ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੀ ਸੂਬਾ ਇਕਾਈ ਦੇ ਕੋਆਰਡੀਨੇਟਰ ਹਰਦੀਪ ਸ਼ਰਮਾ ਬਾਹਮਣ ਵਾਲਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ ਦਿਨੀਂ ਅਰਵਿੰਦ ਕੇਜਰੀਵਾਲ ਨੇ ਦੂਜੇ ਪ੍ਰਾਂਤਾਂ ਵਿੱਚ ਜਾ ਕੇ ਇੱਕ ਵਾਰ ਫੇਰ ਵੱਡਾ ਝੂਠ ਬੋਲਿਆ ਹੈ, ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਜਿਹੜੇ ਲੋਕ ਹੜ ਪੀੜਤ ਸਨ, ਓਹਨਾ ਨੂੰ ਸਾਡੀ ਪਾਰਟੀ ਦੀ ਸਰਕਾਰ ਨੇ 50-50 ਹਜਾਰ ਰੁਪਏ ਦੇ ਵੀ ਦਿੱਤੇ ਹਨ। ਇਹ ਕਿਸਾਨ ਭਾਈਚਾਰੇ ਨਾਲ ਇੱਕ ਕੋਝਾ ਮਜਾਕ ਹੈ, ਹੜ੍ਹਾਂ ਕਾਰਨ ਜਿਨ੍ਹਾਂ ਕਿਸਾਨ ਵੀਰਾਂ ਦੀਆਂ ਫਸਲਾਂ, ਪਸ਼ੂ, ਘਰਾਂ, ਸਾਧਨਾਂ ਆਦਿ ਦਾ ਨੁਕਸਾਨ ਹੋਇਆ ਹੈ, ਇਹ ਓਹਨਾ ਦੀ ਦੁਖਦੀ ਰਗ ਤੇ ਲੂਣ ਛਿੜਕਿਆ ਜਾ ਰਿਹਾ ਹੈ। ਓਹਨਾ ਦੀ ਮਜਬੂਰੀ ਨੂੰ ਰਾਜਨੀਤੀ ਦਾ ਇਕ ਝੂਠਾ ਅਸਤਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਦਾ ਦੁੱਖ ਭਾਜਪਾ ਦੀ ਕੇਂਦਰ ਸਰਕਾਰ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਪਰ ਕੇਜਰੀਵਾਲ ਕਿਸਾਨਾਂ ਦੇ ਦੁਖਾਂ ਤੇ ਝੂਠੀ ਰਾਜਨੀਤੀ ਕਰ ਰਿਹਾ ਹੈ, ਜਿਸਨੂੰ ਕੇ ਭਾਰਤੀ ਜਨਤਾ ਪਾਰਟੀ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕਰੇਗੀ। ਜਦੋਂ ਕਿ ਪੰਜਾਬ ਵਿੱਚ ਅਜਿਹਾ ਕੋਈ ਵੀ ਪੈਸਾ ਕਿਸੇ ਵੀ ਪੀੜ੍ਹਤ ਕਿਸਾਨ ਨੂੰ ਹਾਲੇ ਤੱਕ ਨਹੀਂ ਮਿਲਿਆ। ਸ਼ਰਮਾਂ ਨੇ ਬੋਲਦੇ ਹੋਏ ਕਿਹਾ ਕਿ ਕੇਜਰੀ ਦੁਨੀਆ ਦਾ ਸਭ ਤੋਂ ਝੂਠਾ ਵਿਅਕਤੀ ਹੈ, ਇਹ ਬੰਦਾ ਤਾਂ ਅੰਨਾ ਹਜਾਰੇ ਦਾ ਸਕਾ ਨਹੀਂ ਹੋਇਆ’ ਇਸ ‘ਤੇ ਕੋਈ ਹੋਰ ਕਿਵੇਂ ਵਿਸ਼ਵਾਸ਼ ਕਰ ਸਕਦਾ ਹੈ। ਇਸ ਵਿਅਕਤੀ ਨੇ ਝੂਠ ਦੇ ਸਿਰ ਤੇ ਆਪਣੀ ਪਾਰਟੀ ਖੜੀ ਕੀਤੀ ਅਤੇ ਅੱਜ ਤੱਕ ਝੂਠ ‘ਤੇ ਝੂਠ ਬੋਲਦਾ ਆਇਆ ਹੈ, ਇਹ ਸਿਰਫ ਕੁਰਸੀ ਅਤੇ ਸ਼ਕਤੀ ਦਾ ਭੁੱਖਾ ਹੈ। ਕੇਜਰੀਵਾਲ ਵੱਲੋਂ ਕੀਤੇ ਕੋਈ ਵੀ ਵਾਅਦੇ ਅੱਜ ਤੱਕ ਵਫ਼ਾ ਨਹੀਂ ਹੋਏ ਹਨ। ਦਿੱਲੀ ਦੇ ਨਿਵਾਸੀ ਵੀ ਇਹਨਾਂ ਦੀ ਸਰਕਾਰ ਬਣਾ ਕੇ ਖੁਦ ਨੂੰ ਲੁੱਟਿਆ-ਲੁੱਟਿਆ ਮਹਿਸੂਸ ਕਰ ਰਹੇ ਸਨ, ਇਸੇ ਲਈ ਇਸ ਵਾਰ ਓਹਨਾ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਹੈ। ਜੇਕਰ ਪੰਜਾਬ ਵਿੱਚ ਸਾਰੇ ਹੜ ਪੀੜਤਾਂ ਨੂੰ ਮੁਆਵਜਾ ਮਿਲ ਚੁੱਕਿਆ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਇਸ ਗੱਲ ਨੂੰ ਸਹੀ ਸਾਬਤ ਕਰਨ ਨਹੀਂ ਤਾਂ ਇਹ ਪਾਰਟੀ ਲੋਕਾਂ ਦੇ ਜਜ਼ਬਾਤਾਂ ਅਤੇ ਉਮੀਦਾਂ ਦਾ ਮਜ਼ਾਕ ਬਣਾਉਣਾ ਛੱਡ ਦੇਵੇ। ਜਨਤਾ ਸੱਚ ਨੂੰ ਪਹਿਚਾਣ ਚੁੱਕੀ ਹੈ, ਲੋਕ ਜਾਣਦੇ ਹਨ ਕਿ ਕੌਣ ਸਹੀ ਹੈ ਅਤੇ ਕੌਣ ਗ਼ਲਤ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਪੰਜਾਬ ਦਾ ਹਰ ਕਿਸਾਨ ਸਮਝ ਚੁੱਕਿਆ ਹੈ ਕਿ ਸਾਨੂੰ ਕੌਣ ਗ਼ਲਤ ਗਾਈਡ ਕਰ ਰਿਹਾ ਹੈ, ਸਭ ਕਿਸਾਨ ਜਾਣਦੇ ਹਨ ਕਿ ਭਾਜਪਾ ਹੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਸੱਚੀ ਹਮਦਰਦ ਪਾਰਟੀ ਹੈ। ਬੇਸ਼ੱਕ ਕੁਛ ਹੋਰ ਰਾਜਨੀਤਕ ਪਾਰਟੀਆਂ ਨੇ ਸਾਨੂੰ ਸੱਚ ਤੋਂ ਬਹਿਕਾ ਦਿੱਤਾ ਸੀ ਪਰ ਹੁਣ ਅਸੀਂ ਕੇਂਦਰ ਨਾਲ ਮਿਲਦੀ ਜੁਲਦੀ ਸਰਕਾਰ ਹੀ ਪੰਜਾਬ ਵਿੱਚ ਲਿਆਵਾਂਗੇ ਤਾਂ ਕੇ ਅਸੀਂ ਵੀ ਹਰਿਆਣੇ ਵਾਂਗੂੰ ਆਪਣੇ ਸੂਬੇ ਦਾ ਸਰਵਪੱਖੀ ਵਿਕਾਸ ਕਰ ਸਕੀਏ। ਹਰਦੀਪ ਸ਼ਰਮਾ ਨੇ ਅੱਗੇ ਕਿਹਾ ਕਿ ਆਉਣ ਵਾਲੀਆਂ 2027 ਚੋਣਾਂ ਵਿੱਚ ਜਨਤਾ ਜਨਾਰਦਨ ਇਹਨਾਂ ਨੂੰ ਸਹੀ ਸ਼ੀਸ਼ਾ ਦਿਖਾ ਦੇਵੇਗੀ। ਇਸ ਮੋਕੇ ਓਹਨਾਂ ਨਾਲ ਪਵਨ ਕੁਮਾਰ ਬਾਹਮਣਵਾਲਾ, ਸੂਬਾ ਸਿੰਘ, ਗਗਨ ਸ਼ਰਮਾ ਸਮੇਤ ਕਈ ਹੋਰ ਸਾਥੀ ਵੀ ਹਾਜ਼ਰ ਸਨ।

