ਜਿਲਾ ਕੌਂਸਲ ਫਰੀਦਕੋਟ ਦੀ ਮੀਟਿੰਗ ਵਿੱਚ ਸੀ.ਪੀ.ਆਈ. ਦੇ 25ਵੇਂ ਆਲ ਇੰਡੀਆ ਮਹਾਂ ਸੰਮੇਲਨ ਦੀਆਂ ਤਿਆਰੀਆਂ ਦਾ ਲਿਆ ਜਾਇਜਾ
ਕੋਟਕਪੂਰਾ, 16 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਮਰੀਕਨ ਸਾਮਰਾਜ ਦੀ ਸਿੱਧੀ ਹਮਾਇਤ ਨਾਲ ਇਜ਼ਰਾਇਲੀ ਜੰਗਬਾਜਾਂ ਵੱਲੋਂ ਨਸਲਘਾਤ ਦੀ ਨੀਤੀ ਤਹਿਤ ਪਿਛਲੇ ਡੇਢ ਸਾਲ ਦੌਰਾਨ 55,000 ਤੋਂ ਵੱਧ ਫਲਸਤੀਨੀ ਲੋਕਾਂ ਨੂੰ ਮਾਰ ਮੁਕਾਉਣ ਬਾਅਦ ਹੁਣ ਸ਼ੁੱਕਰਵਾਰ ਤੜਕਸਾਰ ਇਰਾਨ ਦੇ ਅਨੇਕ ਸ਼ਹਿਰਾਂ ਅਤੇ ਪ੍ਰਮਾਣੂ ਪਲਾਂਟ ’ਤੇ ਜਬਰਦਸਤ ਹਮਲਾ ਕਰਨ ਨਾਲ ਸੰਸਾਰ ਅਮਨ ਅਤੇ ਖਾਸ ਕਰਕੇ ਮੱਧ-ਪੂਰਬ ਦੇ ਖਿੱਤੇ ਲਈ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ. ਦੀ ਕੌਮੀ ਕੌਂਸਲ ਮੈਂਬਰ ਕਾਮਰੇਡ ਹਰਦੇਵ ਅਰਸ਼ੀ ਨੇ ਸਥਾਨਕ ’ਸ਼ਹੀਦ ਕਾਮਰੇਡ ਅਮੋਲਕ ਭਵਨ’ ਵਿਖੇ ਪਾਰਟੀ ਦੀ ਜਿਲਾ ਕੌਂਸਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਕਾਮਰੇਡ ਸੁਖਦਰਸ਼ਨ ਰਾਮ ਸ਼ਰਮਾ ਔਲਖ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੇ ਸ਼ੁਰੂ ਵਿੱਚ ਅਹਿਮਦਾਬਾਦ ਹਵਾਈ ਜਹਾਜ ਹਾਦਸੇ ਵਿੱਚ ਮਾਰੇ ਗਏ 275 ਮੁਸਾਫ਼ਰਾਂ ਅਤੇ ਹੋਰਨਾਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦੂਜੇ ਸ਼ੋਕ ਮਤੇ ਵਿੱਚ ਕਾਮਰੇਡ ਗੁਰਮੀਤ ਸਿੰਘ ਸ਼ੁਗਲੀ, ਟਰਸਟੀ ‘ਨਵਾਂ ਜਮਾਨਾ’ ਦੀ ਅਚਾਨਕ ਹੋਈ ਮੌਤ ’ਤੇ ਦੁੱਖ ਪ੍ਰਗਟ ਕੀਤਾ ਗਿਆ। ਕਾਮਰੇਡ ਅਰਸ਼ੀ ਨੇ ਮੋਦੀ ਸਰਕਾਰ ਦੀ ਇਜਰਾਇਲ ਪ੍ਰਤੀ ਉਲਾਰ ਵਿਦੇਸ਼ ਨੀਤੀ ਦੀ ਨੁਕਤਾਚੀਨੀ ਕਰਦੇ ਹੋਏ ਭਾਰਤ ਦੀ ਫਲਸਤੀਨ ਅਤੇ ਇਰਾਨ ਦੇ ਹੱਕ ਵਿੱਚ ਖੜੇ ਹੋਣ ਦੀ ਪੁਰਾਣੀ ਨੀਤੀ ’ਤੇ ਮਜਬੂਤੀ ਨਾਲ ਕਾਇਮ ਰਹਿਣ ਦੀ ਮੰਗ ਕੀਤੀ। ਮੀਟਿੰਗ ਦੌਰਾਨ ਪਿਛਲੇ ਦਿਨੀ 7 ਜੂਨ ਨੂੰ ਪਿੰਡ ਔਲਖ ਵਿੱਚ ਕਾਮਰੇਡ ਅਮੋਲਕ ਸਿੰਘ ਅਤੇ ਉਸਦੇ ਨਾਲ ਸ਼ਹੀਦ ਹੋਏ ਛੇ ਸਾਥੀਆਂ ਦੀ 34ਵੀਂ ਬਰਸੀ ਦੀ ਸਫਲਤਾ ਲਈ ਜ਼ਿਲ੍ਹੇ ਦੇ ਸਾਰੇ ਮੈਂਬਰਾਂ ਖਾਸ ਕਰਕੇ ਔਲਖ ਬ੍ਰਾਂਚ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਪ੍ਰੰਪਰਾ ਨੂੰ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ। ਭਾਰਤੀ ਕਮਿਊਨਿਸਟ ਪਾਰਟੀ ਦੇ ਸਾਬਕਾ ਵਿਧਾਇਕ ਕਾਮਰੇਡ ਅਰਸ਼ੀ ਨੇ ਪਾਰਟੀ ਦੇ ਸਤੰਬਰ ਦੇ ਮਹੀਨੇ ਚੰਡੀਗੜ੍ਹ ਵਿੱਚ ਹੋਣ ਜਾ ਰਹੇ 25ਵੇਂ ਆਲ ਇੰਡੀਆ ਮਹਾਂ ਸੰਮੇਲਨ ਦੀ ਤਿਆਰੀ ਸਬੰਧੀ ਕੋਈ ਕਸਰ ਬਾਕੀ ਨਾ ਛੱਡਣ ਲਈ ਸਾਰੇ ਪਾਰਟੀ ਮੈਂਬਰਾਂ ਅਤੇ ਹਮਦਰਦ ਸੱਜਣਾਂ ਨੂੰ ਅਪੀਲ ਕੀਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਯੋਜਨਾ ਬਧ ਢੰਗ ਨਾਲ ਮੁਹਿੰਮ ਚਲਾ ਕੇ ਇੱਕ ਲੱਖ ਰੁਪਏ ਦੀ ਸਹਾਇਤਾ ਪਾਰਟੀ ਨੂੰ ਭੇਜਣ ਦਾ ਨਿਸ਼ਚਾ ਪ੍ਰਗਟ ਕੀਤਾ ਗਿਆ। ਇਸ ਮੌਕੇ ਜਿਲਾ ਕੈਸ਼ੀਅਰ ਮਾਸਟਰ ਗੁਰਚਰਨ ਸਿੰਘ ਮਾਨ ਨੇ ਦੱਸਿਆ ਕਿ ਹੁਣ ਤੱਕ ਜਿਲੇ ਵੱਲੋਂ 25ਵੀਂ ’ਪਾਰਟੀ ਕਾਂਗਰਸ’ ਲਈ ਇਕ ਲੱਖ ਰੁਪਏ ਤੋਂ ਵੱਧ ਰਾਸ਼ੀ ਭੇਜੀ ਗਈ ਹੈ ਜਿਸ ਵਿੱਚ ਜਿਲਾ ਸਕੱਤਰ ਅਸ਼ੋਕ ਕੌਸ਼ਲ ਦਾ 51,000 ਰੁਪਏ ਦਾ ਯੋਗਦਾਨ ਸ਼ਾਮਿਲ ਹੈ। ਪੰਜਾਬ ਪੈਨਸ਼ਨਰ ਯੂਨੀਅਨ ਜਿਲਾ ਫਰੀਦਕੋਟ ਵਲੋਂ ਭੇਜੀ ਗਈ ਮਦਦ ਇਸ ਤੋਂ ਵੱਖਰੀ ਹੈ। ਮੀਟਿੰਗ ਨੂੰ ਕਾਰਜਕਾਰੀ ਜਿਲਾ ਸਕੱਤਰ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਹਰਪਾਲ ਸਿੰਘ ਮਚਾਕੀ, ਕਾਮਰੇਡ ਸ਼ਾਮ ਸੁੰਦਰ ਫਰੀਦਕੋਟ, ਜਗਤਾਰ ਸਿੰਘ ਭਾਣਾ ਸਾਬਕਾ ਸਰਪੰਚ ਨੇ ਵੀ ਸੰਬੋਧਨ ਕੀਤਾ। ਇਕ ਮਤਾ ਪਾਸ ਕਰਕੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਦੇ ਹੋਏ ਇਸ ਨੂੰ ਤੁਰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਫੈਸਲਾ ਕੀਤਾ ਗਿਆ ਕਿ 17 ਜੂਨ ਨੂੰ ਫਰੀਦਕੋਟ ਵਿਖੇ ਇਜ਼ਰਾਈਲ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਮਨਜੀਤ ਕੌਰ ਨੱਥੇਵਾਲਾ, ਇੰਦਰਜੀਤ ਸਿੰਘ ਗਿੱਲ, ਵੀਰ ਸਿੰਘ ਕੰਮੇਆਣਾ, ਬੋਹੜ ਸਿੰਘ ਔਲਖ, ਗੁਰਦੀਪ ਸਿੰਘ ਭੋਲਾ, ਹਰਮੀਤ ਸਿੰਘ, ਮੁਖਤਿਆਰ ਸਿੰਘ ਭਾਣਾ, ਉਤਮ ਸਿੰਘ ਸਾਦਿਕ, ਜਗਤਾਰ ਸਿੰਘ ਰਾਜੋਵਾਲਾ ਅਤੇ ਪ੍ਰਦੀਪ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।