ਗਊਸ਼ਾਲਾ ਨੂੰ ਸਥਾਈ ਤੌਰ ’ਤੇ ਨਗਰ ਕੌਂਸਲ ਹਵਾਲੇ ਕਰਨ ਦੀ ਕੀਤੀ ਮੰਗ

ਫਰੀਦਕੋਟ, 31 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਫਰੀਦਕੋਟ ਦੇ ਗੋਲੇਵਾਲਾ ਗਊਸ਼ਾਲਾ ਵਿੱਚ ਗਊਆਂ ਦੀ ਬੇਹਾਲ ਹਾਲਤ, ਭੁੱਖ, ਬਿਮਾਰੀ ਅਤੇ ਲਾਪ੍ਰਵਾਹੀ ਦੀਆਂ ਤਸਵੀਰਾਂ ਨੇ ਮਨੁੱਖਤਾ ਨੂੰ ਇੱਕ ਵਾਰ ਫਿਰ ਕੱਟੜ ਝਟਕਾ ਦਿੱਤਾ ਹੈ। ਸਮਾਜਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਰਸ਼ ਸੱਚਰ ਨੇ ਅੱਜ ਇਸ ਗੰਭੀਰ ਮਾਮਲੇ ’ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਇਹ ਸਿਰਫ਼ ਪ੍ਰਸ਼ਾਸਨਿਕ ਨਾਕਾਮੀ ਨਹੀਂ, ਇਹ ਮਨੁੱਖਤਾ ਅਤੇ ਧਾਰਮਿਕ ਭਾਵਨਾਵਾਂ ਨਾਲ ਧੋਖਾ ਹੈ। ਗਊਆਂ ਦੀ ਹਾਲਤ ਦੇਖ ਕੇ ਆਤਮਾ ਕੰਬਦੀ ਹੈ। ਪਿਛਲੀ ਵਾਰ ਮੁੱਖ ਮੰਤਰੀ ਜੀ ਦੀ ਦਖਲਅੰਦਾਜ਼ੀ ਤੋਂ ਬਾਅਦ ਹਾਲਾਤ ਠੀਕ ਹੋ ਗਏ ਸਨ ਪਰ ਹੁਣ ਹਾਲਤ ਫਿਰ ਬੇਹਾਲ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਗ੍ਰਾਂਟਾਂ ਅਤੇ ਦਾਨ ਦੀ ਗਲਤ ਵਰਤੋਂ, ਪ੍ਰਬੰਧਨ ਦੀ ਨਾਕਾਮੀ ਅਤੇ ਨਿਗਰਾਨੀ ਦੀ ਕਮੀ ਕਾਰਨ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੈ। ਅਰਸ਼ ਸੱਚਰ ਨੇ ਮੰਗ ਕੀਤੀ ਕਿ 15 ਦਿਨਾਂ ਵਿੱਚ ਉੱਚ ਪੱਧਰੀ ਇਨਕਵਾਇਰੀ ਕਮੇਟੀ ਮੈਦਾਨੀ ਜਾਂਚ, ਵੀਡੀਓਗ੍ਰਾਫੀ ਸਮੇਤ ਖਰਚਾਂ, ਰੇਕਾਰਡਾਂ ਅਤੇ ਦਾਨ ਦੀ ਜਾਂਚ, ਜ਼ਿੰਮੇਵਾਰਾਂ ’ਤੇ ਸਖ਼ਤ ਕਾਰਵਾਈ, ਗਊਸ਼ਾਲਾ ਨੂੰ ਸਥਾਈ ਤੌਰ ’ਤੇ ਨਗਰ ਕੌਂਸਲ ਫਰੀਦਕੋਟ ਦੇ ਹਵਾਲੇ ਕੀਤਾ ਜਾਵੇ। ਅਰਸ਼ ਸੱਚਰ ਨੇ ਕਿਹਾ ਕਿ ਜੇ 15 ਦਿਨਾਂ ਵਿੱਚ ਸਖ਼ਤ ਕਾਰਵਾਈ ਨਾ ਹੋਈ ਤਾਂ ਸਮੂਹ ਹਿੰਦੂ ਸੰਸਥਾਵਾਂ, ਗਊ ਭਗਤਾਂ ਅਤੇ ਨੌਜਵਾਨਾਂ ਨਾਲ ਮਿਲ ਕੇ ਸ਼ਾਂਤਮਈ ਸੰਘਰਸ਼ ਅਤੇ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਗਊਆਂ ਦੇ ਦਰਦ ਦੀ ਅਵਾਜ਼ ਨੂੰ ਕੋਈ ਰੋਕ ਨਹੀਂ ਸਕਦਾ, ਇਹ ਸਾਡੀ ਧਾਰਮਿਕ ਜ਼ਿੰਮੇਵਾਰੀ ਅਤੇ ਸਮਾਜਕ ਫਰਜ਼ ਹੈ। ਇਹ ਮਾਮਲਾ ਸਿਰਫ਼ ਇੱਕ ਗਊਸ਼ਾਲੇ ਦਾ ਨਹੀਂ, ਸਮਾਜਿਕ ਸੰਵੇਦਨਸ਼ੀਲਤਾ ਅਤੇ ਧਾਰਮਿਕ ਸਤਿਕਾਰ ਦਾ ਸਵਾਲ ਹੈ। ਗਊਆਂ ਦੀ ਸੇਵਾ ਪੰਜਾਬੀ ਸੰਸਕਾਰ ਦੀ ਨਸ ਨਸ ਵਿੱਚ ਵਸਦੀ ਹੈ। ਅਜਿਹੇ ਕਿਰਤੀਆਂ ਨੂੰ ਕਿਸੇ ਵੀ ਸੂਰਤ ਬਖ਼ਸ਼ਿਆ ਨਹੀਂ ਜਾ ਸਕਦਾ। ਅਰਸ਼ ਸੱਚਰ ਵਲੋਂ ਹਿੰਦੂ ਸੰਸਥਾਵਾਂ, ਗਊ-ਭਗਤਾਂ, ਨੌਜਵਾਨਾਂ ਅਤੇ ਫਰੀਦਕੋਟ ਵਾਸੀਆਂ ਨੂੰ ਸੱਚ ਅਤੇ ਸੇਵਾ ਦੇ ਮਿਸ਼ਨ ‘ਚ ਸਾਥ ਦੇਣ ਦੀ ਅਪੀਲ ਕੀਤੀ।

