ਮਾਨਿਆ ਨੇ ਜਿੱਤਿਆ ਮਿਸ ਪੰਜਾਬਣ 2026 ਦਾ ਖਿਤਾਬ
ਬਠਿੰਡਾ, 24ਫ਼ਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੱਕਾ ਕਲਾਂ ਰਿਫਾਇਨਰੀ ਰੋਡ ਤੇ ਪੈਂਦੇ ਸੇਂਟ ਜੇਵੀਅਰ ਸਕੂਲ ਵੱਲੋਂ ਚੌਥਾ ਵਿਰਾਸਤੀ ਮੇਲਾ ਕਰਵਾਇਆ ਗਿਆ। ਇਸ ਮੌਕੇ ਗੋਲਡਨ ਡੇਜ ਪਬਲਿਕ ਸਕੂਲ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਰਾਸਤੀ ਮੇਲੇ ਦਾ ਆਰੰਭ ਸਕੂਲ ਡਾਇਰੈਕਟਰ ਮਿਸਟਰ ਥਾਮਸ ਨੇ ਸਮਾਂ ਰੌਸ਼ਨ ਕਰਕੇ ਕੀਤਾ ਤੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸਕੂਲ ਪ੍ਰਿੰਸੀਪਲ ਮਿਸਟਰ ਜੈਕਬ, ਕੈਂਪਸ ਇੰਚਾਰਜ ਜਗਵਿੰਦਰ ਸਿੰਘ, ਰਾਹੁਲ ਮਹਿਤਾ ਪ੍ਰਿੰਸੀਪਲ ਗੋਲਡਨ ਡੇਜ ਸਕੂਲ ਸਮੇਤ ਸੇਂਟ ਜੇਵੀਅਰ ਦੀ ਸਮੂਹ ਕੌਂਸਲ ਟੀਮ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸਵਾਗਤੀ ਗੀਤ ਨਾਲ ਕੀਤੀ ਗਈ ਅਤੇ ਵਿਦਿਆਰਥੀਆਂ ਵੱਲੋਂ ਆਪਣੀ ਪੇਸ਼ਕਾਰੀ ਦੌਰਾਨ ਗਿੱਧਾ, ਭੰਗੜਾ, ਮਾਇਮ, ਨਾਟਕ, ਕਵਿਤਾ ਆਦਿ ਪੇਸ਼ ਕੀਤੇ ਗਏ। ਸਟੇਜ ਪ੍ਰੋਗਰਾਮ ਦੇ ਨਾਲ ਨਾਲ ਮਿਸਟਰ ਐਂਡ ਮਿਸ ਪੰਜਾਬਣ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਮੁਕਾਬਲੇ ਵਿੱਚ ਪ੍ਰਤੀਯੋਗਤਾ ਨੇ ਪੰਜਾਬੀ ਪਹਿਰਾਵੇ ਦੌਰਾਨ ਹੁਨਰ ਪੇਸ਼ ਕੀਤਾ।ਇਸ ਮੁਕਾਬਲੇ ਵਿੱਚ ਬਠਿੰਡਾ ਸ਼ਹਿਰ ਦੀ ਛੋਟੀ ਬੱਚੀ ਮਾਨਿਆ ਨੇ ਮਿਸ ਪੰਜਾਬਣ ਦੀ ਟਰਾਫ਼ੀ ਤੇ ਨਗਦ ਇਨਾਮ ਜਿੱਤਿਆ । ਸਟੇਜ ਸਕੱਤਰ ਦੀ ਭੂਮਿਕਾ ਮੈਡਮ ਮਨੀਸ਼ਾ ਨੇ ਬਾਖੂਬ ਨਿਭਾਈ। ਸਕੂਲ ਪ੍ਰਿੰਸੀਪਲ ਮਿਸਟਰ ਜੈਕਬ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਡਾਇਰੈਕਟਰ ਮਿਸਟਰ ਥਾਮਸ ਨੇ ਸੰਗਤ ਮੰਡੀ ਅਤੇ ਰਾਮਾਂ ਮੰਡੀ ਇਲਾਕੇ ਦਾ ਪਹਿਲਾ Ai & Robotic ਸਕੂਲ ਦੀ ਸ਼ੁਰੂਆਤ ਕਰਨ ਦੀ ਨਵੇ ਸੈਸ਼ਨ ਤੋਂ ਹਰੀ ਝੰਡੀ ਦਿਤੀ । ਸਮੂਹ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸ਼ੇਟ ਜੇਵੀਅਰਜ ਸਕੂਲ ਵਿਖੇ ਸ਼ੂਟਿੰਗ ਰੇਜ਼ ਅਕੈਡਮੀ ਦੀ ਰਿਬਨ ਕੱਟ ਕੇ ਸ਼ੁਰੂਆਤ ਕੀਤੀ । ਪ੍ਰੋਗਰਾਮ ਦੇ ਨਾਲ ਨਾਲ ਮੇਲੇ ਵਿੱਚ ਬਣਿਆ ਪੁਰਾਣਾ ਪੰਜਾਬ, ਵਿਰਾਸਤੀ ਸਮਾਨ ਖਿੱਚ ਦਾ ਕੇਂਦਰ ਰਿਹਾ। ਕੈਂਪਸ ਇੰਚਾਰਜ ਜਗਵਿੰਦਰ ਸਿੰਘ ਨੇ ਦੱਸਿਆ ਕਿ ਵਿਰਾਸਤੀ ਮੇਲੇ ਦਾ ਮਕਸਦ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਣ ਤੇ ਜਾਣਕਾਰੀ ਦੇਣਾ ਹੈ। ਮਿਸਟਰ ਐਂਡ ਮਿਸ ਪੰਜਾਬਣ ਮੁਕਾਬਲੇ ਬੱਚਿਆਂ ਨੂੰ ਆਪਣੇ ਅਮੀਰ ਪੰਜਾਬੀ ਪਹਿਰਾਵੇ ਨਾਲ ਜੋੜਣ ਲਈ ਰੱਖਿਆ ਗਿਆ। ਇਸ ਮੁਕਾਬਲੇ ਦੀ ਜੱਜਮੈਂਟ ਬਿੱਗ ਬੱਡੀ ਫਿਲਮ ਦੇ ਡਾਇਰੈਕਟਰ ਲੱਕੀ ਸਿੰਘ ਅਤੇ ਪੰਜਾਬੀ ਗਾਇਕਾ ਮੈਂਡੀ ਮਸੌਣ ਵਲੋਂ ਕੀਤੀ ਗਈ । ਮੇਲੇ ਦੌਰਾਨ ਵਿਦਿਆਰਥੀਆਂ ਲਈ ਵੱਖ ਵੱਖ ਤਰ੍ਹਾਂ ਦੇ ਝੂਲੇ ਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ। ਗੋਲਡਨ ਡੇਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਰਾਹੁਲ ਮਹਿਤਾ ਨੇ ਸ਼ਾਨਦਾਰ ਪ੍ਰੋਗਰਾਮ ਲਈ ਵਧਾਈ ਦਿੱਤੀ। ਸਕੂਲ ਦੇ ਇਸ ਵਿਰਾਸਤੀ ਮੇਲੇ ਦੇ ਠਾਠਾ ਮਾਰਦੇ ਇਕੱਠ ਨੂੰ ਵੇਖ ਕੇ ਸਕੂਲ ਡਾਇਰੈਕਟਰ ਮਿਸਟਰ ਥਾਮਸ ਨੇ ਅਗਾਂਹ ਤੋਂ ਵੀ ਇਲਾਕੇ ਦੇ ਸਹਿਯੋਗ ਨਾਲ ਇਸ ਤੋਂ ਵੀ ਵੱਡਾ ਮੇਲਾ ਕਰਵਾਉਣ ਲਈ ਕਿਹਾ।

