ਕੋਟਕਪੂਰਾ, 8 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਾਂਗਰਸ ਦੀ ‘ਵੋਟ ਚੋਰ ਗੱਦੀ ਛੋੜ’ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਆਗੂ ਅਜੈਪਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਫਾਰਮ ਭਰਨ ਦੀ ਹਲਕੇ ਦੇ ਪਿੰਡਾਂ ਕੋਟਸੁਖੀਆ, ਕਲੇਰ, ਢੁੱਡੀ ਅਤੇ ਮੋਰਾਂਵਾਲੀ ਤੋਂ ਸ਼ੁਰੂਆਤ ਕੀਤੀ ਗਈ। ਕਾਂਗਰਸ ਦੀ ਦੇਸ਼ਵਿਆਪੀ ‘ਵੋਟ ਚੋਰ ਗੱਦੀ ਛੋੜ’ ਮੁਹਿੰਮ ਤਹਿਤ ਫਾਰਮ ਭਰਨ ਬਾਰੇ ਜਾਣਕਾਰੀ ਦਿੰਦਿਆਂ ਅਜੈਪਾਲ ਸਿੰਘ ਸੰਧੂ ਨੇ ਆਖਿਆ ਕਿ ਉਕਤ ਫਾਰਮ ਪਾਰਟੀ ਹਾਈਕਮਾਂਡ ਰਾਹੀਂ ਮੁੱਖ ਚੋਣ ਕਮਿਸ਼ਨਰ ਨੂੰ ਭੇਜੇ ਜਾਣੇ ਹਨ। ਉਹਨਾ ਕਿਹਾ ਕਿ ਯੋਜਨਾਬੱਧ ਤਰੀਕੇ ਨਾਲ ਵੋਟਰਾਂ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਅਧਿਕਾਰੀਆਂ, ਕਰਮਚਾਰੀਆਂ ਅਤੇ ਏਜੰਟਾਂ ’ਤੇ ਮਾਮਲੇ ਦਰਜ ਕਰਕੇ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾ ਮੰਗ ਕੀਤੀ ਕਿ ਗਲਤ ਢੰਗ ਨਾਲ ਰੱਦ ਕੀਤੀਆਂ ਵੋਟਾਂ ਸਬੰਧੀ ਸ਼ਿਕਾਇਤ ਨਿਵਾਰਨ ਪ੍ਰਣਾਲੀ ਦਾ ਗਠਨ ਹੋਵੇ, ਆਖਰੀ ਸਮੇਂ ਵੋਟਰ ਸੂਚੀਆਂ ਵਿੱਚ ਨਾਮ ਦਰਜ ਕਰਨ ਅਤੇ ਨਾਮ ਕੱਟਣ ਦੀ ਹੁੰਦੀ ਪ੍ਰਕਿਰਿਆ ਬੰਦ ਹੋਣੀ ਚਾਹੀਦੀ ਹੈ। ਬਲਾਕ ਪ੍ਰਧਾਨ ਅਮਰਜੀਤ ਸਿੰਘ ਸੁੱਖਾ ਖਾਰਾ ਨੇ ਆਖਿਆ ਕਿ ‘ਵੋਟ ਚੋਰ ਗੱਦੀ ਛੋੜ’ ਮੁਹਿੰਮ ਤਹਿਤ ਭਰੇ ਜਾ ਰਹੇ ਫਾਰਮਾ ਵਿੱਚ ਇਹ ਸਾਰੀਆਂ ਗੱਲਾਂ ਦਰਜ ਹਨ। ਕਾਂਗਰਸ ਪਾਰਟੀ ਵੱਲੋਂ ਦੇਸ਼ ਭਰ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਅਰਥਾਤ ਹਰ ਹਲਕੇ ਵਿੱਚ ਅਜਿਹੇ ਫਾਰਮ ਭਰ ਕੇ ਚੋਣ ਕਮਿਸ਼ਨ ਨੂੰ ਭੇਜੇ ਜਾਣਗੇ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ। ਇਸ ਮੌਕੇ ਭਾਰੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਵੀ ਹਾਜਰ ਸਨ।