ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਲੜਾਂਗੇ ਲੜਾਈ : ਜਗਜੀਤ ਡੱਲੇਵਾਲ
ਕੋਟਕਪੂਰਾ, 22 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀ ਸ਼੍ਰੀਨਗਰ ਬਾਰਡਰ ’ਤੇ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਅਗਨੀਵੀਰ ਆਕਾਸ਼ਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਅੱਜ ਦੁੱਖ ਵੰਡਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਉਹਨਾਂ ਦੇ ਗ੍ਰਹਿ ਪਿੰਡ ਕੋਠੇ ਚਹਿਲ ਜਿਲਾ ਫਰੀਦਕੋਟ ਵਿਖੇ ਪੁੱਜੇ, ਜਿੱਥੇ ਉਹਨਾਂ ਵੱਲੋਂ ਆਕਾਸ਼ਦੀਪ ਦੇ ਪਿਤਾ ਅਤੇ ਮਾਤਾ ਨਾਲ ਸ਼ਹੀਦ ਆਕਾਸ਼ਦੀਪ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਨਾਲ ਹੀ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਲਈ ਦਿਲਾਸਾ ਦਿੱਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਜੋ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ, ਉਸ ਨਾਲ ਸਾਡੀ ਨੌਜਵਾਨੀ ਦਾ ਘਾਣ ਹੋ ਰਿਹਾ। ਉਹਨਾਂ ਕਿਹਾ ਕਿ ਆਕਾਸ਼ਦੀਪ ਜੋ ਕਿ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋਇਆ ਪਰ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਮਿਲਟਰੀ ਵੱਲੋਂ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ। ਉਹਨਾਂ ਕਿਹਾ ਕਿ ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਜੋ ਵੀ ਲੜਾਈ ਲੜਨੀ ਪਈ ਅਸੀਂ ਲੜਾਂਗੇ। ਉਹਨਾਂ ਕਿਹਾ ਕਿ ਭਾਵੇਂ ਸਰਕਾਰਾਂ ਅਤੇ ਮਿਲਟਰੀ ਆਕਾਸ਼ਦੀਪ ਨੂੰ ਸ਼ਹੀਦ ਦਾ ਨਾਮ ਮੰਨੇ ਪਰ ਦੇਸ਼ ਵਾਸੀ ਅਤੇ ਅਸੀਂ ਉਸ ਨੂੰ ਹਮੇਸ਼ਾਂ ਉਸ ਦੀ ਸ਼ਹੀਦੀ ਲਈ ਯਾਦ ਕਰਾਂਗੇ। ਉਹਨਾਂ ਕਿਹਾ ਕਿ ਭਾਵੇਂ ਉਹ ਕਿਸਾਨ ਹੋਣ ਜਾਂ ਜਵਾਨ ਹੋਣ ਉਹ ਸਾਡੇ ਹੀ ਪੁੱਤ ਹਨ ਪਰ ਜਿਸ ਤਰੀਕੇ ਦੇ ਨਾਲ ਫੌਜ ਵਿੱਚ ਰੈਗੂਲਰ ਭਰਤੀ ਦੀ ਜਗਾ ਅਗਨੀਵੀਰ ਯੋਜਨਾ ਤਹਿਤ ਸਿਰਫ ਚਾਰ ਸਾਲਾਂ ਲਈ ਨੌਜਵਾਨਾਂ ਨੂੰ ਭਰਤੀ ਕੀਤਾ ਜਾ ਰਿਹਾ। ਇਸ ਦੇ ਨਤੀਜੇ ਆਉਣ ਵਾਲੇ ਦਿਨਾਂ ਵਿੱਚ ਭਿਆਨਕ ਨਿਕਲਣਗੇ, ਜਿਸ ਨਾਲ ਭਾਰਤੀ ਫੌਜ ਵਿੱਚ ਵੱਡੀ ਕਮੀ ਆਵੇਗੀ ਅਤੇ ਸਾਡੇ ਦੇਸ਼ ਦੀ ਸੁਰੱਖਿਆ ਖਤਰੇ ਵਿੱਚ ਪਵੇਗੀ। ਉਹਨਾਂ ਦੱਸਿਆ ਕਿ ਪਰਿਵਾਰ ਇਸ ਸਮੇਂ ਦੁੱਖ ਦੀ ਘੜੀ ਵਿੱਚ ਹੈ ਅਤੇ ਜਿਸ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ। ਉਹਨਾਂ ਕਿਹਾ ਕਿ ਆਕਾਸ਼ਦੀਪ ਦੀ ਮਾਤਾ ਦਾ ਹੌਸਲਾ ਅੱਜ ਟੁੱਟ ਚੁੱਕਾ ਹੈ, ਕਿਉਂਕਿ ਕਿਤੇ ਨਾ ਕਿਤੇ ਉਹ ਆਪਣੇ ਦੂਜੇ ਪੁੱਤ ਨੂੰ ਵੀ ਫੌਜ ਵਿੱਚ ਭਰਤੀ ਕਰਵਾਉਣ ਲਈ ਤਿਆਰੀ ਕਰ ਰਹੀ ਸੀ ਅਤੇ ਉਸਦੇ ਨਾਲ 30-35 ਬੱਚੇ ਹੋਰ ਵੀ ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਤਿਆਰ ਸਨ ਪਰ ਅੱਜ ਉਨਾਂ ਸਭ ਦਾ ਦਿਲ ਟੁੱਟ ਚੁੱਕਾ ਅਤੇ ਉਹ ਭਾਰਤ ਦੀ ਸੈਨਾ ਵਿੱਚ ਭਰਤੀ ਹੋਣ ਤੋਂ ਭੱਜ ਰਹੇ ਹਨ। ਇਸ ਲਈ ਜੇਕਰ ਸਰਕਾਰਾਂ ਆਪਣੀ ਜਿੰਮੇਵਾਰੀ ਨਹੀਂ ਸਮਝਦੀਆਂ ਜਾਂ ਨਿਭਾਉਂਦੀਆਂ ਤਾਂ ਕਿਤੇ ਨਾ ਕਿਤੇ ਨੌਜਵਾਨੀ ਨਾਲ ਇਹ ਖਿਲਵਾੜ ਹੋਵੇਗਾ ਅਤੇ ਰਲ ਕੇ ਸਾਨੂੰ ਇਸ ਸਬੰਧੀ ਲੜਾਈ ਲੜਨੀ ਹੋਵੇਗੀ।