ਡੀ.ਟੀ.ਐੱਫ., ਕੰਪਿਊਟਰ ਅਧਿਆਪਕ ਯੂਨੀਅਨ ਅਤੇ ਮੈਰੀਟੋਰੀਅਸ ਅਧਿਆਪਕ ਜਥੇਬੰਦੀ ਵੱਲੋਂ ਸਾਂਝੇ ਰੋਸ਼ ਪ੍ਰਦਰਸਨ
ਫਰੀਦਕੋਟ, 17 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਸੂਬੇ ਭਰ ਦੇ ਸਕੂਲਾਂ ਵਿੱਚ ਅਖੌਤੀ ਸਿੱਖਿਆ ਕ੍ਰਾਂਤੀ ਦੇ ਨਾਮ ਹੇਠ ਨੀਂਹ ਪੱਥਰਾਂ ਅਤੇ ਉਦਘਾਟਨੀ ਸਮਾਰੋਹਾਂ ਦੀ ਝੜੀ ਲਾਉਣ ਵਾਲੀ ਆਪ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਅਧਿਆਪਕ ਜੱਥੇਬੰਦੀਆਂ ਵੱਲੋਂ ਰੋਸ਼ ਪ੍ਰਦਰਸਨ ਕੀਤਾ ਗਿਆ। ਡੈਮੋਕ੍ਰੈਟਿਕ ਟੀਚਰਜ਼ ਫਰੰਟ, ਕੰਪਿਊਟਰ ਅਧਿਆਪਕ ਯੂਨੀਅਨ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ’ਤੇ ਵਾਅਦਾ ਖਿਲਾਫੀ ਦਾ ਦੋਸ਼ ਲਗਾਉਂਦਿਆਂ ਕਿਹਾ ਗਿਆ ਕਿ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕੰਪਿਊਟਰ ਅਧਿਆਪਕ, ਵਲੰਟੀਅਰ ਕੈਟਾਗਰੀ ਦੇ ਅਧਿਆਪਕ ਅਤੇ ਐਨ.ਐੱਸ.ਕਿਉ.ਐੱਫ. ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਤੋਂ ਲਗਾਤਾਰ ਆਨਾ ਕਾਨੀ ਕੀਤੀ ਜਾ ਰਹੀ ਹੈ । ਡੈਮੋਕ੍ਰੈਟਿਕ ਟੀਚਰਜ਼ ਫਰੰਟ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਅਤੇ ਸੀਨੀਅਰ ਮੀਤ ਪ੍ਰਧਾਨ ਹਰਜਸਦੀਪ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਠੰਡੇ ਬਸਤੇ ਪਾਉਣ ਅਤੇ ਅਧੂਰਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਵਾਲੀ ਸਰਕਾਰ ਹਾਲੇ ਤੱਕ ਅਧਿਆਪਕਾਂ ਨੂੰ ਮਾਰਚ ਮਹੀਨੇ ਦੀ ਤਨਖਾਹ ਜਾਰੀ ਨਹੀਂ ਕਰ ਸਕੀ। ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਕੱਟੇ ਹੋਏ ਭੱਤਿਆਂ ਨੂੰ ਬਹਾਲ ਕਰਨ ਏ.ਸੀ.ਪੀ. ਸਕੀਮ ਨੂੰ ਲਾਗੂ ਕਰਨ ਅਤੇ ਨਵੇਂ ਤਨਖਾਹ ਸਕੇਲਾਂ ਤਹਿਤ ਤਨਖਾਹ ਕਟੌਤੀ ਰੱਦ ਕਰਨ ਤੋਂ ਇਨਕਾਰੀ ਹੋ ਚੁੱਕੀ ਹੈ। ਉਨ੍ਹਾਂ ਆਦਰਸ਼ ਸਕੂਲ ਚਾਉਂਕੇ ਦੀ ਭ੍ਰਿਸ਼ਟ ਪ੍ਰਬੰਧਕੀ ਕਮੇਟੀ ਵੱਲੋਂ ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਅਤੇ ਹੱਕ ਮੰਗਦੇ ਅਧਿਆਪਕਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਜ਼ਬਰੀ ਜੇਲੀਂ ਡੱਕਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਲਿਫਾਫੇਬਾਜ਼ੀ ਲੋਕਾਂ ਸਾਹਮਣੇ ਆ ਚੁੱਕੀ ਹੈ ਜੋ ਕਿ ਜ਼ਿਆਦਾ ਦੇਰ ਨਹੀਂ ਚੱਲੇਗੀ। ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ, ਬਲਾਕ ਪ੍ਰਧਾਨ ਗੁਰਸੇਵਕ ਸਿੰਘ ਅਤੇ ਬਲਾਕ ਸਕੱਤਰ ਜਸਪ੍ਰੀਤ ਸਿੰਘ ਨੇ ਕੰਪਿਊਟਰ ਅਧਿਆਪਕਾਂ ਨਾਲ ਕੀਤੀ ਵਾਅਦਾ ਖਿਲਾਫੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਕੰਪਿਊਟਰ ਅਧਿਆਪਕ ਵਿਭਾਗ ਵਿੱਚੋਂ ਖਾਲੀ ਹੱਥ ਸੇਵਾ ਮੁਕਤ ਹੋ ਰਹੇ ਹਨ। ਵਲੰਟੀਅਰ ਕੈਟਾਗਰੀ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਨ ਲਈ ਮਜਬੂਰ ਹਨ। ਜ਼ਿਲਾ ਪ੍ਰੈਸ ਸਕੱਤਰ ਲਵਕਰਨ ਸਿੰਘ ਨੇ ਈ.ਟੀ.ਟੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਅਤੇ ਮਾਸਟਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀਆਂ ਸਮੇਂ ਸਟੇਸ਼ਨ ਚੋਣ ਦਾ ਹੱਕ ਖੋਹਣ ਨੂੰ ਜਮੂਹਰੀਅਤ ਦਾ ਘਾਣ ਦਸਦਿਆਂ ਇਹ ਹੱਕ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਇਸ ਸਮੇਂ ਕੁਲਦੀਪ ਸਿੰਘ ਘਣੀਆ ਬਲਾਕ ਪ੍ਰਧਾਨ, ਅਜਾਇਬ ਸਿੰਘ ਬਲਾਕ ਪ੍ਰਧਾਨ, ਕੁਲਵਿੰਦਰ ਸਿੰਘ ਬਰਾੜ ਬਲਾਕ ਪ੍ਰਧਾਨ, ਸਵਰਨਪਾਲ ਸਿੰਘ, ਨਵਪ੍ਰੀਤ ਸਿੰਘ ਬਰਾੜ, ਹਰਜੀਤ ਸਿੰਘ, ਗਗਨਦੀਪ ਸਿੰਘ, ਅਵਤਾਰ ਸਿੰਘ, ਰਾਜ ਕੁਮਾਰ ਟੋਨੀ, ਦਿਲਬਾਗ ਸਿੰਘ ਬਰਾੜ, ਹਰਮੰਦਰ ਸਿੰਘ, ਹਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਆਗੂ ਹਾਜ਼ਰ ਸਨ।