀ ਹੈ। ਉਸ ਔਰਤ ਨੇ ਕਿਹਾ, ‘‘ਜੇ ਸਾਡੀ ਸ਼ਾਦੀ ਹੋ ਜਾਏ ਤਾਂ ਇਹ ਲੜਕੀ ਸਾਡੇ ਨਾਲ ਹੀ ਰਵੇਗੀ। ਜੇ ਤੁਸੀ ਮੇਰੀ ਲੜਕੀ ਨੂੰ ਵੀ ਧੀ ਵਾਂਗ ਹੀ ਅਪਣਾ ਲਵੋ ਤਾਂ ਮੈਂ ਇਸ ਰਿਸ਼ਤੇ ਲਈ ਤਿਆਰ ਹਾਂ। ਮੇਰੇ ਕੋਲ ਸਭ ਸਹੂਲਤਾਂ ਹਨ।
ਆਖ਼ਿਰ ਸਤਨਾਮ ਸਿੰਘ ਨੇ ਉਸ ਬੇਟੀ ਨੂੰ ਅਪਣੇ ਗਲੇ ਲਗਾਇਆ ਅਤੇ ਕਿਹਾ, ‘‘ਬੇਟੇ, ਅਜ ਮੇਰੀਆਂ ਦੋ ਧੀਆਂ ਹਨ, ਬੇਟੇ ਮੈਨੂੰ ਅਪਣਾ ਬਾਪ ਹੀ ਸਮਝਦਾ। ਮੇਰੀ ਧੀ ਵਾਂਗ ਹੀ ਤੁਸੀ ਮੇਰੀ ਦੂਸਰੀ ਧੀ ਹੋ। ਪਰਮਾਤਮਾ ਨੇ ਮੈਨੂੰ ਦੂਸਰੀ ਧੀ ਇਕ ਸੁੰਦਰ ਉਪਹਾਰ ਵਿਚ ਦਿੱਤੀ ਹੈ। ਮੈਂ ਇਸ ਦੀ ਸ਼ਾਦੀ ਅਪਣੀ ਧੀ ਵਾਂਗ ਹੀ ਕਰਾਂਗਾ।’’
ਉਹ ਲੜਕੀ ਉੱਚੀ-ਉੱਚੀ ਬੁਸਕ-ਬੁਸਕ ਕੇ ਰੋਣ ਲੱਗ ਪਈ ਅਤੇ ਉਹ ਔਰਤ ਵੀ ਰੋਣ ਲੱਗ ਪਈ। ਸਾਰਾ ਮਾਹੌਲ ਖੁਸ਼ੀਨੁਮਾ ਹੰਝੂਆਂ ਵਿਚ ਨਵੀਂ ਜ਼ਿੰਦਗੀ ਦੇ ਮੰਗਲਾਚਰਣ ਵਿਚ ਸੁਸ਼ੋਭਿਤ ਹੋ ਉਠਿਆ। ਸਾਰੇ ਮਾਹੌਲ ਵਿਚ ਨਵੇਂ ਰਿਸ਼ਤਿਆਂ ਦਾ ਪਵਿੱਤਰ ਬੰਧਨ ਸ਼ੁਭਕਾਮਨਾ ਦੀ ਦੀਵਾਲੀ ਵਿਚ ਰੰਗਿਆ ਗਿਆ।
ਬਲਵਿੰਦਰ ‘ਬਾਲਮ’ ਗੁਰਦਾਸਪੁਰ
ਉਕਾਂਰ ਨਗਰ, ਗੁਰਦਾਸਪੁਰ (ਪੰਜਾਬ)
ਸੰਪਰਕ 98156-25409 ਐਡਮਿੰਟਨ, ਕੈਨੇਡਾ