ਕੋਟਕਪੂਰਾ, 28 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹੁਣ ਸਵੇਰੇ, ਦੁਪਹਿਰੇ, ਸ਼ਾਮ, ਰਾਤ ਜਾਂ ਦਿਨ ਦਿਹਾੜੇ ਵੀ ਕੋਈ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ, ਕਿਉਂਕਿ ਕੋਟਕਪੂਰਾ ਸ਼ਹਿਰ ਦੀ ਅਮਨ ਕਾਨੂੰਨ ਦੀ ਹਾਲਤ ਐਨੀ ਖਰਾਬ ਹੋ ਚੁੱਕੀ ਹੈ ਕਿ ਜਿਵੇਂ ਚੋਰਾਂ ਅਤੇ ਲੁਟੇਰਿਆਂ ਨੂੰ ਪੁਲਿਸ ਪ੍ਰਸ਼ਾਸ਼ਨ ਜਾਂ ਕਾਨੂੰਨ ਦਾ ਕੋਈ ਡਰ-ਭੈਅ ਨਾ ਰਿਹਾ ਹੋਵੇ। ਅੱਜ ਸਵੇਰ ਸਮੇਂ ਨੇੜਲੇ ਪਿੰਡ ਸੰਧਵਾਂ ਤੋਂ ਰੋਜਾਨਾ ਦੀ ਤਰਾਂ ਆ ਰਹੇ ਸਾਈਕਲ ਸਵਾਰ ਬੂਟਾ ਸਿੰਘ ਨੂੰ ਛੇ ਲੁਟੇਰਿਆਂ ਨੇ ਘੇਰ ਲਿਆ ਅਤੇ ਉਸ ਤੋਂ ਕੁਝ ਨਗਦੀ ਖੋਹ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕੋਟਕਪੂਰਾ ਦੇ ਵੱਖ-ਵੱਖ ਗਲੀ-ਮੁਹੱਲਿਆਂ, ਬਜਾਰਾਂ ਵਿੱਚ ਅਖਬਾਰਾਂ ਦੀ ਸਪਲਾਈ ਦਾ ਕੰਮ ਕਰਦੇ ਬੂਟਾ ਸਿੰਘ ਜੋ ਸੰਧਵਾਂ ਦਾ ਵਸਨੀਕ ਹੈ, ਅੱਜ ਸਵੇਰੇ ਕਰੀਬ 4:00 ਵਜੇ ਜਦ ਸੰਧਵਾਂ ਤੋਂ ਉਹ ਸ਼ਹਿਰ ਵਿੱਚ ਦਾਖਲ ਹੋਇਆ ਤਾਂ ਫਰੀਦਕੋਟ ਰੋਡ ’ਤੇ ਰੇਲਵੇ ਪੁਲ ਨੇੜੇ ਲਗਭਗ ਛੇ ਨਕਾਬਪੋਸ਼ ਲੁਟੇਰਿਆਂ ਨੇ ਉਸ ਕੋਲੋਂ 1200 ਰੁਪਏ ਦੀ ਨਗਦੀ ਖੋਹ ਲਈ। ਇਸ ਸੰਬੰਧੀ ਉਹਨਾਂ ਪੰਜਾਬ ਪੁਲਿਸ ਦੇ ਟੋਲ ਫਰੀ ਨੰਬਰ ’ਤੇ ਵੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਅਜਿਹੀ ਘਟਨਾ ਉਸ ਨਾਲ ਪਹਿਲਾਂ ਵੀ ਹੋ ਚੁੱਕੀ ਹੈ, ਜਿਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਇਸ ਸਮੇਂ ਅਖਬਾਰਾਂ ਦਾ ਕੰਮ ਕਰਦੇ ਦੇਸਰਾਜ ਸਿੰਗਲਾ ਅਤੇ ਬੂਟਾ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਸਵੇਰ ਸਮੇਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਪੁਲਿਸ ਵੱਲੋਂ ਸਖਤੀ ਨਾਲ ਵਰਜਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।