ਬਰੈਂਪਟਨ , 14 ਜੁਲਾਈ ( ਰਮਿੰਦਰ ਵਾਲੀਆ /ਵਰਲਡ ਪੰਜਾਬੀ ਟਾਈਮਜ਼)
13 ਜੁਲਾਈ ਦਿਨ ਐਤਵਾਰ ਨੂੰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਅੰਤਰਰਾਸ਼ਟਰੀ (ਕਾਵਿ ਮਿਲਣੀ )ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸੰਸਾਰ ਭਰ ਵਿੱਚੋਂ ਨਾਮਵਰ ਸ਼ਖ਼ਸੀਅਤਾਂ ਨੇ ਆਪਣੀ ਸ਼ਾਮੂਲੀਅਤ ਕੀਤੀ । ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਨੇ ਹਾਜ਼ਰੀਨ ਮੈਂਬਰਜ਼ ਨੂੰ ਰਸਮੀ ਜੀ ਆਇਆਂ ਇਹ ਕਹਿ ਕੇ ਕਿਹਾ ਕਿ :-
“ ਤੁਸੀਂ ਘਰ ਅਸਾਡੇ ਆਏ , ਅਸੀਂ ਫੁੱਲੇ ਨਹੀਂ ਸਮਾਏ “
ਵੈਬੀਨਾਰ ਦਾ ਸੰਚਾਲਨ ਨਾਮਵਰ ਸ਼ਖ਼ਸੀਅਤ , ਸਿੰਗਰ , ਐਂਕਰ , ਟੀ ਵੀ ਹੋਸਟ ਤੇ ਅਨਰਜੀ ਹੀਲਰ ਤੇ ਸਟੇਜ ਦੀ ਧਨੀ ਬਹੁਤ ਪਿਆਰੀ ਦੋਸਤ ਮੀਤਾ ਖੰਨਾ ਜੀ ਨੇ ਕੀਤਾ ਜੋ ਬਹੁਤ ਕਾਬਿਲੇ ਤਾਰੀਫ਼ ਸੀ ।ਮੀਤਾ ਜੀ ਨੇ ਦੱਸਿਆ ਕਿ ਸ਼ਿਵ ਸੱਭ ਤੋਂ ਜ਼ਿਆਦਾ ਗਾਇਆ ਜਾਣ ਵਾਲਾ ਕਵੀ ਸੀ ਤੇ ਆਪ ਵੀ ਬਹੁਤ ਖ਼ੂਬਸੂਰਤ ਗਾਉਂਦੇ ਸਨ । ਰਿੰਟੂ ਭਾਟੀਆ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਹੋ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਅਤੇ ਸ਼ਿਵ ਦਾ ਇਕ ਗੀਤ ( ਗ਼ਮਾਂ ਦੀ ਰਾਤ ਲੰਮੀ ਏ ) ਆਪਣੀ ਸੁਰੀਲੀ ਅਵਾਜ਼ ਵਿਚ ਸੁਣਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ।ਸੁਰਜੀਤ ਕੌਰ ਨੇ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆਂ ਕਿਹਾ । ਸੁਰਜੀਤ ਜੀ ਨੇ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਸਾਡਾ ਉੱਚ ਦਮਾਲੜਾ ਕਵੀ ਸੀ ਤੇ ਹੈ ਵੀ । ਸਾਡੀਆਂ ਯਾਦਾਂ ਵਿਚ ਸ਼ਿਵ ਹਮੇਸ਼ਾਂ ਹੈ ਤੇ ਰਹੇਗਾ ਵੀ । ਸ਼ਿਵ ਨੂੰ 25 ਸਾਲ ਦੀ ਉਮਰ ਵਿਚ ਭਰਪੂਰ ਸ਼ੋਹਰਤ ਮਿਲ ਗਈ ਸੀ ਤੇ ਸ਼ਿਵ ਨੂੰ 28 ਸਾਲ ਦੀ ਉਮਰ ਵਿਚ ਸਾਹਿਤ ਅਕਾਡਮੀ ਦਾ ਅਵਾਰਡ ਵੀ ਮਿਲਿਆ । 37 ਸਾਲ ਦੀ ਉਮਰ ਵਿਚ ਸ਼ਿਵ ਸਾਨੂੰ ਅਲਵਿਦਾ ਵੀ ਆਖ ਗਏ ਸਨ ।ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਚੀਫ਼ ਪੈਟਰਨ ਡਾ . ਦਲਬੀਰ ਸਿੰਘ ਕਥੂਰੀਆ ਜੀ ਨੇ ਸੱਭ ਦਾ ਸਵਾਗਤ ਕਰਦਿਆਂ ਕਿਹਾ ਕਿ ਜੱਦ ਅਸੀਂ ਸੱਭ ਮੈਂਬਰਜ਼ ਟੀਮ ਵਰਕ ਕਰਦੇ ਹਾਂ ਤੇ ਉਹ ਇੱਕ ਪਰਿਵਾਰ ਬਣ ਜਾਂਦਾ ਹੈ । ਉਹਨਾਂ ਨੇ ਸੰਸਥਾ ਦੀ ਤੇ ਪ੍ਰਬੰਧਕਾਂ ਦੀ ਸਰਾਹਨਾ ਵੀ ਕੀਤੀ ਕਿ ਐਨੇ ਲੰਬੇ ਸਮੇਂ ਤੋਂ ਵਧੀਆ ਪ੍ਰੋਗਰਾਮ ਕਰ ਰਹੇ ਹੋ । ਉਹਨਾਂ ਨੇ ਕਿਹਾ ਸ਼ਿਵ ਨੇ ਸਾਨੂੰ ਐਨਾ ਕੁਝ ਦਿੱਤਾ ਹੈ ਕਿ ਅਸੀਂ ਭੁੱਲ ਨਹੀਂ ਸਕਦੇ । ਸ਼ਿਵ ਇਕ ਬਹੁਤ ਵਧੀਆ ਸ਼ਾਇਰ ਸੀ ਤੇ ਇਸੇ ਲਈ ਉਸਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਹੈ । ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ :- ਇਕਬਾਲ ਬਰਾੜ ਜੀ ਨੇ “ ਮੈਂ ਕੰਡਿਆਲੀ ਥੋਰ ਵੇ ਸੱਜਣਾ “ ਆਪਣੀ ਬਹੁਤ ਪਿਆਰੀ ਤੇ ਦਿਲ ਟੁੰਬਵੀਂ ਅਵਾਜ਼ ਵਿਚ ਗਾ ਕੇ ਸੁਣਾਇਆ । ਵਿਸ਼ੇਸ਼ ਮਹਿਮਾਨ :- ਤ੍ਰੈਲੋਚਨ ਲੋਚੀ ਨੇ ਆਪਣੀ ਖ਼ੂਬਸੂਰਤ ਅਵਾਜ਼ ਵਿਚ “ ਰੂਹਦਾਰੀਆਂ ਨੇ ਕਿੱਥੇ , ਕਿੱਥੇ ਨੇ ਨੇਕ ਬੰਦੇ “ ਤਰੁੰਨਮ ਵਿਚ ਗਾ ਕੇ ਸੁਣਾਇਆ । ਪ੍ਰੀਤ ਮਨਪ੍ਰੀਤ ,ਦਵਿੰਦਰ ਕੌਰ ਢਿੱਲੋਂ ਸਤਿਕਾਰਿਤ ਕਵੀ :- ਰਾਣੀ ਕਾਹਲੋਂ ,ਹਰਜੀਤ ਬਮਰਾਹ , ਨਦੀਮ ਅਫ਼ਜ਼ਲ , ਕੁਲਦੀਪ ਦਰਾਜਕੇ , ਦਲਜੀਤ ਸਿੰਘ , ਜਗਦੀਸ਼ ਕੌਰ ਢਿੱਲੋਂ , ਹਰਭਜਨ ਕੌਰ ਗਿੱਲ , ਐਡਵੋਕੇਟ ਨੀਲਮ ਨਾਰੰਗ , ਸੁਰਿੰਦਰ ਸਰਾਏ ਕਵੀ ਤੇ ਸਿੰਗਰ , ਸ . ਇੰਦਰਜੀਤ ਸਿੰਘ ਅਤੇ ਪ੍ਰਵੀਨ ਰਾਗ ਸਨ । ਹਰ ਵਾਰ ਦੀ ਤਰਾਂ ਇਸ ਵਾਰ ਵੀ ਬਹੁਤ ਸਾਰੇ ਨਵੇਂ ਕਵੀਆਂ ਨੂੰ ਪ੍ਰੋਗਰਾਮ ਵਿੱਚ ਲਿਆ ਗਿਆ ਸੀ । ਮੀਤਾ ਖੰਨਾ ਨੇ ਕਵੀਆਂ ਦੀ ਰਸਮੀ ਜਾਣ ਪਹਿਚਾਣ ਕਰਾਉਂਦੇ ਹੋਏ ਸੱਭ ਨੂੰ ਆਪਣੀ ਵਾਰੀ ਤੇ ਰਚਨਾ ਪੇਸ਼ ਕਰਨ ਲਈ ਕਿਹਾ ਗਿਆ । ਜ਼ਿਆਦਾ ਕਵੀਆਂ ਨੇ ਆਪਣੀਆਂ ਰਚਨਾਵਾਂ ਨੂੰ ਤਰੁੰਨਮ ਵਿੱਚ ਪੇਸ਼ ਕੀਤਾ । ਜ਼ਿਆਦਾ ਸ਼ਾਇਰਾਂ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਨੂੰ ਬਹੁਤ ਸੁਰੀਲੇ ਸੁਰਾਂ ਵਿੱਚ ਪੇਸ਼ ਕੀਤਾ । ਦੇਸ਼ਾਂ ਵਿਦੇਸ਼ਾਂ ਤੋਂ ਬਹੁਤਾਤ ਵਿੱਚ ਨਾਮਵਰ ਸ਼ਖ਼ਸੀਅਤਾਂ , ਸਾਹਿਤਕਾਰਾਂ ਤੇ ਸ਼ਾਇਰਾਂ ਨੇ ਸ਼ਿਰਕਤ ਕੀਤੀ । ਮੀਤਾ ਖੰਨਾ ਜੀ ਨੇ ਆਪਣੀ ਸੁਰੀਲੀ ਅਵਾਜ਼ ਵਿਚ ਗਾ ਕੇ ਇਹ ਗੀਤ ਸ਼ਿਵ ਦਾ ਸੁਣਾਇਆ “ ਕਬਰਾਂ ਉਡੀਕਦੀਆਂ ਜਿਵੇਂ ਪੁੱਤਰਾਂ ਨੂੰ ਮਾਵਾਂ “ ਆਖੀਰ ਵਿੱਚ ਚੇਅਰਮੈਨ ਸ : ਪਿਆਰਾ ਸਿੰਘ ਕੁੱਦੋਵਾਲ ਜੀ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਮੋਹ ਭਿੱਜੇ ਸ਼ਬਦਾਂ ਨਾਲ ਧੰਨਵਾਦ ਕੀਤਾ ਤੇ ਹਮੇਸ਼ਾਂ ਵਾਂਗ ਆਪਣੇ ਵਿਲੱਖਣ ਅੰਦਾਜ਼ ਵਿੱਚ ਪ੍ਰੋਗਰਾਮ ਨੂੰ ਸਮਅੱਪ ਵੀ ਕੀਤਾ । ਉਹਨਾਂ ਕਿਹਾ ਸ਼ਿਵ ਨੇ ਬਹੁਤ ਸਾਰੇ ਵਿਸ਼ਿਆਂ ਤੇ ਕਵਿਤਾਵਾਂ ਲਿਖੀਆਂ। ਪਿਆਰਾ ਸਿੰਘ ਜੀ ਨੇ ਕਿਹਾ ਕਿ ਨਦੀਮ ਦੀ ਸ਼ਾਇਰੀ ਵਿਚ ਤਾਜਲੁਮ ਕਲੀਮ ਦੀ ਸ਼ਾਇਰੀ ਦੀ ਝਲਕ ਮਿਲਦੀ ਹੈ । ਪਿਆਰਾ ਸਿੰਘ ਜੀ ਨੇ ਹਰ ਸ਼ਾਇਰ ਦੀ ਰਚਨਾ ਤੇ ਆਪਣੀਆਂ ਬਹੁਤ ਹੀ ਭਾਵਪੂਰਤ ਟਿੱਪਣੀਆਂ ਨੂੰ ਪੇਸ਼ ਕੀਤਾ ।ਪਿਆਰਾ ਸਿੰਘ ਕੁੱਦੋਵਾਲ ਜੀ ਨੇ ਆਪਣੇ ਕਾਲਜ ਸਮੇਂ ਦਾ ਮਨ ਪਸੰਦੀਦਾ ਗੀਤ “ ਮੈਨੂੰ ਤਾਂ ਮੇਰੇ ਦੋਸਤਾ ਮੇਰੇ ਗ਼ਮ ਨੇ ਮਾਰਿਆ “ ਬਹੁਤ ਸੁਰੀਲੀ ਦਰਦਭਿੱਜੀ ਅਵਾਜ਼ ਵਿਚ ਗਾ ਕੇ ਸੁਣਾਇਆ । ਸੱਭ ਦੀ ਫਰਮਾਇਸ਼ ਤੇ ਸਰਪ੍ਰਸਤ ਸੁਰਜੀਤ ਕੌਰ ਨੇ ਸ਼ਿਵ ਦੀ ਦਿਲ ਟੁੰਬਵੀਂ ਰਚਨਾ “ ਹਿਜੜਾ “ ਨੂੰ ਪੇਸ਼ ਕੀਤਾ । ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਇਹ ਕਾਵਿ ਮਿਲਣੀ ਸੱਚਮੁੱਚ ਯਾਦਗਾਰ ਹੋ ਨਿਬੜੀ ਹੈ ਤੇ ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ ਹੋਈ । ਧੰਨਵਾਦ ਸਹਿਤ ।
ਰਮਿੰਦਰ ਰੰਮੀ ।