ਲੁਧਿਆਣਾਃ 11 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਮਾਲਵਾ ਸੱਭਿਆਚਾਰ ਮੰਚ(ਰਜਿਃ) ਵੱਲੋਂ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਦੀ ਚੇਅਰਮੈਨ ਸ਼ਿਪ ਹੇਠ ਪੰਜਾਬੀ ਭਵਨ ਲੁਧਿਆਣਾ ਦੇ ਡਾ. ਮ ਸ ਰੰਧਾਵਾ ਹਾਲ ਵਿੱਚ 11 ਜਨਵਰੀ ਨੂੰ ਗੁਰੂ ਨਾਨਕ ਭਵਨ ਵਿੱਚ ਹੋ ਰਹੇ ਲੋਹੜੀ ਮੇਲਾ 2025 ਤੋਂ ਇੱਕ ਦਿਨ ਪਹਿਲਾਂ “ ਯਾਦਾਂ ਜੱਸੋਵਾਲ ਦੀਆਂ” ਸਮਾਗਮ ਵਿੱਚ ਬੋਲਦਿਆਂ ਮੰਚ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸ. ਜਗਦੇਵ ਸਿੰਘ ਜੱਸੋਵਾਲ ਸਿਰਫ਼ ਸਿਆਸਤਦਾਨ ਜਾਂ ਵਕੀਲ ਹੀ ਨਹੀਂ ਸਨ ਸਗੋਂ ਤ੍ਰੈਕਾਲ ਦਰਸ਼ੀ ਸੱਭਿਆਚਾਰਕ ਆਗੂ ਸਨ। ਉਨ੍ਹਾਂ ਪ੍ਰੋ. ਮੌਹਨ ਸਿੰਘ ਯਾਦਗਾਰੀ ਸੱਭਿਆਚਾਰਕ ਮੇਲੇ ਦਾ 1978 ਵਿੱਚ ਆਰੰਭ ਕਰਕੇ ਸਮੂਹ ਪੰਜਾਬੀਆਂ ਨੂੰ ਸੰਕਟ ਦੀ ਘੜੀ ਵਿੱਚ ਵੀ ਨੱਚਣਾ, ਗਾਉਣਾ ਤੇ ਰਲ ਮਿਲ ਬਹਿਣਾ ਸਿਖਾਇਆ। ਪ੍ਰੋ. ਮੋਹਨ ਸਿੰਘ ਮੇਲੇ ਦੀ ਤਰਜ਼ ਤੇ ਪੰਜਾਬ ਵਿੱਚ ਲਗਪਗ ਹਰ ਜ਼ਿਲ੍ਹੇ ਵਿੱਚ ਕਿਸੇ ਨਾ ਕਿਸੇ ਲਿਖਾਰੀ, ਖਿਡਾਰੀ ਜਾਂ ਦੇਸ਼ ਭਗਤ ਦੇ ਨਾਮ ਤੇ ਉਨ੍ਹਾਂ ਮੇਲੇ ਆਰੰਭ ਕਰਵਾਏ।
ਸ. ਜੱਸੋਵਾਲ ਦੇਸ਼ ਵਿੱਚ ਸਭ ਤੋਂ ਪਹਿਲਾਂ 1967 ਵਿੱਚ ਬਣੀ ਪਹਿਲੀ ਗੈਰ ਕਾਂਗਰਸੀ ਯੂਨਾਈਟਿਡ ਫਰੰਟ ਸਰਕਾਰ ਵਿੱਚ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਜੀ ਦੇ ਪਹਿਲੇ ਸਿਆਸੀ ਸਲਾਹਕਾਰ ਸਨ। ਗੁਰੂ ਨਾਨਕ ਦੇਵ ਜੀ ਦੀ 500 ਸਾਲਾਂ ਜਨਮ ਸ਼ਤਾਬਦੀ ਵੇਲੇ ਉਨ੍ਹਾਂ ਦੀ ਪ੍ਰੇਰਨਾ ਤੇ ਸਲਾਹ ਨਾਲ ਹੀ ਸੂਬਾ ਸਰਕਾਰ ਨੇ 50 ਤੋਂ ਵੱਧ ਗੁਰੂ ਨਾਨਕ ਕਾਲਿਜ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ।
ਪੰਜਾਬ ਦੇ ਸਾਬਕਾ ਤਕਨੀਕੀ ਸਿੱਖਿਆ ਮੰਤਰੀ ਸ. ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਸ. ਜਗਦੇਵ ਸਿੰਘ ਜੱਸੋਵਾਲ ਸਾਡੇ ਸਭ ਲਈ ਰਾਹ ਦਿਸੇਰਾ ਤੇ ਸੰਕਟ ਮੋਚਨ ਸਨ। ਉਨ੍ਹਾਂ ਦੀ ਦੂਰ ਦ੍ਰਿਸ਼ਟੀ ਕਾਰਨ ਹੀ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਬਸੀਆਂ ਕੋਠੀ ਰਾਏਕੋਟ ਵਰਗੇ ਪ੍ਰਾਜੈਕਟ ਸਿਰੇ ਚੜ੍ਹੇ। ਉਨ੍ਹਾਂ ਨਾਲ ਅਮਰੀਕਾ ਕੈਨੇਡਾ ਯਾਤਰਾ ਦੌਰਾਨ ਮੈਂ ਖ਼ੁਦ ਵੇਖਿਆ ਕਿ ਉਹ ਵਿਸ਼ਵ ਨਾਗਰਿਕ ਸਨ। ਦੁਨੀਆ ਦੇ ਹਰ ਦੇਸ਼ ਤੇ ਸ਼ਹਿਰ ਵਿੱਚ ਉਨ੍ਹਾਂ ਦੇ ਕਦਰਦਾਨ ਵੱਸਦੇ ਸਨ।
ਮਾਲਵਾ ਸੱਭਿਆਚਾਰ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ 1980 ਤੋਂ ਸ. ਜਗਦੇਵ ਸਿੰਘ ਜੱਸੋਵਾਲ ਦੇ ਆਖ਼ਰੀ ਸਾਹਾਂ ਤੀਰ ਉਹ ਉਨ੍ਹਾਂ ਤੋਂ ਹਰ ਖੇਤਰ ਵਿੱਚ ਅਗਵਾਈ ਲੈਂਦੇ ਰਹੇ। ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਸੰਸਥਾਗਤ ਕੰਮ ਕਰਨ ਦੀ ਪ੍ਰੇਰਨਾ ਵੀ ਉਨ੍ਹਾਂ ਨੇ ਹੀ ਦਿੱਤੀ। ਹਰ ਸਾਲ ਧੀਆਂ ਦੀ ਲੋਹੜੀ ਮਨਾਉਣ ਦਾ ਸੁਪਨਾ ਤੇ ਸੰਕਲਪ ਵੀ ਉਨ੍ਹਾਂ ਨੇ ਹੀ ਸਾਨੂੰ ਦਿੱਤਾ। ਉਹ ਨਿਸ਼ਕਾਮ ਬਾਬਲ ਸਨ।
ਸੈਕਰਾਮੈਂਟੋ (ਅਮਰੀਕਾ ) ਤੋਂ ਆਏ ਪ੍ਰਸਿੱਧ ਪੱਤਰਕਾਰ ਸ. ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ. ਜੱਸੋਵਾਲ ਸੱਭਿਆਚਾਰ ਦੇ ਬੇਤਾਜ ਬਾਦਸ਼ਾਹ ਸਨ। ਉਨ੍ਹਾਂ ਦੀ ਬੁੱਕਲ ਵਿੱਚ ਨਾਮਵਰ ਗਾਇਕ, ਸਾਜ਼ਿੰਦੇ, ਲੇਖਕ, ਪੰਤਰਕਾਰ ਤੇ ਸਮਾਜਿਕ ਆਗੂ ਨਿੱਘ ਮਹਿਸੂਸ ਕਰਦੇ ਸਨ। ਉਨ੍ਹਾਂ ਦੀ ਸੰਗਤ ਹਰ ਪਲ ਕੁਝ ਨਾ ਕੁਝ ਸਿਖਾਉਂਦੀ ਸੀ।
ਸ. ਜਗਦੇਵ ਸਿੰਘ ਜੱਸੋਵਾਲ ਦੇ ਪੋਤਰੇ ਸ. ਅਮਰਿੰਦਰ ਸਿੰਘ ਜੱਸੋਵਾਲ ਨੇ ਕਿਹਾ ਕਿ ਮੇਰੇ ਦਾਦਾ ਜੀ ਸਾਡੇ ਪਰਿਵਾਰ ਦੇ ਹੀ ਨਹੀਂ, ਪੂਰੇ ਪੰਜਾਬੀ ਸੰਸਾਰ ਦੇ ਹਰਮਨ ਪਿਆਰੇ ਸਨ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਕਈ ਗਾਇਕ, ਲੇਖਕ ਤੇ ਸੱਭਿਆਚਾਰਕ ਕਾਮੇ ਨਿਆਸਰਾ ਮਹਿਸੂਸ ਕਰਦੇ ਹਨ।
ਡੀ ਏ ਵੀ ਸੰਸਥਾਵਾਂ ਦੇ ਕੌਮੀ ਨਿਰਦੇਸ਼ਕ ਰਹੇ ਡਾ. ਸਤੀਸ਼ ਕੁਮਾਰ ਸ਼ਰਮਾ,ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਸਤਿਬੀਰ ਸਿੰਘ ਸਿੱਧੂ ਪੰਜਾਬੀ ਟ੍ਰਿਬਿਉਨ,ਤ੍ਰੈਲੋਚਨ ਲੋਚੀ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ ਦੇ ਸਾਬਕਾ ਡੀ ਪੀ ਆਰ ਓ ਸ. ਦਰਸ਼ਨ ਸਿੰਘ ਸ਼ੰਕਰ,ਪੰਜਾਬੀ ਕਵੀ ਅਮਰਜੀਤ ਸ਼ੇਰਪੁਰੀ, ਕੈਨੇਡਾ ਤੋਂ ਆਏ ਸਮਾਜ ਸੇਵੀ ਰਵਿੰਦਰ ਸਿਆਣ ਤੇ ਗੁਰਦੇਵ ਮੁੱਲਾਪੁਰੀ ਨੇ ਵੀ ਸ. ਜੱਸੋਵਾਲ ਨਾਲ ਗੁਜ਼ਾਰੇ ਪਲਾਂ ਨੂੰ ਯਾਦ ਕੀਤਾ।
ਇਸ ਮੌਕੇ ਗੁਰਜਤਿੰਦਰ ਸਿੰਘ ਰੰਧਾਵਾ,ਤ੍ਰੈਲੋਚਨ ਲੋਚੀ, ਡਾ. ਗੁਲਜ਼ਾਰ ਸਿੰਘ ਪੰਧੇਰ, ਸ. ਦਰਸ਼ਨ ਸਿੰਘ ਸ਼ੰਕਰ, ਡਾ. ਜਗਤਾਰ ਸਿੰਘ ਸਾਬਕਾ ਚੀਫ਼ ਲਾਇਬ੍ਰੇਰੀਅਨ,ਪੰਜਾਬੀ ਯੂਨੀਵਰਸਿਟੀ ਪਟਿਆਲਾ,ਰਵਿੰਦਰ ਸਿਆਣ ਨੂੰ ਲੋਹੜੀ ਮੇਲੇ ਦੀਆਂ ਗਾਗਰਾਂ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਮਾਲਵਾ ਸੱਭਿਆਚਾਰ ਮੰਚ ਦੇ ਪ੍ਰਧਾਨ ਸ. ਜਸਬੀਰ ਸਿੰਘ ਰਾਣਾ ਝਾਂਡੇ, ਮਿਲਕ ਪਲਾਂਟ ਲਿਧਿਆਣਾ ਦੇ ਡਾਇਰੈਕਟਰ ਸ. ਰਛਪਾਲ ਸਿੰਘ ਤਲਵਾੜਾ, ਪ੍ਰਸਿੱਧ ਖੇਡ ਪ੍ਰਮੋਟਰ ਤੇ ਲੇਖਕ ਜਗਰੂਪ ਸਿੰਘ ਜਰਖੜ, ਸੁਖਵਿੰਦਰ ਸਿੰਘ ਬਸੈਮੀ, ਇੰਦਰਜੀਤ ਕੌਰ ਓਬਰਾਏ, ਨਿੱਕੀ ਕੋਹਲੀ, ਰੇਸ਼ਮ ਸਿੰਘ ਸੱਗੂ, ਨਹਿੰਦਰ ਮਹਿੰਦਰੂ ਗੌਰਵ, ਸ਼ਾਲਿਨੀ, ਸਿੰਮੀ ਕਵਾਤੜਾ, ਸੋਨੀਆ ਅਲੱਗ, ਲਖਵਿੰਦਰ ਸਿੰਘ,ਅਰਜੁਨ ਬਾਵਾ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *