ਗੌਤਮ ਬੁੱਧ ਨੇ ਮਗਧ ਦੀ ਰਾਜਧਾਨੀ ਵਿੱਚ ਕੁਝ ਅਰਸਾ ਉਪਦੇਸ਼ ਦੇਣ ਤੋਂ ਬਾਦ ਅੱਗੇ ਜਾਣ ਦਾ ਫੈਸਲਾ ਕੀਤਾ, ਤਾਂ ਬਹੁਤ ਸਾਰੇ ਸ਼ਰਧਾਲੂ ਉਨ੍ਹਾਂ ਦੇ ਦਰਸ਼ਨ ਕਰਨ ਅਤੇ ਭੇਟਾਵਾਂ ਅਰਪਿਤ ਕਰਨ ਲਈ ਪਹੁੰਚੇ। ਬੁੱਧ ਆਪਣੇ ਆਸਣ ਤੇ ਬੈਠੇ ਬੈਠੇ ਇੱਕ ਹੱਥ ਚੁੱਕੀ ਸ਼ਰਧਾਲੂਆਂ ਦੀਆਂ ਭੇਟਾਵਾਂ ਪ੍ਰਵਾਨ ਕਰਦੇ ਹੋਏ ਉਨ੍ਹਾਂ ਨੂੰ ਆਸ਼ੀਰਵਾਦ ਦੇ ਰਹੇ ਸਨ। ਉਦੋਂ ਹੀ ਮਗਧ ਦਾ ਸਮਰਾਟ ਬਿੰਬਸਾਰ ਉੱਥੇ ਆਇਆ। ਉਹਨੇ ਹੀਰੇ-ਮੋਤੀਆਂ ਨਾਲ ਭਰੇ ਥਾਲਾਂ ਤੋਂ ਇਲਾਵਾ ਜ਼ਮੀਨ, ਹਾਥੀ, ਘੋੜੇ ਤੇ ਹੋਰ ਬਹੁਤ ਕੁਝ ਲਿਖਤੀ ਰੂਪ ਵਿੱਚ ਭੇਟ ਕੀਤਾ। ਬੁੱਧ ਨੇ ਉਸੇ ਤਰ੍ਹਾਂ ਹੱਥ ਚੁੱਕ ਕੇ ਸਭ ਕੁਝ ਕਬੂਲ ਕਰਦਿਆਂ ਆਸ਼ੀਰਵਾਦ ਦਿੱਤੀ। ਉਸ ਪਿੱਛੋਂ ਇੱਕ ਬੁੱਢੀ ਮਾਈ ਬੁੱਧ ਦੇ ਸਾਹਮਣੇ ਆਈ ਤੇ ਬੋਲੀ, “ਮਹਾਰਾਜ, ਮੈਂ ਬੜੀ ਗਰੀਬ ਹਾਂ ਤੇ ਮੇਰੇ ਕੋਲ ਤੁਹਾਨੂੰ ਦੇਣ ਨੂੰ ਕੁਝ ਵੀ ਨਹੀਂ ਹੈ। ਬਸ ਇਹ ਅੰਬ ਹੈ, ਜੋ ਮੈਂ ਖਾਣ ਲੱਗੀ ਸਾਂ ਕਿ ਤੁਹਾਡੇ ਜਾਣ ਬਾਰੇ ਪਤਾ ਲੱਗਿਆ। ਸੋ ਮੇਰੇ ਵੱਲੋਂ ਇਹ ਅੰਬ ਪ੍ਰਵਾਨ ਕਰੋ।” ਸ਼ਾਂਤ ਮੁੱਦਰਾ ਵਿੱਚ ਬੈਠੇ ਬੁੱਧ ਉਸੇ ਵੇਲੇ ਉੱਠੇ, ਆਪਣੇ ਆਸਣ ਤੋਂ ਉੱਤਰੇ ਤੇ ਬੁੱਢੀ ਮਾਈ ਦੇ ਹੱਥੋਂ ਅੰਬ ਲੈ ਕੇ ਆਸ਼ੀਰਵਾਦ ਦਿੱਤੀ।
ਇਹ ਵੇਖ ਕੇ ਸ਼ਰਧਾਲੂ ਹੈਰਾਨ ਰਹਿ ਗਏ। ਸਭ ਤੋਂ ਵੱਧ ਹੈਰਾਨੀ ਬਿੰਬਸਾਰ ਨੂੰ ਹੋਈ। ਉਹਨੇ ਕਿਹਾ, “ਭਗਵਾਨ, ਤੁਸੀਂ ਹੋਰਾਂ ਦੀ ਭੇਟਾ ਤਾਂ ਉੱਥੇ ਬੈਠੇ ਬੈਠੇ ਹੀ ਪ੍ਰਵਾਨ ਕਰਦੇ ਰਹੇ ਪਰ ਇਸ ਬੁੱਢੀ ਮਾਈ ਦਾ ਅੰਬ ਪ੍ਰਵਾਨ ਕਰਨ ਲਈ ਆਪਣਾ ਆਸਣ ਛੱਡ ਕੇ ਇਹਦੇ ਕੋਲ ਆਏ। ਇਹਦਾ ਕੀ ਰਹੱਸ ਹੈ?”
ਬੁੱਧ ਨੇ ਕਿਹਾ, “ਇਸ ਮਾਈ ਨੇ ਆਪਣੀ ਸਾਰੀ ਪੂੰਜੀ ਮੈਨੂੰ ਦੇ ਦਿੱਤੀ ਹੈ, ਜਦਕਿ ਹੋਰ ਹਰ ਕਿਸੇ ਨੇ ਆਪਣੀ ਪੂੰਜੀ ਦਾ ਕੁਝ ਹਿੱਸਾ ਹੀ ਦਿੱਤਾ ਹੈ। ਤੇ ਜਿੱਥੇ ਹਰ ਕਿਸੇ ਦੇ ਮਨ ਵਿੱਚ ਦੇਣ ਦਾ ਮਾਣ ਤੇ ਬਦਲੇ ਵਿੱਚ ਕੁਝ ਪ੍ਰਾਪਤ ਕਰਨ ਦੀ ਲਾਲਸਾ ਹੈ, ਉੱਥੇ ਇਸ ਮਾਈ ਦੇ ਚਿਹਰੇ ਤੇ ਅਜਿਹੀ ਕੋਈ ਗੱਲ ਵਿਖਾਈ ਨਹੀਂ ਦਿੱਤੀ। ਇਹ ਕੁਝ ਪ੍ਰਾਪਤ ਕਰਨ ਲਈ ਦੇਣ ਨਹੀਂ ਆਈ, ਸਗੋਂ ਅੰਬ ਦੇ ਰੂਪ ਵਿੱਚ ਇਹਨੇ ਆਪਣਾ ਸੱਚਾ ਪਿਆਰ ਮੈਨੂੰ ਦਿੱਤਾ ਹੈ।

~ ਪ੍ਰੋ.ਨਵ ਸੰਗੀਤ ਸਿੰਘ
# navsangeetsingh6957@gmail.com
# 9417692015.