ਪੁਲਿਸ ਪ੍ਰਸ਼ਾਸ਼ਨ ਵੱਲੋਂ ਸ਼ੱਕੀ ਗਤੀਵਿਧੀਆਂ ’ਤੇ ਰੱਖੀ ਜਾ ਰਹੀ ਤਿੱਖੀ ਨਜ਼ਰ : ਐੱਸਐੱਸਪੀ
ਪਾਰਕਿੰਗਾਂ ’ਚ ਖੜ੍ਹੇ ਵਾਹਨਾਂ ਦੀ ਵੀ ‘ਵਾਹਨ ਐਪ’ ਰਾਹੀਂ ਕੀਤੀ ਜਾਂਚ
ਕੋਟਕਪੂਰਾ, 5 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਸੁਤੰਤਰਤਾ ਦਿਵਸ ਦੇ ਮੱਦੇਨਜਰ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿੱਤੀ ਨੂੰ ਬਰਕਰਾਰ ਰੱਖਣ, ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਅਤੇ ਜਨਤਾ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅੱਜ ਵਿਸ਼ੇਸ਼ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਓਪਰੇਸ਼ਨ ਦੌਰਾਨ ਪੁਲਿਸ ਟੀਮਾਂ ਵੱਲੋਂ ਐਟੀ-ਸਾਬੋਟੇਜ ਟੀਮਾਂ ਅਤੇ ਡੌਗ ਸਕਾਡ ਦੀ ਮੱਦਦ ਨਾਲ ਜ਼ਿਲ੍ਹੇ ਦੇ ਮੁੱਖ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ’ਤੇ ਗਹਿਰਾਈ ਨਾਲ ਚੈਕਿੰਗ ਕੀਤੀ ਗਈ। ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਦੀ ਪਛਾਣ ਦੀ ਪੂਰੀ ਤਸਦੀਕ ਕੀਤੀ ਗਈ। ਯਾਤਰੀਆਂ ਦੇ ਸਮਾਨ ਦੀ ਜਾਂਚ ਕਰਨ ਦੇ ਨਾਲ-ਨਾਲ ਬਿਨਾਂ ਮਕਸਦ ਘੁੰਮ ਰਹੇ ਵਿਅਕਤੀਆਂ ਦੀ ਵੀ ਜਾਚ ਕੀਤੀ ਗਈ। ਇਸ ਦੌਰਾਨ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਦੀਆਂ ਪਾਰਕਿੰਗਾਂ ਵਿੱਚ ਖੜ੍ਹੇ ਵਾਹਨਾਂ ਦੀ ਵੀ ‘ਵਾਹਨ ਐਪ’ ਰਾਹੀਂ ਜਾਂਚ ਕੀਤੀ ਗਈ, ਤਾਂ ਜੋ ਚੋਰੀਸ਼ੁਦਾ ਜਾਂ ਸ਼ੱਕੀ ਵਾਹਨਾਂ ਦੀ ਪਛਾਣ ਹੋ ਸਕੇ। ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿੱਤੀ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਸ਼ਰਾਰਤੀ ਅਨਸਰਾਂ ਉੱਤੇ ਨਜ਼ਰ ਰੱਖਣ ਲਈ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਠੋਸ ਕਦਮ ਚੁੱਕੇ ਜਾ ਰਹੇ ਹਨ। ਅੱਜ ਰੇਲਵੇ ਸਟੇਸ਼ਨਾ ਅਤੇ ਬੱਸ ਸਟੈਂਡਾ ’ਤੇ ਚਲਾਏ ਗਏ ਵਿਸ਼ੇਸ਼ ਜਾਂਚ ਅਪ੍ਰੇਸ਼ਨ ’ਚ ਐਟੀ-ਸਾਬੋਟੇਜ ਟੀਮਾਂ ਅਤੇ ਡੌਗ ਸਕਾਡ ਦੀ ਮਦਦ ਲੈ ਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਡਿਟੇਲ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ’ਤੇ ਜਾਗਰੂਕਤਾ ਅਤੇ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਅਸੀਂ ਅਪੀਲ ਕਰਦੇ ਹਾਂ ਕਿ ਲੋਕ ਜਨਤਕ ਥਾਵਾਂ ’ਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰਤ ਪੁਲਿਸ ਨਾਲ ਸਾਂਝੀ ਕਰਨ, ਤਾਂ ਜੋ ਮਿਲ ਕੇ ਇੱਕ ਸੁਰੱਖਿਅਤ ਤੇ ਸ਼ਾਂਤਮਈ ਮਾਹੋਲ ਬਣਿਆ ਰਹਿ ਸਕੇ।