ਡਾਇਣ ਦੇ ਸ਼ੱਕ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਜਿਉਂਦਾ ਸਾੜ ਦਿੱਤਾ
ਸੰਗਰੂਰ 20 ਜੁਲਾਈ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼)
ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ ਪਰ ਇਸ ਯੁੱਗ ਵਿੱਚ ਲੋਕ ਅੰਧਵਿਸ਼ਵਾਸ ਦੀ ਬਲੀ ਵੀ ਚੜ੍ਹ ਰਹੇ ਹਨ।ਇੱਕ ਪਾਸੇ ਇਨਸਾਨ ਵਿਗਿਆਨਕ ਤਕਨੀਕਾਂ ਦੀ ਤਰੱਕੀ ਨਾਲ ਚੰਨ ਤੇ ਜਾ ਆਇਆ ਤੇ ਮੰਗਲ ਗ੍ਰਹਿ ਤੇ ਜਾਣ ਦੀ ਇੱਛਾ ਰੱਖਦਾ ਹੈ। ਵਿਗਿਆਨ ਦੀ ਤਰੱਕੀ ਨਾਲ ਮਨੁੱਖ ਨੇ ਸਮੁੰਦਰ, ਅਕਾਸ਼,ਪਹਾੜ ਗਾਹ ਦਿੱਤੇ ਹਨ। ਰੋਜ਼ਾਨਾ ਜ਼ਿੰਦਗੀ ਦੇ ਹਰ ਖੇਤਰ ਵਿੱਚ ਵਿਗਿਆਨ ਨੇ ਮਨੁੱਖੀ ਜ਼ਿੰਦਗੀ ਨੂੰ ਸੁੱਖ, ਸਹੂਲਤਾਂ ਨਾਲ ਭਰ ਦਿੱਤਾ ਹੈ। ਸੰਚਾਰ ਤੇ ਮਨੋਰੰਜਨ ਦੇ ਖੇਤਰ ਵਿੱਚ ਅਥਾਹ ਖੁਸ਼ਹਾਲੀ ਆਈ ਹੈ। ਦੇਸ਼ਾਂ, ਵਿਦੇਸ਼ਾਂ ਵਿੱਚ ਬੈਠੇ ਰਿਸ਼ਤੇਦਾਰਾਂ,ਸਕੇ ਸੰਬੰਧੀਆਂ, ਸਨੇਹੀਆਂ ਨਾਲ ਆਮਣੇ ਸਾਹਮਣੇ ਬੈਠ ਕੇ ਦੁਖ- ਸੁਖ,ਖੁਸ਼ੀ- ਗਮੀ ਸਾਂਝੀ ਕਰ ਸਕਦੇ ਹਾਂ। ਲੋਕਾਂ ਦਾ ਸੋਚਣ ਢੰਗ ਵਿਗਿਆਨਕ ਨਾ ਹੋਣ ਕਰਕੇ ਉਹ ਸਦੀਆਂ ਪੁਰਾਣੇ ਜਾਦੂ ਟੂਣੇ ,ਧਾਗੇ ਤਵੀਤਾਂ ਵਿੱਚ ਪੈ ਕੇ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ।ਇਸ ਜੁਲਾਈ ਮਹੀਨੇ ਦੇ ਸ਼ੁਰੂ ਵਿੱਚ ਬਿਹਾਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਅਤੀ ਸਨਸਨੀਖੇਜ਼ ਦੁੱਖ ਭਰੀ ਘਟਨਾ ਵਾਪਰੀ। ਇੱਕੋ ਪਰਿਵਾਰ ਦੇ ਪੰਜ ਜੀਆਂ ਨੂੰ ਡਾਇਣ ਕਹਿ ਕੇ ਪਟਰੋਲ ਛਿੜਕ ਕੇ ਅੱਗ ਲਾ ਕੇ ਫ਼ੂਕ ਦਿੱਤਾ। ਮੀਡੀਏ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬਿਹਾਰ ਜ਼ਿਲ੍ਹੇ ਦੇ ਪੂਰਨੀਆਂ ਜ਼ਿਲ੍ਹੇ ਦੇ ਟੈਟਗਾਮਾ ਪਿੰਡ ਦਾ ਬਾਬੂਲਾਲ ਉਰਾਂਵ ਝਾੜ ਫੂਕ ਦਾ ਦਾ ਕੰਮ ਕਰਦਾ ਸੀ। ਇੱਕ ਪਰਿਵਾਰ ਦਾ ਲੜਕਾ ਬੀਮਾਰ ਹੋ ਗਿਆ ਤੇ ਉਹ ਬਾਬੂਲਾਲ ਕੋਲ ਝਾੜ ਫੂਕ ਕਰਵਾਉਣ ਆਇਆ ਤਾਂ ਜੋ ਲੜਕਾ ਠੀਕ ਹੋ ਜਾਵੇ ਪਰ ਸਾੜਫੂਕ ਤੋਂ ਤਿੰਨ ਦਿਨ ਬਾਅਦ ਲੜਕਾ ਮਰ ਗਿਆ। ਉਸਨੇ ਇਹ ਗੱਲ ਪੰਚਾਇਤ ਵਿੱਚ ਰੱਖੀ। ਰਾਤ ਨੂੰ ਇਕੱਤਰ ਪੰਚਾਇਤ ਵਿੱਚ 250-300 ਬੰਦੇ ਇਕੱਠੇ ਹੋਏ ਤੇ ਮਤਾ ਪਾਸ ਹੋਇਆ ਕਿ ਇਹ ਡਾਇਣਾਂ ਹਨ ਜਿਨ੍ਹਾਂ ਨੇ ਲੜਕੇ ਨੂੰ ਮਾਰ ਦਿੱਤਾ। ਪਿੰਡ ਵਿੱਚ ਬੀਮਾਰੀਆਂ ਤੇ ਸਮੱਸਿਆਵਾਂ, ਬਿਪਤਾ ਦਾ ਕਾਰਨ ਵੀ ਇਨ੍ਹਾਂ ਡਾਇਣਾਂ ਨੂੰ ਇਹਾ ਗਿਆ। ਅੰਧਵਿਸ਼ਵਾਸ ਵਿੱਚ ਗੜੁੱਚ ਇਕੱਠੇ ਹੋਏ ਬੰਦਿਆਂ ਨੇ ਸਵੇਰੇ ਬਾਬੂਲਾਲ ਦਾ ਘਰ ਘੇਰ ਲਿਆ ਤੇ ਪਰਿਵਾਰ ਦੇ ਪੰਜ ਮੈਂਬਰਾਂ ਨੁ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਪੈਟ੍ਰੋਲ ਛਿੜਕ ਕੇ ਅੱਗ ਲਾ ਦਿੱਤੀ ਤੇ ਲਾਸ਼ਾਂ ਨੂੰ ਟਰੈਕਟਰ ਵਿੱਚ ਪਾ ਕੇ ਤਲਾਬ ਵਿੱਚ ਸੁੱਟ ਦਿੱਤਾ। ਇਸ ਤਰ੍ਹਾਂ ਇਕੋ ਪਰਿਵਾਰ ਦੇ ਪੰਜ ਮੈਂਬਰ ਅੰਧਵਿਸ਼ਵਾਸ ਦੀ ਭੇਟ ਚੜ੍ਹ ਗਏ। ਦੇਸ਼ ਨੂੰ ਆਜ਼ਾਦ ਹੋਇਆਂ 78 ਸਾਲ ਹੋ ਗਏ ਪਰ ਸਰਕਾਰਾਂ ਲੋਕਾਂ ਦਾ ਦ੍ਰਿਸ਼ਟੀਕੋਣ ਕੋਣ ਵਿਗਿਆਨਕ ਨਹੀਂ ਬਣਾ ਸਕੀਆਂ। ਚਾਰੇ ਪਾਸੇ ਅੰਧਵਿਸ਼ਵਾਸਾਂ ਦੇ ਗੱਫ਼ੇ ਮਿਲ ਰਹੇ ਹਨ।ਲੋਕ ਅਜੇ ਵੀ ਵਹਿਮਾਂ ਭਰਮਾਂ ਅੰਧਵਿਸ਼ਵਾਸਾਂ ਦੇ ਭਰਮਜਾਲ ਵਿੱਚ ਗ੍ਰੱਸੇ ਹੋਏ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ ਸ਼ੁਰੂ ਹੋ ਚੁੱਕਿਆ ਪਰ ਦੂਜੇ ਪਾਸੇ ਲੋਕ ਜਾਦੂ -ਟੂਣੇ ,ਧਾਗੇ -ਤਵੀਤਾਂ ਰਾਹੀਂ ਆਪਣਾ ਇਲਾਜ਼ ਕਰਵਾ ਰਹੇ ਹਨ। ਮਨੋਕਲਪਿਤ ਭੂਤਾਂ ਪ੍ਰੇਤਾਂ,ਡਾਇਣਾਂ ਨੂੰ ਅਸਲ ਸਮਝ ਕੇ ਮਾਨਸਿਕ ਰੋਗੀਆਂ ਨੂੰ ਅਗਨ ਭੇਂਟ ਕਰ ਰਹੇ ਹਨ।ਇਸ ਪਰਿਵਾਰ ਦਾ ਇੱਕ ਲੜਕਾ ਕਿਸੇ ਦੇ ਕਹਿਣ ਤੇ ਭੱਜ ਕੇ ਬਚਿਆ ਹੈ। ਤਰਕਸ਼ੀਲਾਂ ਨੇ ਲੋਕਾਂ ਨੂੰ ਆਪਣੀ ਸੋਚ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੱਤਾ ਹੈ ਤਾਂ ਜੋ ਅਜਿਹੀਆਂ ਦਿਲ ਕੰਬਾਊ ਘਟਨਾਵਾਂ ਤੋਂ ਬਚਿਆ ਜਾ ਸਕੇ।