ਫਰੀਦਕੋਟ , 1 ਸਤੰਬਰ (ਵਰਲਡ ਪੰਜਾਬੀ ਟਾਈਮਜ਼)
5 ਸਤੰਬਰ ਅਧਿਆਪਕ ਦਿਵਸ ਮੌਕੇ ਜਿਲਾ ਫਰੀਦਕੋਟ ਦੇ ਸਮੁੱਚੇ ਸਿੱਖਿਆ ਵਿਭਾਗ ਵਿੱਚੋਂ ਤਕਰੀਬਨ 80 ਦੇ ਕਰੀਬ ਵੱਖ-ਵੱਖ ਪ੍ਰਾਪਤੀਆਂ ਵਾਲੇ ਅਧਿਆਪਕ ਸਾਹਿਬਾਨਾਂ ਨੂੰ ਸਿੱਖਿਆ ਵਿਭਾਗ ਫਰੀਦਕੋਟ ਦੇ ਅਧਿਕਾਰੀਆਂ ਦੇ ਸਾਂਝੇ ਸਹਿਯੋਗ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀਆਂ ਕਰਦਿਆਂ ਮਿਸ਼ਨ ਡਿਵੈਲਪਮੈਂਟ ਕਲੱਬ ਦੇ ਚੇਅਰਮੈਨ ਅਤੇ ਹੋਟਲ ਸ਼ਾਹੀ ਹਵੇਲੀ ਦੇ ਮੈਨੇਜਿੰਗ/ਡਾਇਰੈਕਟਰ ਅਰਸ਼ ਸੱਚਰ ਨੇ ਦੱਸਿਆ ਕਿ ਜਿਲਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀਮਤੀ ਨੀਲਮ ਰਾਣੀ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸ਼੍ਰੀਮਤੀ ਅੰਜਨਾ ਕੌਸ਼ਲ ਅਤੇ ਫਰੀਦਕੋਟ ਜ਼ਿਲ੍ਹੇ ਦੇ ਪੰਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਾਹਿਬਾਨਾ ਨਾਲ ਰਾਬਤਾ ਕਾਇਮ ਕਰਨ ਉਪਰੰਤ ਉਨਾਂ ਵੱਲੋਂ ਪ੍ਰਸਤਾਵਿਤ ਨਾਮ ਸੂਚੀਆਂ ਦੇ ਆਧਾਰ ‘ਤੇ ਅਧਿਆਪਕ ਦਿਵਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦੇਣ ਵਾਲੇ ਅਧਿਆਪਕਾਂ ਨੂੰ ਸ਼ਾਹੀ ਹਵੇਲੀ ਵਿਖੇ ਸਨਮਾਨਿਤ ਕੀਤਾ ਜਾਵੇਗਾ। ਅਰਸ਼ ਸੱਚਰ ਨੇ ਦੱਸਿਆ ਕਿ ਸਿੱਖਿਆ ਦਾ ਵਿਕਾਸ ਹੀ ਸੰਪੂਰਨ ਸਮਾਜ ਦਾ ਵਿਕਾਸ ਕਰ ਸਕਦਾ ਹੈ, ਸਮਾਜ ਦੇ ਵਿਕਾਸ ਲਈ ਇੱਕ ਅਧਿਆਪਕ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਉਹਨਾਂ ਦੱਸਿਆ ਕਿ ਇਸੇ ਲਈ ਉਹਨਾਂ ਨੇ ਜਿਲਾ ਭਰ ਵਿੱਚੋਂ ਅਧਿਆਪਕਾਂ ਨੂੰ ਇਸ ਸਨਮਾਨ ਸਮਾਰੋਹ ਲਈ ਸਿੱਖਿਆ ਵਿਭਾਗ ਦੀ ਮਦਦ ਨਾਲ ਚੁਣਿਆ ਹੈ ਤੇ ਇਹ ਆਪਣੇ ਆਪ ਵਿੱਚ ਇੱਕ ਵਿਲੱਖਣ ਪਹਿਲ ਹੋਵੇਗੀ। ਉਹਨਾਂ ਦੱਸਿਆ ਕਿ ਭਵਿੱਖ ਵਿੱਚ ਉਹ ਜਿਲੇ ਭਰ ਵਿੱਚੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਅਤੇ ਖਿਡਾਰੀਆਂ ਦੀ ਹੌਸਲਾ ਵਧਾਉਣ ਲਈ ਵੀ ਯੋਜਨਾ ਤਿਆਰ ਕਰ ਰਹੇ ਹਨ, ਜੋ ਕਿ ਸਿੱਖਿਆ ਵਿਭਾਗ ਦੇ ਮਾਨਯੋਗ ਅਧਿਕਾਰੀਆਂ ਦੀ ਮਦਦ ਨਾਲ ਸਿਰੇ ਲਗਾਉਣਗੇ। ਇਸ ਵਿੱਚ ਕਲੱਬ ਦੇ ਪ੍ਰਧਾਨ ਵਿਸ਼ਾਲ ਕੌਸ਼ਲ ਨੇ ਅਹਿਮ ਰੂਪ ਵਿੱਚ ਦੱਸਿਆ ਕਿ ਅਸੀਂ ਉਹਨਾਂ ਬੰਦਿਆਂ ਦੇ ਲਈ ਸਦਾ ਹਾਜ਼ਰ ਰਹਾਂਗੇ, ਜੋ ਸਮਾਜ ਲਈ ਕੁਝ ਨਾ ਕੁਝ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਦੇ ਸੈਕਟਰੀ ਤੇਜਬੀਰ ਮਾਨ, ਕਪਿਲ ਅਗਰਵਾਲ ਅਤੇ ਹਿਤੇਸ਼ ਗੋਇਲ ਆਦਿ ਵੀ ਹਾਜ਼ਰ ਸਨ।