ਕੋਟਕਪੂਰਾ, 9 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਜ਼ਿਲਾ ਫਰੀਦਕੋਟ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ 8 ਮਾਰਚ ਨੂੰ ਆਪਣੀਆਂ ਹੱਕੀ ਮੰਗਾਂ ਲਈ ਵਿਧਾਨ ਸਭਾ ਸੈਸ਼ਨ ਦੌਰਾਨ ਘਿਰਾਓ ਕਰਨ ਦਾ ਵੱਡਾ ਐਲਾਨ ਕੀਤਾ ਗਿਆ ਹੈ। ਜ਼ਿਲਾ ਪ੍ਰਧਾਨ ਕ੍ਰਿਸ਼ਨਾ ਦੇਵੀ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਵੱਲੋਂ ਪਹਿਲਾਂ 1 ਮਾਰਚ ਨੂੰ ਮਲੋਟ ਵਿਖੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਹੁਣ ਰਣਨੀਤੀ ਬਦਲਦਿਆਂ 8 ਮਾਰਚ ਨੂੰ ਸਿੱਧਾ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ। ਯੂਨੀਅਨ ਆਗੂਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਮਾਣਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਕੋਈ ਮੰਗ ਪੂਰੀ ਨਹੀਂ ਹੋਈ। ਸਰਕਾਰ ਸਿਰਫ਼ ਮੀਟਿੰਗਾਂ ਰਾਹੀਂ ਭਰੋਸਾ ਦੇ ਕੇ ਡੰਗ ਟਪਾ ਰਹੀ ਹੈ। ਉਨ੍ਹਾਂ ਕਿਹਾ ਕਿ ਫੇਸ ਰਿਕੋਗਨਾਈਜੇਸ਼ਨ ਸਿਸਟਮ (ਐੱਫ.ਆਰ.ਐੱਸ.) ਤਹਿਤ ਲਾਭਪਾਤਰੀਆਂ ਦੀ ਪਛਾਣ ਲਈ ਸਰਕਾਰ ਨੇ ਮੋਬਾਈਲ ਮੁਹੱਈਆ ਕਰਵਾਉਣੇ ਸਨ, ਜੋ ਚਾਰ ਸਾਲਾਂ ਵਿਚ ਵੀ ਨਹੀਂ ਮਿਲੇ। ਵਰਕਰਾਂ ਮਜਬੂਰੀਵਸ਼ ਆਪਣੇ ਨਿੱਜੀ ਫੋਨਾਂ ਰਾਹੀਂ ਵਿਭਾਗ ਦਾ ਕੰਮ ਚਲਾ ਰਹੀਆਂ ਹਨ। ਔਲਖ ਨੇ ਦੱਸਿਆ ਕਿ ਅਜਨਾਲਾ ਦੀ ਵਰਕਰ ਜਸਵਿੰਦਰ ਕੌਰ ਦੀਆਂ ਸੇਵਾਵਾਂ ਐੱਫ.ਆਰ.ਐੱਸ. ਦਾ ਬਹਾਨਾ ਬਣਾ ਕੇ ਖ਼ਤਮ ਕਰਨਾ ਸਰਾਸਰ ਗਲਤ ਹੈ, ਜਦਕਿ ਸਰਕਾਰ ਨੇ ਖ਼ੁਦ ਮੋਬਾਈਲ ਤੱਕ ਨਹੀਂ ਦਿੱਤੇ। ਜਥੇਬੰਦੀ ਦੀ ਮੰਗ ਹੈ ਕਿ ਜਸਵਿੰਦਰ ਕੌਰ ਨੂੰ ਬਿਨਾਂ ਸ਼ਰਤ ਬਹਾਲ ਕੀਤਾ ਜਾਵੇ। ਇਸ ਤੋਂ ਇਲਾਵਾ, ਬੱਚਿਆਂ ਨੂੰ ਦਿੱਤੀ ਜਾ ਰਹੀ ਸਪਲੀਮੈਂਟਰੀ ਨਿਊਟਰੀਸ਼ਨ (ਖਿਚੜੀ ਅਤੇ ਦਲੀਆ) ਦੀ ਗੁਣਵੱਤਾ ਵਿਚ ਸੁਧਾਰ ਕਰਨ ਅਤੇ ਐੱਨ.ਜੀ.ਓ. ਨੂੰ ਦਿੱਤੀ ਗਈ ਫੀਡ ਵਾਪਸ ਵਿਭਾਗ ਦੇ ਅਧੀਨ ਕਰਨ ਦੀ ਵੀ ਪੁਰਜ਼ੋਰ ਮੰਗ ਕੀਤੀ ਗਈ ਹੈ।

