ਕੋਟਕਪੂਰਾ, 20 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ)
ਆਰ.ਐਸ.ਐਸ. ਭਾਜਪਾ ਸਮੇਤ ਹੋਰ ਮਨੂਵਾਦੀਆਂ ਨੂੰ ਉਹਨਾਂ ਦੇ ਭਗਵਾਨ ਮੁਬਾਰਕ। ਬਹੁਜਨ ਸਮਾਜ ਦੇ ਇਕ ਮਾਤਰ ਭਗਵਾਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਹਨ। ਜੇਕਰ ਬਾਬਾ ਸਾਹਿਬ ਨਾ ਹੁੰਦੇ ਤਾਂ ਕਰੋੜਾਂ ਅਛੂਤਾਂ ਸਛੂਤਾਂ ਦੀ ਕੋਈ ਹੋਂਦ ਨਾ ਹੁੰਦੀ। ਉਹਨਾਂ ਦੁਆਰਾ ਰਚਿਤ ਸੰਵਿਧਾਨ ਦੀ ਬਦੌਲਤ ਹੀ ਸਦੀਆਂ ਤੋਂ ਦੁਰਕਾਰੇ ਗਏ ਲੋਕਾਂ ਨੂੰ ਅੱਜ ਮਾਨਵੀ ਅਧਿਕਾਰ ਮਿਲੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਿਉਂਸਪਲ ਚੋਣਾਂ ਸੰਬੰਧੀ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੂਰਜ ਭਾਨ ਬਿੱਲਾ ਦੇ ਹੱਕ ਵਿੱਚ ਪ੍ਰਚਾਰ ਦੇ ਆਖਰੀ ਦਿਨ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਲਾਲ ਸਿੰਘ ਸੁਲਹਾਣੀ ਵੱਲੋਂ ਭਾਜਪਾ ਆਗੂ ਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਬਾਬਾ ਸਾਹਿਬ ਪ੍ਰਤੀ ਕੀਤੀ ਗਈ ਅਪਮਾਨਜਨਕ ਟਿੱਪਣੀ ਸਬੰਧੀ ਰੋਸ ਜਤਾਉਂਦਿਆਂ ਕੀਤਾ ਗਿਆ। ਸ੍ਰ. ਸੁਲਹਾਣੀ ਨੇ ਆਖਿਆ ਕਿ ਬਾਬਾ ਸਾਹਿਬ ਦੁਆਰਾ ਕੀਤੇ ਗਏ ਸੰਘਰਸ਼ ਦੀ ਬਦੌਲਤ ਬਹੁਜਨ ਸਮਾਜ ਸਵੈਮਾਣ ਭਰੀ ਜਿੰਦਗੀ ਜਿਉਣ ਦੇ ਲਾਇਕ ਬਣਿਆ ਹੈ ਅਤੇ ਉਹ ਆਪਣੀ ਗੁਲਾਮੀ ਦੀਆਂ ਜੰਜੀਰਾਂ ਕੱਟਣ ਲਈ ਸੰਘਰਸ਼ਸ਼ੀਲ ਹੈ। ਮਨੂਵਾਦੀ ਆਰੀਆ ਪੁੱਤਰਾਂ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ। ਇਕ ਪਾਸੇ ਉਹ ਬਹੁਜਨ ਸਮਾਜ ਨੂੰ ਗੁੰਮਰਾਹ ਕਰਨ ਲਈ ਬਾਬਾ ਸਾਹਿਬ ਦਾ ਨਾਮ ਜਪਦੇ ਰਹਿੰਦੇ ਹਨ ਅਤੇ ਉਹਨਾਂ ਦੇ ਸਤਿਕਾਰ ਕਰਨ ਦਾ ਪਾਖੰਡ ਕਰਦੇ ਹਨ। ਦੂਜੇ ਪਾਸੇ ਉਹ ਆਪਣੀ ਗੰਦੀ ਅਤੇ ਗੈਰ ਮਾਨਵੀ ਮਾਨਸਿਕਤਾ ਦਾ ਪ੍ਰਗਟਾਵਾ ਵੀ ਕਰਦੇ ਰਹਿੰਦੇ ਹਨ। ਸੁਲਹਾਣੀ ਨੇ ਆਪਣੀ ਰੋਸ ਟਿਪਣੀ ਜਾਰੀ ਰੱਖਦਿਆਂ ਆਖਿਆ ਕਿ ਵੀਹਵੀਂ ਸਦੀ ਦੇ ਮਹਾਨ ਚਿੰਤਕ ਆਧੁਨਿਕ ਭਾਰਤ ਦੇ ਸ਼ਿਲਪਕਾਰ, ਔਰਤਾਂ ਅਤੇ ਕਰੋੜਾਂ ਅਛੂਤਾਂ ਦੇ ਮੁਕਤੀ ਦਾਤਾ ਬਾਬਾ ਸਾਹਿਬ ਸਬੰਧੀ ਮੰਦੀ ਭਾਵਨਾ ਨਾਲ ਕੀਤੀ ਜਾ ਰਹੀ ਭੱਦੀ ਬਿਆਨਬਾਜੀ ਮਨੂਵਾਦੀ ਆਗੂਆਂ ਦੀ ਮਾੜੀ ਸੋਚਤੇ ਘਿਨਾਉਣੇ ਮਨਸੂਬਿਆਂ ਦਾ ਪ੍ਰਗਟਾਵਾ ਹੈ ਜੋ ਅਤਿ ਨਿੰਦਣਯੋਗ ਹੈ।

