ਗੁਰੂ ਸਮਾਨ ਅਧਿਆਪਕ ਦਾ ਸਨਮਾਨ ਬਰਕਰਾਰ ਰਹਿਣਾ ਚਾਹੀਦੈ : ਡਾ. ਛਾਬੜਾ


ਕੋਟਕਪੂਰਾ, 12 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹਰੀਨੌ ਦੇ 11 ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਮਨਜੀਤ ਸਿੰਘ ਔਲਖ ਦੀ ਅਗਵਾਈ ਹੇਠ ਹੋਏ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਪੀ.ਆਰ.ਓ. ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਅਧਿਆਪਕ ਦਿਵਸ ਅਰਥਾਤ 5 ਸਤੰਬਰ ਵਾਲੇ ਦਿਨ ਸਰਕਾਰ ਵੱਲੋਂ ਭਾਰੀ ਬਾਰਿਸ਼ ਕਾਰਨ ਛੁੱਟੀਆਂ ਦਾ ਐਲਾਨ ਹੋ ਜਾਣ ਕਰਕੇ ਅੱਜ ਸਨਮਾਨ ਸਮਾਰੋਹ ਕੀਤਾ ਜਾ ਰਿਹਾ ਹੈ। ਮਨਜੀਤ ਸਿੰਘ ਲਵਲੀ, ਇੰਸ. ਨਛੱਤਰ ਸਿੰਘ, ਅਮਰਦੀਪ ਸਿੰਘ ਮੀਤਾ ਅਤੇ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਲੱਬ ਵਲੋਂ ਇਸ ਸਕੂਲ ਨੂੰ ਗੋਦ ਲਿਆ ਗਿਆ ਹੈ ਤੇ ਅੱਜ ਦੇ ਸਮਾਗਮ ਦੌਰਾਨ 11 ਅਧਿਆਪਕਾਂ ਦੇ ਸਨਮਾਨ ਦੇ ਨਾਲ ਨਾਲ ਬੱਚਿਆਂ ਨੂੰ ਦੁੱਧ ਅਤੇ ਬਿਸਕੁਟ ਵੰਡ ਕੇ ਵੀ ਖੁਸ਼ੀ ਸਾਂਝੀ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਅਤੇ ਮੁੱਖ ਵਕਤਾ ਵਜੋਂ ਪੁੱਜੇ ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬੱਚਿਆਂ ਨੂੰ ਮਾੜੀ ਸੁਸਾਇਟੀ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਬਚਣ ਲਈ ਪੇ੍ਰਰਿਤ ਕਰਦਿਆਂ ਵੱਖ ਵੱਖ ਨੁਕਤਿਆਂ ਦੀ ਸਾਂਝ ਪਾਈ। ਉਹਨਾ ਵਰਤਮਾਨ ਸਰੋਕਾਰਾਂ ਦੀਆਂ ਅਨੇਕਾਂ ਉਦਾਹਰਨਾ ਦਿੰਦਿਆਂ ਆਖਿਆ ਕਿ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਵਿੱਚ ਅਧਿਆਪਕ ਵਰਗ ਦਾ ਬਹੁਤ ਵੱਡਾ ਯੋਗਦਾਨ ਹੈ, ਇਸ ਲਈ ਅਧਿਆਪਕਾਂ ਦਾ ਗੁਰੂ ਸਮਾਨ ਮਾਣ ਸਤਿਕਾਰ ਬਰਕਰਾਰ ਰਹਿਣਾ ਚਾਹੀਦਾ ਹੈ। ਡਾ. ਸੁਨੀਲ ਛਾਬੜਾ ਨੇ ਅਧਿਆਪਕ ਦਿਵਸ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਆਖਿਆ ਕਿ ਅਧਿਆਪਕ ਉਹ ਮੋਮਬੱਤੀ ਹੈ, ਜੋ ਖੁਦ ਨੂੰ ਸਾੜ ਕੇ ਸਮਾਜ ਨੂੰ ਰੋਸ਼ਨੀ ਵੰਡਣ ਤੋਂ ਗੁਰੇਜ ਨਹੀਂ ਕਰਦਾ। ਉਹਨਾਂ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਧਾਕਿ੍ਰਸ਼ਨਨ ਦੇ ਜਨਮ ਦਿਨ, ਸੋਚ ਅਤੇ ਕਾਬਲੀਅਤ ਦਾ ਜਿਕਰ ਕਰਦਿਆਂ ਦੱਸਿਆ ਕਿ ਆਪਣੇ ਜਨਮ ਦਿਨ ਨੂੰ ਡਾ. ਰਾਧਾ ਕਿ੍ਰਸ਼ਨਨ ਜੀ ਨੇ ਅਧਿਆਪਕ ਦਿਵਸ ਦੇ ਤੌਰ ’ਤੇ ਮਸ਼ਹੂਰ ਕਰ ਦਿੱਤਾ। ਮਾ. ਮੰਗਾ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਤੇ ਸਕੂਲ ਮੁਖੀ ਦੀਪਕ ਬਾਂਸਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਦਾਅਵਾ ਕੀਤਾ ਕਿ ਬੁਲਾਰਿਆਂ ਦੇ ਵਿਚਾਰ ਬੱਚਿਆਂ ਦੇ ਚੇਤਨ ਅਤੇ ਅਵਚੇਤਨ ਮਨ ਨੂੰ ਟੁੰਬਣਗੇ ਅਤੇ ਉਹਨਾਂ ਨੂੰ ਉਕਤ ਵਿਚਾਰਾਂ ਦਾ ਫਾਇਦਾ ਜਰੂਰ ਮਿਲੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੇਜ ਰਾਮ ਭੋਰਾ, ਹਰਿੰਦਰ ਸਿੰਘ ਗੋਗੀ ਪੰਚਾਇਤ ਮੈਂਬਰ, ਗੁਰਮੀਤ ਸਿੰਘ ਧਾਲੀਵਾਲ, ਗੁਰਚਰਨ ਸਿੰਘ ਪੇਂਟਰ ਅਤੇ ਜਸਵਿੰਦਰ ਸਿੰਘ ਹਨੀ ਆਦਿ ਵੀ ਹਾਜਰ ਸਨ।