ਸ੍ਰ ਸੁਖਦੇਵ ਸਿੰਘ ਢੀਂਡਸਾ, ਸਾਬਕਾ ਕੇਂਦਰੀ ਮੰਤਰੀ ਭਾਰਤ ਸਰਕਾਰ ਥੋੜੇ ਚਿਰ ਤੋਂ ਚੱਲ ਰਹੀਂ ਫੇਫੜਿਆ ਦੀ ਇਨਫੈਕਸ਼ਨ ਕਾਰਨ ਫੋਰ੍ਟ੍ਸ ਹਸਪਤਾਲ ਮੁਹਾਲੀ ਵਿੱਚ 28 ਮਈ ਨੂੰ ਸ਼ਾਮੀ 5 ਵੱਜੇ ਫਾਨੀ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ
ਮੇਰੀ ਮਾਸੀ ਪ੍ਰੀਤਮ ਕੌਰ ਉਹਨਾਂ ਦੇ ਵੱਡੇ ਸਾਲੇ ਮਰਹੂਮ ਸੁਖਦੇਵ ਸਿੰਘ ਚਾਹਲ ਨੂੰ ਸਨ 1970 ਵਿਚ ਮੰਗਵਾਲ ਪਿੰਡ ਚ ਵਿਆਹੀ ਸੀ,ਰਿਸ਼ਤਾ ਮੈਂ ਕਰਵਾਇਆ ਸੀ ਜਦੋਂ ਮੈਂ ਅਜੇ ਦਸਵੀਂ ਜਮਾਤ ਹੀ ਪਾਸ ਕੀਤੀ ਸੀ।
ਇਸ ਰਿਸ਼ਤੇਦਾਰੀ ਸਦਕਾ ਢੀਂਡਸਾ ਸਾਹਿਬ ਦਾ ਨਾਲ ਮੇਰਾ ਸੰਪਰਕ ਹੋਇਆ।ਫੇਰ ਉੱਨ੍ਹਾਂ ਮੇਰਾ ਰੂਹ ਤੇ ਕਲਬੂਤ ਵਾਲਾ ਰਿਸ਼ਤਾ ਤਾ ਜਿੰਦਗੀ ਨਿਭਿਆ। ਮੈਂ ਉੱਨ੍ਹਾਂ ਦਾ ਚਹੇਤਾ ਸਰਪੰਚ ਰਿਹਾ। ਐਸ ਜੀ ਪੀ ਸੀ ਦੀ ਚੋਣ ਲੜੀ। ਸਰਕਾਰੀ ਨੌਕਰੀ ਦੇ ਬਾਵਜੂਦ ਉੱਨ੍ਹਾਂ ਦੀ ਹਰ ਚੋਣ ਵਿੱਚ ਤਨ ਦੇਹੀ ਨਾਲ ਮਦਦ ਕੀਤੀ। ਉਹ ਹਰ ਔਖੇ ਵੇਲੇ ਉਹ ਮੇਰੇ ਨਾਲ ਖੜੇ।
ਸ੍ਰ ਢੀਂਡਸਾ ਦਾ ਜਨਮ ਪਟਿਆਲਾ ਰਿਆਸਤ ਦੇ ਪਿੰਡ ਉਭਾਵਾਲ ਵਿੱਚ ਮਾਤਾ ਲਾਭ ਕੌਰ ਦੀ ਕੁੱਖੋਂ ਜਥੇਦਾਰ ਰਤਨ ਸਿੰਘ ਦੇ ਘਰ 9ਅਪ੍ਰੈਲ 1936 ਨੂੰ ਹੋਇਆ ਹੋਇਆ।
ਉਹਨਾਂ ਦੀ ਮਾਤਾ ਜੀ, ਬਚਪਨ ਵਿੱਚ ਪਰਲੋਕ ਸਿਧਾਰ ਗਏ ਸਨ. ਉਹਨਾਂ ਨੂੰਬਚਪਨ ਵਿੱਚਮਾਂ ਅਤੇ ਮਾਸੀ ਦਾ ਪਿਆਰ ਮਾਸੀ ਵੱਲੋਂ ਮਿਲਿਆ ਜੋ ਪਿੰਡ ਭਿੰਡਰਾਂ ਵਿੱਚ ਸ਼ਾਦੀ ਸ਼ੁਦਾ ਸੀ।
ਢੀਂਡਸਾ ਸਾਹਿਬ ਤਿੰਨ ਭਰਾਵਾਂ ਚੋਂ ਸਭ ਤੋਂ ਛੋਟੇ ਸਨ। ਭਰਾਵਾਂ ਨੇ ਆਪਣੇ ਛੋਟੇ ਵੀਰ ਨੂੰ ਅੰਬਰ ਦੇ ਤਾਰੇ ਵਾਂਗ ਰੱਖਿਆ।. ਕਿਸੇ ਖ਼ੇਤੀ ਜਾ ਹੋਰ ਘਰੇਲੂ ਕੰਮ ਚ ਨਹੀ ਲਾਇਆ।.ਉਂਝ ਭਾਵੇ ਗਰਮੀਆਂ ਦੀਆਂ ਛੁੱਟੀਆਂ ਵੇਲੇ ਮੱਝਾਂ ਚਾਰਦੇ ਮੱਝ ਦੀ ਅਸਵਾਰੀ ਕਰਦੇ ਉੱਨ੍ਹਾਂ ਦੀ ਬਾਂਹ ਟੁੱਟ ਗਈ ਸੀ ਜੋ ਦੇਸੀ ਸਿਆਣੇ ਵੱਲੋਂ ਥੋੜ੍ਹੀ ਟੇਢੀ ਜੜੀ ਗਈ ਸੀ।
ਉਹ ਪਹਿਲਾ ਬਡਰੁੱਖਾਂ ਫੇਰ ਗੁਰੂ ਨਾਨਕ ਹਾਈ ਸਕੂਲ ਸੰਗਰੂਰ ਵਿੱਚ ਪੜੇ। ਪਹਿਲੀ ਜਮਾਤ ਚ ਹੀ ਚਾਰ ਕਿਲੋਮੀਟਰ ਟਿੱਬਿਆਂ ਦੇ ਰਾਹ ਪੈਦਲ ਜਾਂਦੇ। ਸੰਗਰੂਰ ਸਕੂਲ ਤੇ ਕਾਲਜ ਵਿਚ ਉਹ ਹੋਸਟਲ ਚ ਰਹੇ ਤੇ ਹਾਕੀ ਦੇ ਸਿਰ ਕੱਢ ਖਿਡਾਰੀ ਰਹੇ। ਕਾਲਜ ਚ ਬੀ ਏ ਦੇ ਆਖਰੀ ਸਾਲ ਚ ਉਹ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਹੇ ਉਹਨਾਂ ਦੇ ਨਾਲ ਸ੍ਰ ਕ੍ਰਿਸ਼ਨ ਦੇਵ ਸਿੰਘ ਭੁਟਾਲ ਪਹਿਲਾ ਪ੍ਰਧਾਨ, ਫੇਰ ਢੀਂਡਸਾ ਸਾਹਿਬ ਨਾਲ ਸਕੱਤਰ ਰਹੇ।. ਬੀ ਏ ਕਰਨ ਸਾਰ ਕਾਲਜ ਵਿਚ ਸਭ ਤੋਂ ਵੱਧ ਅਨੁਸਾਸਿਤ ਤੇ ਸਾਊ ਵਿਦਿਆਰਥੀ ਹੋਣ ਕਰਕੇ ਕਾਲਜ ਦੇ ਲਾਇਬਰੇਰੀਅਨ ਲਾ ਦਿੱਤੇ.।ਥੋੜ੍ਹੀ ਦੇਰ ਬਾਅਦ ਬਲਾਕ ਸਮੰਤੀ ਚ ਟੈਕਸ ਕੋਲੇਕਟਰ ਰਹੇ। ਪੰਚਾਇਤੀ ਚੋਣਾਂ ਚ 1962 ਪਿੰਡ ਉਭਾਵਾਲ ਦੇ ਸਰਬਸੰਮਤੀ ਨਾਲ ਸ੍ਰਪੰਚ ਬਣੇ। ਅਗਲੇ ਸਾਲ ਮਾਰਕਿਟ ਕਮੇਟੀ ਸੰਗਰੂਰ ਦੀ ਚੋਣ ਲੜ ਕੇ ਚੇਅਰਮੈਨ ਬਣੇ।
ਸਨ 1962 ਵਿੱਚ ਹੀ ਉਹਨਾਂ ਦੀ ਸ਼ਾਦੀ ਪਿੰਡ ਮੰਗਵਾਲ ਵਿਖ਼ੇ ਜਥੇਦਾਰ ਚੰਨਣ ਸਿੰਘ ਅਜਾਦੀ ਘੁਲਾਟੀਏ ਦੀ ਵੱਡੀ ਬੇਟੀ,ਬੀਬੀ ਹਰਜੀਤ ਕੌਰ ਨਾਲ ਹੋਈ,ਜਿਨ੍ਹਾਂ ਦੀ ਕੁੱਖੋਂ ਦੋ ਬੇਟੀਆਂ ਮਨਦੀਪ ਕੌਰ ਅਤੇ ਰਮਨਦੀਪ ਕੌਰ ਅਤੇ ਸਪੁੱਤਰ ਸ੍ਰ ਪਰਮਿੰਦਰ ਸਿੰਘ ਢੀਂਡਸਾ ਨੇ ਜਨਮ ਲਿਆ ਜੋ ਦਸ ਸਾਲ ਕੈਬਨਿਟ ਮੰਤਰੀ ਅਤੇ ਪੰਜ ਵਾਰ ਵਿਧਾਇਕ ਰਹੇ.।ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ।
ਸ੍ਰ ਢੀਂਡਸਾ 1970 ਵਿੱਚ ਸੈਂਟਰਲ ਕੋਪ੍ਰੇਟਿਵ ਬੈੰਕ ਸੰਗਰੂਰ ਦੇ ਮੈਨੇਜਿੰਗ ਡਾਇਰੈਕਟਰ ਰਹੇ ਬਣੇ,ਉਥੋਂ ਹੀ ਧਨੋਲਾ ਹਲਕਾ ਤੋ 1972 ਵਿੱਚ ਅਜਾਦ ਐਮ ਐਲ ਏ ਬਣੇ੍ਟਉਸ ਵੇਲੇ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਨੇ ਸੁਨੇਹਾ ਭੇਜ ਕੇ ਮਾਰਕਫੈਡ ਦੀ ਚੇਅਰਮੈਨੀ ਅਤੇ ਦਸ ਲੱਖ ਦੀ ਪੇਸ਼ਕਸ਼ ਕੀਤੀ ਨਾਲ ਹੀ ਕਿਹਾ ਕਿ ਢੀਂਡਸਾ ਤੂੰ ਚੰਗਾ ਨੌਜਵਾਨ ਅੱਛੀ ਛੱਵੀ ਹੋਣ ਕਰਕੇ ਸਦਨ ਵਿੱਚ ਇੱਕੋ ਇੱਕ ਅਜਾਦ ਐਮ ਐਲ ਏ ਹੈਂ ਇਸ ਲਈ ਤੇਰਾ ਤੇਰਾ ਭਵਿੱਖ ਕਾਂਗਰਸ ਵਿੱਚ ਉਜਲਾ ਹੈ। ਉਹਨਾ ਨੇ ਹਲੀਮੀ ਨਾਲ ਪੇਸ਼ਕਸ਼ ਠੁਕਰਾਈ ਤੇ ਕਿਹਾ ਕਿ ਮੇਰੇ ਅੰਦਰ ਪਿਤਾ ਪੁਰਖੀ ਪੰਥਕ ਜਜਬਾ ਹੈ ਇਸ ਲਈ ਉਮਰ ਭਰ ਅਕਾਲੀ ਰਹਾਂਗਾ। ਅਕਾਲੀ ਪਾਰਟੀ ਵਿੱਚ ਸ਼ਾਮਲ ਹੋ ਕੇ ਵਿਰੋਧੀ ਧਿਰ ਦੇ ਉਪ ਲੀਡਰ ਰਹੇ। ਸਾਰੇ ਅਕਾਲੀ ਮੋਰਚਿਆ ਵਿੱਚ ਅਗਲੀ ਕਤਾਰ ਚ ਖਲੋ ਕੇ ਯੋਗਦਾਨ ਪਾਇਆ। 1977ਵਿੱਚ ਸੁਨਾਮ ਤੋ ਐਮ ਐਲ ਏ ਬਣਕੇ ਅਕਾਲੀ ਸਰਕਾਰ ਚ ਤਿੰਨ ਸਾਲ ਟਰਾਂਸਪੋਰਟ ਸਿੱਖਿਆ ਖੇਡਾਂ ਕਲਚਰਲ ਵਿਭਾਗਾਂ ਦੇ ਮੰਤਰੀ ਰਹੇ।
1980 ਵਿੱਚ ਸੰਗਰੂਰ 1985ਵਿੱਚ ਫੇਰ ਸੁਨਾਮ ਤੋ ਐਮ ਐਲ ਏ ਬਣੇ੍ਟ ਸ੍ਰ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਚ ਕੈਬਨਿਟ ਮੰਤਰੀ ਦੀ ਪੇਸ਼ਕਸ਼ ਠੁਕਰਾ ਕੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨਾਲ ਚਟਾਨ ਵਾਂਗ ਖੜੇ। ਸ਼੍ਰੋਮਣੀ ਅਕਾਲੀ ਵਿੱਚ ਲੰਮੇ ਸਮੇਂ ਤੱਕ ਦੋ ਨੰਬਰ ਪਜੀਸ਼ਨ ਤੇ ਸਕੱਤਰ ਜਨਰਲ ਰਹੇ।
1997 ਚ ਉਹ ਸੁਨਾਮ ਤੋ ਚੋਣ ਹਾਰ ਗਏ। ਉੱਨ੍ਹਾਂ ਨੂੰ ਕੈਬਿਨਟ ਰੈਂਕ ਚ ਪੰਜਾਬ ਯੋਜਨਾ ਬੋਰਡ ਦਾ ਉਪ ਚੇਅਰਮੈਨ ਲਾਇਆ ਗਿਆ ਕਿਉਕਿ ਚੇਅਰਮੈਨ ਮੁੱਖ ਮੰਤਰੀ ਹੁੰਦੈ। ਕੁੱਝ ਮਹੀਨਿਆਂ ਬਾਅਦ ਹੀ ਪੰਜਾਬ ਬਿਜਲੀ ਬੋਰਡ ਦਾ ਚੇਅਰਮੈਨ ਲਾ ਕੇ ਕੈਬਿਨੇਟ ਮੰਤਰੀ ਦਾ ਰੈਂਕ ਦਿੱਤਾ.। ਸਨ 2000 ਵਿੱਚ ਉਹ ਰਾਜ ਸਭਾ ਦੇ ਮੇਂਬਰ ਬਣਕੇ ਕੇਂਦਰੀ ਖਾਦ ਅਤੇ ਰਸਾਇਣ ਮੰਤਰੀ ਬਣੇ ਫੇਰ ਚਾਰ ਸਾਲ ਖੇਡ ਮੰਤਰੀ ਵੀ ਰਹੇ।
ਜਦੋਂ ਭਾਰਤੀ ਕ੍ਰਿਕਟ ਖੇਡ ਵਿੱਚ ਰਲ਼ ਕੇ ਖੇਡਣ ਅਤੇ ਦਾਅ ਦੇ ਖੇਡਣ ਦੀ ਪੋਲ ਖੁੱਲੀ ਇਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਖੁੱਦ ਸਿਫਾਰਸ ਕੀਤੀ ਕਿ ਸੀ ਬੀ ਆਈ ਦੀ ਪੜਤਾਲ ਕਰਵਾਈ ਜਾਵੇ ਤਾਂ ਪ੍ਰਧਾਨ ਮੰਤਰੀ ਸ੍ਰੀ ਅੱਟਲ ਬਿਹਾਰੀ ਵਾਜਪਾਈ ਨੇ ਕਿਹਾ ਕਿ ਉਹ ਪਹਿਲੇ ਮੰਤਰੀ ਨੇ ਜੇਹੜੇ ਆਪਣੇ ਮਹਿਕਮੇ ਚ ਖੁੱਦ ਸੀ ਬੀ ਆਈ ਦੀ ਜਾਂਚ ਮੰਗੇ ਰਹੋ ਸਨ.।ਢੀਂਡਸਾ ਸਾਹਿਬ ਦਾ ਜਵਾਵ ਸੀ ਕਿ ਉਸ ਦਾ ਦਾਮਨ ਸਾਫ ਹੈ।
ਉਹ 2004 ਚ ਲੋਕ ਸਭਾ ਮੇਂਬਰ ਤੇ ਤਿੰਨ ਵਾਰੀ ਰਾਜ ਸਭਾ ਦੇ ਮੇਂਬਰ ਰਹੇ। ਕਿਸੇ ਅਹੁਦੇ ਤੇ ਪੰਥ ਅਤੇ ਸਰਕਾਰ ਨੂੰ ਕੋਈ ਖੁਨਾਮੀ ਨਹੀ ਲੱਗਣ ਦਿੱਤੀ
ਸ੍ਰ ਢੀਂਡਸਾ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ 35 ਸਾਲ ਸਭ ਤੋ ਲੰਮਾ ਸਮਾਂ ਸਰਬਸੰਮਤੀ ਨਾਲ ਪ੍ਰਧਾਨ ਬਣਦੇ ਰਹੇ ਤੇ ਦਾਮਨ ਪਾਕ ਰਿਹਾ.। ਐਨੇ ਲੰਮੇ ਸਿਆਸੀ ਅਤੇ ਖੇਡ ਜਗਤ ਦੀ ਸੇਵਾ ਕਰਦੇ ਕਦੇ ਕਿਸੇ ਵਿਰੋਧੀ ਵੱਲੋਂ ਉਹਨਾਂ ਦੇ ਖਿਲਾਫ ਕੋਈ ਇਲਜਾਮ ਤੱਕ ਨਹੀ ਲੱਗਿਆ। ਸ੍ਰ ਬੇਅੰਤ ਸਿੰਘ ਦੀ ਸਰਕਾਰ ਚ ਕੁੱਝ ਨਿੱਜੀ ਹਿੱਤਾਂ ਦੀ ਪੂਰਤੀਵਾਲੇ ਲੋਕਾ ਨੇ ਉਨ੍ਹਾਂ ਦੇ ਜੁਆਈ ਕਰਨਲ ਰਮਿੰਦਰ ਸਿੰਘ ਨੂੰ ਪੀ ਓ ਏ ਦਾ ਪ੍ਰਧਾਨ ਬਣਾਉਣ ਦੀ ਗੱਲ ਚਲਾਤੀ।. ਮੈਨੂੰ ਢੀਂਡਸਾ ਸਾਹਿਬ ਨੇ ਕਿਹਾ ਕਿ ਸ੍ਰ ਬੇਅੰਤ ਸਿੰਘ ਨੂੰ ਜਾ ਕੇ ਕਹਿ ਆਓ ਕਿ ਉਹ ਪੀ ਓ ਏ ਦੇ ਖੁੱਦ ਪ੍ਰਧਾਨ ਬਣ ਜਾਣ ਮੈਂ ਅਸਤੀਫ਼ਾ ਦੇ ਦਿੰਦਾ ਹਾਂ। ਜਦੋਂ ਸ੍ਰ ਬੇਅੰਤ ਸਿੰਘ ਨੂੰ ਦੱਸਿਆ ਗਿਆ, ਉਹ ਕਹਿੰਦੇ ਢੀਂਡਸਾ ਸਾਹਿਬ ਵਧੀਆ ਨੇਕ ਸਾਊ ਇਮਾਨਦਾਰ ਤੇ ਨਿਰਪੱਖ ਇਨਸਾਨ ਹਨ, ਉਹਨਾਂ ਨੂੰ ਕਹਿ ਦਿਓ ਕਿ ਉਹ ਹੀ ਪ੍ਰਧਾਨ ਰਹਿਣਗੇ।
ਉਹ ਸਾਰੀਆਂ ਪਾਰਟੀਆਂ,, ਜਥੇਬੰਦੀਆਂ ਤੇ ਸੰਸਥਾਵਾਂ ਵਿੱਚ ਸਤਿਕਾਰ ਯੋਗ ਰਹੇ। ਸਿਆਸਤ ਦੀ ਖੇਡ ਇਖਲਾਕੀ ਤੇ ਸਾਊਪੁੱਣੇ ਅਤੇ ਹਲੀਮੀ ਦੀ ਪਾਰੀ ਨਾਲ ਖੇਡੀ। ਕਦੇ ਕਿਸੇ ਵਿਰੋਧੀ ਧਿਰ ਦੇ ਉਮੀਦਵਾਰ ਜਾ ਨੇਤਾ ਦੀ ਸ਼ਾਨ ਜਾਂ ਨਿੱਜੀ ਕਿਰਦਾਰ ਵਾਰੇ ਕੋਈ ਅਪ ਸ਼ਬਦ ਨਹੀ ਬੋਲਿਆ. ਅੱਜ ਕੱਲ ਅਖਬਾਰਾਂ, ਸੋਸਲ ਮੀਡੀਆ ਵਿੱਚ ਤੇ ਚੁੰਜ ਚਰਚਾ ਚ ਹਰ ਪਾਸਿਓਂ ਸ੍ਰ ਢੀਂਡਸਾ ਦੀ ਸ਼ਰਾਫ਼ਤ ਅਤੇ ਹਲੀਮੀ ਦੇ ਚਰਚੇ ਹੁੰਦੇ ਰਹੇ। ਕਿੱਧਰੋਂ ਵੀ ਕੋਈ ਵਿਰੋਧੀ ਸੁਰ ਨਹੀ ਸੁਣੀ।
ਸ੍ਰ ਢੀਂਡਸਾ ਇੱਕ ਸਾਊ ਪੁੱਤ, ਚੰਗਾ ਭਰਾ ਅੱਛਾ ਪਤੀ, ਪਿਤਾ ਅਤੇ ਮਿੱਤਰ ਹੋਣ ਦੇ ਨਾਲ ਕਦਾਵਰ ਹਰਮਨ ਪਿਆਰਾ ਨੇਤਾ ਤੇ ਨਿਮਰ ਇਨਸਾਨ ਸੀ। ਉੱਨ੍ਹਾਂ ਦੇ ਸੁਭਾਅ ਅਤੇ ਕਿਰਦਾਰ ਦੀ ਛਾਪ ਉੱਨ੍ਹਾਂ ਦੇ ਸਪੁੱਤਰ ਸ੍ਰ ਪਰਮਿੰਦਰ ਸਿੰਘ ਢੀਂਡਸਾ ਦੇ ਕਿਰਦਾਰ ਵਿਚੋਂ ਵੇਖੀ ਜਾ ਸਕਦੀ ਐ। ਢੀਂਡਸਾ ਸਾਹਿਬ ਦੇ ਜਾਣ ਨਾਲ ਟਕਸਾਲੀ ਅਤੇ ਨੈਤਿਕਤਾ ਨਾਲ ਸਿਆਸੀ ਪੀੜ੍ਹੀ ਦਾ ਅੰਤ ਹੋ ਗਿਆ।
ਉਹਨਾਂ ਦੀ ਯਾਦ ਚ ਐਤਵਾਰ 8-6-25 ਨੂੰ ਗੁਰੂਦਵਾਰਾ ਸਾਹਿਬ ਦੇ ਹਾਲ ਵਿੱਚ 11ਵੱਜੇ ਤੋਂ 1ਵੱਜੇ ਤੱਕ ਅੰਤਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਹੋਵੇਗਾ.
ਡਾ ਹਰਕੇਸ਼ ਸਿੰਘ ਸਿੱਧੂ
ਸਾਬਕਾ ਡੀਸੀ ਸੰਗਰੂਰ