ਪੰਜਾਬ ਸਰਕਾਰ ਪਿੰਡਾਂ ਤੇ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ : ਸੇਂਖੋ
ਫਰੀਦਕੋਟ , 31 ਮਈ (ਵਰਲਡ ਪੰਜਾਬੀ ਟਾਈਮਜ਼)
ਹਲਕਾ ਫਰੀਦਕੋਟ ਦੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਅੱਜ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਪੰਜ-ਪੰਜ ਲੱਖ ਦੇ ਚੈੱਕ ਭੇਟ ਕਰਦਿਆਂ ਕਿਹਾ ਕਿ ਹਲਕਾ ਫਰੀਦਕੋਟ ਦੇ ਸੱਤ ਪਿੰਡ ਗੋਲੇਵਾਲਾ, ਝਾੜੀਵਾਲਾ, ਘੋਨੀਵਾਲਾ, ਪੱਖੀ ਖੁਰਦ, ਘਗਿਆਣਾ, ਚੱਕ ਸਾਹੂ ਅਤੇ ਅਰਾਈਆਂ ਵਾਲਾ ਵਿਖੇ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਹੋਈ ਸੀ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੰਚਾਇਤਾਂ ਸਾਡੇ ਲੋਕਤੰਤਰ ਦੀ ਮੁੱਢਲੀ ਇਕਾਈ ਹਨ ਤੇ ਉਨ੍ਹਾਂ ਦੀ ਮਜ਼ਬੂਤੀ ਨਾਲ ਜਿੱਥੇ ਲੋਕਤੰਤਰ ਮਜ਼ਬੂਤ ਹੁੰਦਾ ਹੈ, ਉੱਥੇ ਹੇਠਲੀ ਪੱਧਰ ਤੇ ਵਿਕਾਸ ਕਾਰਜਾਂ ਵਿੱਚ ਆਮ ਲੋਕਾਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਭਾਗੀਦਾਰ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਤੇ ਉਨ੍ਹਾਂ ਪਿੰਡਾਂ ਦੇ ਸਮੂਹ ਲੋਕ ਵਧਾਈ ਦੇ ਪਾਤਰ ਹਨ, ਜਿੰਨਾਂ ਨੇ ਪਿੰਡਾਂ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਸਰਬਸੰਮਤੀਆਂ ਕੀਤੀਆਂ ਹਨ। ਵਿਧਾਇਕ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਪਿੰਡਾਂ ਤੇ ਸ਼ਹਿਰਾਂ ਅੰਦਰ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਾ ਹੀ ਇਨ੍ਹਾਂ ਵਿਕਾਸ ਕਾਰਜਾਂ ਲਈ ਪੈਸੇ ਦੀ ਕਮੀ ਆਉਣ ਦਿੱਤੀ ਜਾਵੇਗੀ। ਚੇਅਰਮੈਨ ਮਾਰਕੀਟ ਕਮੇਟੀ ਅਮਨਦੀਪ ਸਿੰਘ ਬਾਬਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜੋ ਕਿਹਾ ਸੀ ਉਹ ਬਹੁਤ ਥੋੜੇ ਸਮੇਂ ਵਿੱਚ ਹੀ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਦਿੱਤੇ ਗਏ ਇਹਨਾਂ ਫੰਡਾਂ ਦਾ ਉਹ ਪਿੰਡ ਵਿੱਚ ਜਿੱਥੇ ਵੀ ਜਰੂਰਤ ਹੈ ਇਸਤੇਮਾਲ ਕਰ ਸਕਦੇ ਹਨ। ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਰਮਨਦੀਪ ਸਿੰਘ ਮੁਮਾਰਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵਿੱਚ ਭਾਈਵਾਲਤਾ ਬਣਾਈ ਰੱਖਣ ਲਈ ਪੰਜਾਬ ਸਰਕਾਰ ਦਾ ਇਹ ਇੱਕ ਬਹੁਤ ਹੀ ਸ਼ਲਾਂਘਾਯੋਗ ਉਪਰਾਲਾ ਸੀ, ਜਿਸ ਤਹਿਤ ਹਲਕੇ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਚੋਣ ਕਰਦੇ ਸਮੇਂ ਉਨ੍ਹਾਂ ਬਿਨਾਂ ਕਿਸੇ ਮੱਤਭੇਦ ਦੇ ਭਾਈਵਾਲਤਾ ਦਿਖਾਈ ਹੈ ਉਸੇ ਤਰ੍ਹਾਂ ਉਹ ਪੰਜ ਸਾਲ ਆਪਣਾ ਕੰਮ ਵਧੀਆ ਤਰੀਕੇ ਨਾਲ ਕਰਨ। ਇਸ ਮੌਕੇ ਸਰਪੰਚ ਹਰਦੀਪ ਸਿੰਘ ਮਲੂਕਾ ਪੱਤੀ ਗੋਲੇਵਾਲਾ, ਸਰਪੰਚ ਗੁਰਵਿੰਦਰ ਸਿੰਘ ਝਾੜੀਵਾਲਾ, ਸਰਪੰਚ ਰਵਦੀਪ ਸਿੰਘ ਘੋਨੀਵਾਲਾ, ਸਰਪੰਚ ਬਲਜੀਤ ਕੌਰ ਅਰਾਈਆਂ ਵਾਲਾ ਖੁਰਦ, ਸਰਪੰਚ ਗੁਰਪ੍ਰੀਤ ਸਿੰਘ ਘੁਗਿਆਣਾ ਨੇ ਇਸ ਉਪਰਾਲੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦਾ ਧੰਨਵਾਦ ਕੀਤਾ।