ਫਰੀਦਕੋਟ, 20 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਐਡੀਸ਼ਨਲ ਜਿਲਾ ਅਤੇ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਲਗਭਗ 2 ਸਾਲ ਪਹਿਲਾਂ ਥਾਣਾ ਸਦਰ ਫਰੀਦਕੋਟ ਪੁਲਿਸ ਵਲੋਂ ਹੈਰੋਇਨ ਬਰਾਮਦਗੀ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਇੱਕ ਦੋਸ਼ੀ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਇੱਕ ਮਹੀਨਾ 5 ਦਿਨ ਦੀ ਕੈਦ ਅਤੇ 5 ਹਜਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ ਅਤੇ ਜ਼ੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਉਸਨੂੰ 10 ਦਿਨ ਹੋਰ ਵੱਧ ਕੈਦ ਕੱਟਣੀ ਪਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਫਰੀਦਕੋਟ ਦੀ ਪੁਲਿਸ ਪਾਰਟੀ ਜਦ ਗਸ਼ਤ ਵਾ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਗੋਲੇਵਾਲਾ, ਘੋਨੀਵਾਲਾ, ਸਾਧਾਂਵਾਲਾ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਪਿੰਡ ਸਾਧਾਂਵਾਲਾ ਪੁਲ ਸੁਆ ’ਤੇ ਮੌਜੂਦ ਸੀ ਤਾਂ ਇੱਕ ਨੌਜਵਾਨ ਸਾਧਾਂਵਾਲਾ ਨੇੜੇ ਤੂਤਾਂ ਦੀ ਤਰਫੋਂ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਇਕਦਮ ਪਿੱਛੇ ਮੁੜਨ ਲੱਗਾ ਤਾ ਏ.ਐਸ.ਆਈ. ਚਮਕੌਰ ਸਿੰਘ ਇੰਚਾਰਜ ਚੌਕੀ ਗੋਲੇਵਾਲਾ ਦੇ ਦੇਖਦਿਆਂ ਪੈਦਲ ਨੋਜਵਾਨ ਨੇ ਪਹਿਨੀ ਹੋਈ ਪੈਂਟ ਦੀ ਖੱਬੀ ਜੇਬ ਵਿੱਚ ਇੱਕ ਲਿਫਾਫਾ ਪਾਰਦਰਸ਼ੀ ਕੱਢ ਕੇ ਸੁੱਟ ਦਿੱਤਾ, ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਉਸ ਦਾ ਨਾਮ ਪੁੱਛਣ ’ਤੇ ਉਸ ਨੇ ਆਪਣਾ ਨਾਮ ਛਿੰਦਰਪਾਲ ਸਿੰਘ ਉਰਫ ਸੁੱਖਾ ਵਾਸੀ ਪਿੰਡ ਸਾਧਾਂਵਾਲਾ ਦੱਸਿਆ, ਜਿਸ ਨੂੰ ਗਿ੍ਰਫਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ’ਤੇ ਅਦਾਲਤ ਨੇ ਦੋਨਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਛਿੰਦਰਪਾਲ ਸਿੰਘ ਨੂੰ ਸਜ਼ਾ ਅਤੇ ਜੁਰਮਾਨਾ ਕਰਨ ਦਾ ਹੁਕਮ ਕੀਤਾ।