ਫ਼ਰੀਦਕੋਟ , 12 ਮਾਰਚ (ਵਰਲਡ ਪੰਜਾਬੀ ਟਾਈਮਜ਼)
ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਪਿ੍ਰੰਸੀਪਲ ਡਾ. ਐਸ.ਐਸ. ਬਰਾੜ, ਸਕੱਤਰ ਅਮਰਦੀਪ ਸਿੰਘ ਗਰੋਵਰ, ਖਜ਼ਾਨਚੀ ਗੁਰਵਿੰਦਰ ਸਿੰਘ ਧੀਂਗੜਾ ਨੇ ਜਾਣਕਾਰੀ ਦਿੱਤੀ ਹੈ ਕਿ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਖਾਂ ਦੇ ਲੋੜਵੰਦ ਮਰੀਜ਼ਾਂ ਦੇ ਮੁਫ਼ਤ ਚੈਕਅੱਪ, ਮੁਫ਼ਤ ਲੈਂਜ ਪਾਉਣ ਦਾ ਕੈਂਪ 17 ਮਾਰਚ ਨੂੰ ਚੰਡੀਗੜ ਅੱਖਾਂ ਦੇ ਹਸਪਤਾਲ-ਮਧੂ ਨਰਸਿੰਗ ਹੋਮ, ਫ਼ਿਰੋਜ਼ਪੁਰ ਰੋਡ ਫ਼ਰੀਦਕੋਟ ਵਿਖੇ ਸਵੇਰੇ 8:30 ਵਜੇ ਤੋਂ 2:00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕੈਂਪ ਦੌਰਾਨ ਮਰੀਜ਼ਾਂ ਦਾ ਚੈਕਅੱਪ ਮੁਫ਼ਤ, ਦਵਾਈਆਂ ਮੁਫ਼ਤ, ਟੈਸਟ ਮੁਫ਼ਤ, ਮਰੀਜ਼ਾਂ ਲਈ ਚਾਹ-ਪਾਣੀ ਦਾ ਪ੍ਰਬੰਧ ਕਲੱਬ ਵੱਲੋਂ ਕੀਤਾ ਜਾਵੇਗਾ। ਇਸ ਤਰ੍ਹਾਂ ਕੈਂਪ ਦੌਰਾਨ ਚੁਣੇ ਗਏ ਮਰੀਜ਼ਾਂ ਦੇ ਮੁਫ਼ਤ ਲੈਂਜ ਪਾਏ ਜਾਣਗੇ। ਆਪ੍ਰੇਸ਼ਨਾਂ ਦੌਰਾਨ ਮਰੀਜ਼ਾਂ ਨੂੰ ਰਿਹਾਇਸ਼ ਤੇ ਰੋਟੀ-ਪਾਣੀ ਦਾ ਪ੍ਰਬੰਧ ਕਲੱਬ ਕਰਕੇ ਦੇਵੇਗਾ। ਕੈਂਪ ਦੌਰਾਨ ਆਪ੍ਰੇਸ਼ਨ ਇਲਾਕੇ ਦੇ ਅੱਖਾਂ ਦੇ ਮਾਹਿਰ ਡਾ.ਸੰਜੀਵ ਗੋਇਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਜਾਣਗੇ। ਕਲੱਬ ਆਹੁਦੇਦਾਰਾਂ ਨੇ ਸਮੂਹ ਲੋੜਵੰਦ ਮਰੀਜ਼ਾਂ ਨੂੰ ਕੈਂਪ ਦਾ ਲਾਭ ਲੈਣ ਵਾਸਤੇ ਠੀਕ ਸਮੇਂ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕੈਂਪ ਦੇ ਪ੍ਰਬੰਧ ਮੁਕੰਮਲ ਕਰਨ ਵਾਸਤੇ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ।
