ਪਾਣੀ ਦੀ ਸਪਲਾਈ ਤੁਰਤ ਬਹਾਲ ਕਰਨ ਅਤੇ ਕਲੋਨੀ ਦੇ ਮੇਨ ਗੇਟ ਕੋਲ ਇੰਟਰਲਾਕ ਟਾਇਲਾਂ ਲਾਉਣ ਦਾ ਕੰਮ ਤੁਰਤ ਸ਼ੁਰੂ ਕਰਨ ਦੇ ਲਏ ਫੈਸਲੇ : ਚਾਨਾ/ਚਾਵਲਾ
ਕੋਟਕਪੂਰਾ, 6 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਬਠਿੰਡਾ ਰੋਡ ਤੇ ਸਥਿਤ ਪੁੱਡਾ ਤੋਂ ਮਾਨਤਾ ਪ੍ਰਾਪਤ ਕਲੋਨੀ ਅਰਵਿੰਦ ਨਗਰ ਦੇ ਵਸਨੀਕਾਂ ਵੱਲੋਂ ਨਵੀਂ ਬਣਾਈ ਗਈ ਅਰਵਿੰਦ ਨਗਰ ਵਿਕਾਸ ਕਮੇਟੀ (ਰਜਿਸਟਰਡ) ਦੇ ਸਮੂਹ ਅਹੁਦੇਦਾਰਾਂ ਵੱਲੋਂ ਪ੍ਰਧਾਨ ਸੰਤੋਖ ਸਿੰਘ ਚਾਨਾ ਦੀ ਅਗਵਾਈ ਹੇਠ ਕਲੋਨੀ ਦੇ ਪ੍ਰਮੋਟਰ ਦੇ ਪ੍ਰਤੀਨਿਧ ਕਮਲ ਗੁਪਤਾ ਨਾਲ ਪਿਛਲੇ ਦਿਨੀਂ ਇੱਕ ਮੀਟਿੰਗ ਕੀਤੀ ਗਈ। ਵਿਕਾਸ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਚਾਨਾ, ਜਨਰਲ ਸਕੱਤਰ ਪ੍ਰੇਮ ਚਾਵਲਾ ਅਤੇ ਪ੍ਰੈਸ ਸਕੱਤਰ ਹਰਵਿੰਦਰ ਸਿੰਘ ਪੁਰਬਾ ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਕਲੋਨੀ ਦੇ ਮੁੱਖ ਗੇਟ ਕੋਲ ਇੰਟਰਲੋਕ ਟਾਈਲਾਂ ਲਵਾਉਣ, ਪਿਛਲੇ ਕਈ ਮਹੀਨਿਆਂ ਤੋਂ ਬੰਦ ਪਾਣੀ ਦੀ ਸਪਲਾਈ ਤੁਰੰਤ ਬਹਾਲ ਕਰਨ ਅਤੇ ਕਲੋਨੀ ਦੀ ਦਿੱਖ ਨੂੰ ਹੋਰ ਸੰਵਾਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਮੋਟਰ ਦੇ ਪ੍ਰਤੀਨਿਧ ਕਮਲ ਗੁਪਤਾ ਵੱਲੋਂ ਤੁਰਤ ਪ੍ਰਮੋਟਰ ਅਰਵਿੰਦ ਸਿੰਗਲਾ ਨਾਲ ਫੋਨ ਤੇ ਗੱਲਬਾਤ ਕੀਤੀ ਗਈ। ਇਸ ਉਪਰੰਤ ਮੀਟਿੰਗ ਦੌਰਾਨ ਹੀ ਫੈਸਲਾ ਕੀਤਾ ਗਿਆ ਕਿ ਜਲਦੀ ਹੀ ਪ੍ਰਮੋਟਰ ਵੱਲੋਂ ਕਲੋਨੀ ਦੇ ਮੇਨ ਗੇਟ ਤੇ ਇੰਟਰਲੋਕ ਟਾਈਲਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਾਣੀ ਦੀ ਸਪਲਾਈ ਤੁਰੰਤ ਬਹਾਲ ਕੀਤੀ ਜਾਵੇਗੀ ਅਤੇ ਹਰ ਰੋਜ਼ ਸਵੇਰੇ ਦੋ ਘੰਟੇ ਅਤੇ ਸ਼ਾਮ ਨੂੰ ਇੱਕ ਘੰਟਾ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ।ਕਲੋਨੀ ਵਿੱਚ ਸਥਿਤ ਪ੍ਰਮੋਟਰ ਦਾ ਦਫਤਰ ਪਹਿਲਾਂ ਦੀ ਤਰ੍ਹਾਂ ਆਪਣਾ ਕਾਰਜ ਸ਼ੁਰੂ ਕਰ ਦੇਵੇਗਾ ਅਤੇ ਬਕਾਇਦਾ ਤੌਰ ਤੇ ਮੈਨੇਜਰ ਵਜੋਂ ਬਲਜਿੰਦਰ ਸਿੰਘ ਬੱਲੀ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ। ਇਹ ਵੀ ਨਿਰਣਾ ਲਿਆ ਗਿਆ ਕਿ ਹੋਰ ਰਹਿੰਦੇ ਕੰਮਾਂ ਪ੍ਰਤੀ ਅਤੇ ਕਲੋਨੀ ਦੀ ਦਿੱਖ ਨੂੰ ਹੋਰ ਸੰਵਾਰਨ ਲਈ ਜਲਦੀ ਹੀ ਅਰਵਿੰਦ ਨਗਰ ਵਿਕਾਸ ਕਮੇਟੀ ਅਤੇ ਪ੍ਰਮੋਟਰ ਦੇ ਪ੍ਰਤੀਨਿਧ ਦਰਮਿਆਨ ਮੀਟਿੰਗ ਕੀਤੀ ਜਾਵੇਗੀ। ਵਿਕਾਸ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਪ੍ਰਮੋਟਰ ਵੱਲੋਂ ਲਏ ਗਏ ਫੈਸਲਿਆਂ ਪ੍ਰਤੀ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਆਸ ਪ੍ਰਗਟ ਕੀਤੀ ਹੈ ਕਿ ਬਾਕੀ ਰਹਿੰਦੇ ਕੰਮ ਵੀ ਜਲਦੀ ਪੂਰੇ ਕੀਤੀ ਜਾਣਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਿਕਾਸ ਕਮੇਟੀ ਦੇ ਚੇਅਰਮੈਨ ਓਮ ਪ੍ਰਕਾਸ਼ ਗੋਇਲ, ਨਾਜ਼ਰ ਸਿੰਘ ਸਿੱਧੂ ਮੁੱਖ ਸਰਪ੍ਰਸਤ, ਦਰਸ਼ਨ ਸਿੰਘ ਆਹੂਜਾ ਮੁੱਖ ਸਲਾਹਕਾਰ, ਅਜਮੇਰ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ, ਰਾਜਿੰਦਰ ਥਾਪਰ ਮੀਤ ਪ੍ਰਧਾਨ, ਸੁਖਰਾਜ ਸਿੰਘ ਚਾਨਾ ਜੁਆਇੰਟ ਸਕੱਤਰ, ਮਨਦੀਪ ਸਿੰਘ ਸਰਾਂ ਵਿੱਤ ਸਕੱਤਰ, ਨਵਦੀਪ ਸਿੰਘ ਚਾਨਾ ਤਕਨੀਕੀ ਸਲਾਹਕਾਰ, ਲਖਵਿੰਦਰ ਸਿੰਘ ਸਿੱਧੂ ਆਰਗੇਨਾਈਜਰ ਸਕੱਤਰ, ਕਾਰਜਕਾਰਨੀ ਕਮੇਟੀ ਮੈਂਬਰ ਲਖਵਿੰਦਰ ਅਰੋੜਾ, ਅਸ਼ੋਕ ਦਾਬੜਾ ਅਤੇ ਰਾਜਿੰਦਰ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।

