ਕਿਸ ਆਧਾਰ ’ਤੇ ਪੰਚਾਇਤਾਂ ’ਚ ਰਾਖਵਾਂਕਰਨ ਕਰ ਰਹੇ ਹੋ, ਉਸਦਾ ਖੁਲਾਸਾ ਕਰੋ?
ਪੰਚਾਇਤ ਵਿਭਾਗ ਨੇ ਪਿੰਡਾਂ ਦੀਆਂ ਲਿਸਟਾਂ ਆਪ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਸੌਂਪੀਆਂ ਤਾਂ ਜੋ ਉਹਨਾਂ ਦੀ ਮਰਜੀ ਮੁਤਾਬਕ ਰਾਖਵਾਂਕਰਨ ਕੀਤਾ ਜਾ ਸਕੇ : ਰੋਮਾਣਾ
ਫਰੀਦਕੋਟ, 25 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਚਾਇਤ ਵਿਭਾਗ ਨੂੰ ਆਖਿਆ ਕਿ ਉਹ ਪੰਚਾਇਤ ਚੋਣਾਂ ਵਾਸਤੇ ਵੱਖ-ਵੱਖ ਵਰਗਾਂ ਰਾਖਵਾਂਕਰਨ ਕਿਸ ਆਧਾਰ ’ਤੇ ਲਾਗੂ ਕਰ ਰਹੇ ਹਨ, ਇਸਦਾ ਖੁਲਾਸਾ ਜਨਤਕ ਤੌਰ ’ਤੇ ਕਰਨ। ਅਕਾਲੀ ਦਲ ਦੇ ਆਗੂ, ਜਿਹਨਾਂ ਨੇ ਅੱਜ ਇਕ ਪ੍ਰੈਸ ਕਾਨਫਰੰਸ ਕੀਤੀ, ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਚਾਇਤਾਂ ਦਾ ਰਾਖਵਾਂਕਰਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਦੀ ਮਨਪਸੰਦ ਮੁਤਾਬਕ ਹੋ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਤੱਕ ਪੰਚਾਇਤਾਂ ਦਾ ਰਾਖਵਾਂਕਰਨ ਜਾਂ ਤਾਂ ਆਬਾਦੀ ਦੇ ਆਧਾਰ ’ਤੇ ਜਾਂ ਫਿਰ ਡਰਾਅ ਕੱਢ ਕੇ ਕੀਤਾ ਜਾਂਦਾ ਸੀ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਪੰਚਾਇਤ ਵਿਭਾਗ ਨੇ ਪਿੰਡਾਂ ਦੀਆਂ ਸੂਚੀਆਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਸੌਂਪ ਦਿੱਤੀਆਂ ਹਨ ਤੇ ਉਹੀ ਆਪਣੀ ਮਰਜੀ ਮੁਤਾਬਕ ਫੈਸਲੇ ਲੈਣਗੇ ਕਿ ਰਾਖਵਾਂਕਰਨ ਕਿਵੇਂ ਹੋਵੇਗਾ। ਪਰਮਬੰਸ ਸਿੰਘ ਰੋਮਾਣਾ ਨੇ ਜੋਰ ਦੇ ਕੇ ਕਿਹਾ ਕਿ ਪੰਚਾਇਤ ਵਿਭਾਗ ਨੂੰ ਇਹ ਦੱਸਣਾ ਪਵੇਗਾ ਕਿ ਕਿਸ ਆਧਾਰ ’ਤੇ ਪੰਚਾਇਤ ਚੋਣਾਂ ਲਈ ਰਾਖਵਾਂਕਰਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਫਿਰ ਅਸੀਂ ਨਿਆਂ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚ ਕਰਾਂਗੇ। ਉਹਨਾਂ ਨੇ ਅਫਸਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ‘ਆਪ’ ਆਗੂਆਂ ਦੇ ਹੱਥ ਠੋਕੇ ਨਾ ਬਣਨ ਨਹੀਂ ਤਾਂ ਉਹਨਾਂ ਨੂੰ ਆਪਣੇ ਰਵੱਈਏ ਦਾ ਜਵਾਬ ਅਦਾਲਤ ਵਿੱਚ ਦੇਣਾ ਪਵੇਗਾ। ਬੰਟੀ ਰੋਮਾਣਾ ਨੇ ਕਿਹਾ ਕਿ ਆਪ ਸਰਕਾਰ ਪੰਚਾਇਤ ਚੋਣਾਂ ਜਿੱਤਣ ਵਾਸਤੇ ਤਰਲੋ ਮੱਛੀ ਹੋਈ ਪਈ ਹੈ ਕਿਉਂਕਿ ਇਸਦਾ ਗ੍ਰਾਫ ਹੇਠਾਂ ਚਲਾ ਗਿਆ ਹੈ ਤੇ ‘ਆਪ’ ਵਿਧਾਇਕ ਤੇ ਆਗੂ ਪਿੰਡਾਂ ਵਿੱਚ ਜਾ ਕੇ ਰਾਜੀ ਨਹੀਂ ਹਨ। ਉਹਨਾਂ ਕਿਹਾ ਕਿ ਜਿਥੇ ਅਕਾਲੀ ਦਲ ਮਜਬੂਤ ਹੈ, ਉਹਨਾਂ ਪਿੰਡਾਂ ਵਿੱਚ ਪੰਚਾਇਤਾਂ ਲਈ ਰਾਖਵਾਂਕਰਨ ਕੀਤਾ ਜਾ ਰਿਹਾ ਹੈ, ਆਪ ਆਗੂ ਅਫਸਰਾਂ ’ਤੇ ਦਬਾਅ ਬਣਾ ਰਹੇ ਹਨ ਕਿ ਉਹ ਵਿਰੋਧੀਆਂ ਨੂੰ ਇਤਰਾਜ ਨਹੀਂ ਦੇ ਸਰਟੀਫਿਕੇਟ ਵੀ ਜਾਰੀ ਨਾ ਕਰਨ। ਉਹਨਾਂ ਕਿਹਾ ਕਿ ਆਪ ਸਰਕਾਰ ਵਿਚ ਪਿੰਡਾਂ ਦਾ ਬਹੁਤ ਬੁਰਾ ਹਾਲ ਹੋ ਗਿਆ ਹੈ। ਪਿੰਡਾਂ ਵਿੱਚ ਕੋਈ ਵਿਕਾਸ ਕਾਰਜ ਨਹੀਂ ਚਲ ਰਿਹਾ। ਪੇਂਡੂ ਸੜਕਾਂ ਦਾ ਬੁਰਾ ਹਾਲ ਹੈ, ਪਿੰਡਾਂ ਨੂੰ ਗ੍ਰਾਂਟਾਂ ਦੇਣ ਤੋਂ ਨਾਂਹ ਕੀਤੀ ਜਾ ਰਹੀ ਹੈ, ਜਲ ਸਪਲਾਈ ਸਕੀਮਾਂ ਦਾ ਬੁਰਾ ਹਾਲ ਹੈ ਤੇ ਸਿੰਜਾਈ ਚੈਨਲਾਂ ਦੀ ਮੁਰੰਮਤ ਵੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਹਨਾਂ ਕਾਰਣਾਂ ਕਰਕੇ ਤੇ ‘ਆਪ’ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਨਾ ਦੇਣ ਕਰ ਕੇ ਲੋਕ ਆਪ ਆਗੂਆਂ ਨੂੰ ਆਪਣੇ ਪਿੰਡਾਂ ਵਿਚ ਨਹੀਂ ਵੜਨ ਦੇ ਰਹੇ। ਉਹਨਾਂ ਕਿਹਾ ਕਿ ਆਪ ਆਗੂਆਂ ਦੇ ਮਨਾਂ ਵਿਚ ਇਹ ਗੱਲ ਜਚ ਗਈ ਹੈ ਕਿ ਉਹ ਪੰਚਾਇਤਾਂ ਦਾ ਰਾਖਵਾਂਕਰਨ ਕਰ ਕੇ ਅਤੇ ਵਿਰੋਧੀਆਂ ਨੂੰ ਡਰਾ ਧਮਕਾ ਕੇ ਚੋਣਾਂ ਜਿੱਤ ਲੈਣਗੇ ਪਰ ਆਪ ਸਰਕਾਰ ਦੀਆਂ ਇਹ ਸਕੀਮਾਂ ਕਦੇ ਸਫਲ ਨਹੀਂ ਹੋਣਗੀਆਂ।