ਮਾਮਲਾ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਬਹਾਲ ਕਰਵਾਉਣ ਦਾ

ਫਰੀਦਕੋਟ , 27 ਜੂਨ (ਵਰਲਡ ਪੰਜਾਬੀ ਟਾਈਮਜ਼)
ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵਲੋਂ ਅੱਜ ਫਰੀਦਕੋਟ ਵਿਖੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਘਰ ਅੱਗੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਹਜਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸਿਰ ਤੇ ਕਾਲੀਆ ਚੁੰਨੀਆਂ ਲੈ ਕੇ ਪੁੱਜੀਆਂ। ਜਥੇਬੰਦੀ ਵੱਲੋਂ ਇਹ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਅਤੇ ਮੰਤਰੀ ਦੇ ਖਿਲਾਫ ਇਸ ਕਰਕੇ ਕੀਤਾ ਗਿਆ ਕਿ ਸਰਕਾਰ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਜੋ ਜਿਲਾ ਮੁਕਤਸਰ ਸਾਹਿਬ ਦੇ ਪਿੰਡ ਚੱਕ ਕਾਲਾ ਸਿੰਘ ਵਾਲਾ ਵਿਖੇ ਆਂਗਣਵਾੜੀ ਵਰਕਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ’ਚ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਹੈ ਤੇ ਉਹ ਪੰਜਾਬ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਬਰ ਤਿਆਰ ਹਨ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਜਿਲਿਆਂ ’ਚੋਂ ਆਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਮੰਤਰੀ ਡਾ. ਬਲਜੀਤ ਕੌਰ ਦੇ ਖਿਲਾਫ ਜੋਰਦਾਰ ਨਾਹਰੇਬਾਜੀ ਕਰਦਿਆਂ ਮੰਗ ਕੀਤੀ ਕਿ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ। ਇਸ ਮੌਕੇ ਬੁਲਾਰਿਆ ਨੇ ਕਿਹਾ ਕਿ ਜਿੰਨਾ ਚਿਰ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਬਹਾਲ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਟਿਕ ਕੇ ਨਹੀਂ ਬੈਠਣਗੀਆਂ ਤੇ ਪੰਜਾਬ ਸਰਕਾਰ ਦੇ ਨੱਕ ’ਚ ਦਮ ਕਰ ਦੇਣਗੀਆਂ। ਆਗੂਆਂ ਨੇ ਕਿਹਾ ਕਿ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਵਿਭਾਗ ਨੇ ਇਸ ਕਰਕੇ ਖਤਮ ਕੀਤੀਆਂ ਹਨ ਕਿ ਉਹਨਾਂ ਨੇ ਛੁੱਟੀਆਂ ਵੱਧ ਲਈਆਂ ਹਨ ਅਤੇ ਉਹ ਰਾਜਨੀਤਕ ਗਤੀਵਿਧੀਆਂ ’ਚ ਹਿੱਸਾ ਲੈਦੇ ਹਨ ਪਰ ਹਰਗੋਬਿੰਦ ਕੌਰ ਨੇ ਪਹਿਲੀ ਵਾਰ ਛੁੱਟੀਆਂ ਨਹੀਂ ਲਈਆਂ ਉਹ ਤਾਂ ਪਿਛਲੇ 30 ਸਾਲਾਂ ਤੋਂ ਲਗਾਤਾਰ ਛੁੱਟੀਆਂ ਲੈ ਰਹੇ ਹਨ। ਆਂਗਣਵਾੜੀ ਵਰਕਰਾਂ ਦੀਆਂ ਛੁੱਟੀਆਂ ਵੱਧ ਲੈਣ ਬਾਰੇ ਪੰਜਾਬ ਸਰਕਾਰ ਨੇ ਚਿੱਠੀ ਜਾਰੀ ਤਾਂ ਹੁਣ ਮਈ 2024 ’ਚ ਕੀਤੀ ਹੈ ਪਰ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਪਿਛਲੇਂ ਸਾਲ 2023 ’ਚ ਲਈਆਂ ਗਈਆਂ ਛੁੱਟੀਆਂ ਨੂੰ ਅਧਾਰ ਮੰਨ ਕੇ ਕੀਤੀਆਂ ਗਈਆਂ ਹਨ, ਜੋ ਸਰਾਸਰ ਗਲਤ ਹੈ। ਦੂਜੀ ਗੱਲ ਜੋ ਰਾਜਨੀਤਕ ਗਤੀਵਿਧੀਆਂ ’ਚ ਹਿੱਸਾ ਲੈਣ ਲਈ ਕਿਹਾ ਜਾ ਰਿਹਾ ਹੈ ਉਹ ਲੈ ਸਕਦੀ ਹੈ, ਕਿਉਂਕਿ ਆਂਗਣਵਾੜੀ ਵਰਕਰ ਸੋਸਲ ਵਰਕਰ ਹੈ ਤੇ ਸਰਕਾਰੀ ਮੁਲਾਜਮ ਨਹੀਂ ਹੈ। ਉਹਨਾਂ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ’ਚ ਆਪਣੀ ਹੋਈ ਹਾਰ ਤੋਂ ਸਰਕਾਰ ਘਬਰਾਈ ਹੋਈ ਹੈ ਜਿਸ ਕਰਕੇ ਹਰਗੋਬਿੰਦ ਕੌਰ ਨੂੰ ਨਿਸਾਨਾ ਬਣਾਇਆ ਜਾ ਰਿਹਾ ਹੈ ਪਰ ਸੂਬੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਹਰਗੋਬਿੰਦ ਦੇ ਨਾਲ ਚਟਾਨ ਵਾਂਗ ਖੜੀਆਂ ਹਨ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਕਿਸੇ ਘੁਰਕੀ ਤੋਂ ਨਹੀਂ ਡਰਨਗੀਆਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਵੇਲੇ ਪੂਰੀ ਤਰਾਂ ਘਬਰਾਈ ਹੋਈ ਹੈ। ਉਹਨਾਂ ਕਿਹਾ ਕਿ ਮੈਂ ਪੰਜਾਬ ਦੀਆਂ ਉਹਨਾਂ ਲੱਖਾਂ ਔਰਤਾਂ ਦੀ ਅਵਾਜ ਚੁੱਕੀ ਜਿੰਨਾ ਨੂੰ ਹਜਾਰ ਹਜਾਰ ਰੁਪਏ ਨਹੀਂ ਮਿਲੇ, ਉਹਨਾਂ ਦੀ ਅਵਾਜ ਚੁੱਕੀ, ਜਿੰਨਾਂ ਦੇ ਆਟਾ ਦਾਲ ਵਾਲੇ ਕਾਰਡ ਕੱਟ ਦਿੱਤੇ ਗਏ, ਉਹਨਾਂ ਦੀ ਅਵਾਜ ਚੁੱਕੀ ਜਿੰਨਾਂ ਗਰੀਬਾਂ ਨੂੰ ਹਜਾਰਾਂ ਰੁਪਏ ਬਿਜਲੀ ਦੇ ਬਿੱਲ ਆਏ, ਉਹਨਾਂ ਕਿਸਾਨਾਂ ਦੀ ਗੱਲ ਕੀਤੀ ਜਿੰਨਾ ਨੂੰ ਫਸਲਾਂ ਦੇ ਸਹੀ ਭਾਅ ਨਹੀਂ ਮਿਲ ਰਹੇ। ਇਸੇ ਕਰਕੇ ਹੀ ਮੈਂ ਪੰਜਾਬ ਸਰਕਾਰ ਦੀਆਂ ਅੱਖਾਂ ’ਚ ਰੜਕਦੀ ਹਾਂ। ਰੋਸ ਧਰਨੇ ਤੋਂ ਬਾਅਦ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਮੰਤਰੀ ਦੇ ਘਰ ਤੋਂ ਲੈ ਕੇ ਸ਼ਹਿਰ ਵੱਲ ਰੋਸ ਮਾਰਚ ਕੀਤਾ ਅਤੇ ਮੁੱਖ ਚੌਕ ’ਚ ਜਾ ਕੇ ਮੰਤਰੀ ਡਾ. ਬਲਜੀਤ ਕੌਰ ਦਾ ਪੁਤਲਾ ਫੂਕਿਆ। ਇਸ ਮੌਕੇ ਯੂਨੀਅਨ ਦੀਆਂ ਆਗੂ ਸ਼ਿੰਦਰਪਾਲ ਕੌਰ ਥਾਂਦੇਵਾਲਾ, ਗੁਰਮੀਤ ਕੌਰ ਗੋਨੇਆਣਾ, ਬਲਵੀਰ ਕੌਰ ਮਾਨਸਾ, ਗੁਰਮੀਤ ਕੌਰ ਦਬੜੀਖਾਨਾ, ਸ਼ੀਲਾ ਦੇਵੀ ਗੁਰੂ ਹਰਸਹਾਏ, ਗੁਰਅੰਮਿ੍ਰਤ ਕੌਰ ਸਿੱਧਵਾਂ ਬੇਟ, ਦਲਜੀਤ ਕੌਰ ਬਰਨਾਲਾ, ਸਤਵੰਤ ਕੌਰ ਭੋਗਪੁਰ, ਜਤਿੰਦਰ ਕੌਰ ਚੋਹਲਾ ਸਾਹਿਬ, ਸਰਨਜੀਤ ਕੌਰ ਫਰੀਦਕੋਟ, ਕੁਲਜੀਤ ਕੌਰ ਗੁਰੂਹਰਸਹਾਏ, ਕੁਲਵਿੰਦਰ ਕੌਰ ਜੀਰਾ, ਮਨਜੀਤ ਕੌਰ ਸਿੱਧਵਾਂ ਬੇਟ, ਕੁਲਵੰਤ ਕੌਰ ਨਿਹਾਲ ਸਿੰਘ ਵਾਲਾ, ਅੰਮਿ੍ਰਤਪਾਲ ਕੌਰ ਬੱਲੂਆਣਾ, ਕਿਰਨਜੀਤ ਕੌਰ ਭੰਗਚੜੀ, ਜਸਵਿੰਦਰ ਕੌਰ ਬੱਬੂ ਦੋਦਾ, ਸੁਨੀਤਾ ਲੋਹੀਆਂ, ਇੰਦਰਜੀਤ ਕੌਰ ਲੁਹਾਰਾ, ਪ੍ਰਕਾਸ਼ ਕੌਰ ਮਮਦੋਟ, ਰਵਿੰਦਰ ਕੌਰ ਕੋਟਕਪੂਰਾ, ਬਲਵਿੰਦਰ ਕੌਰ ਰਾਏਕੋਟ, ਸੁਰਿੰਦਰ ਕੌਰ ਮਲੇਰਕੋਟਲਾ, ਇੰਦਰਜੀਤ ਕੌਰ ਖੂਈਆਂ ਸਰਵਰ , ਸੁਖਦੀਪ ਕੌਰ ਅਬੋਹਰ, ਸਰਬਜੀਤ ਕੌਰ ਬਾਗਾ ਪੁਰਾਣਾ, ਮਨਜੀਤ ਕੌਰ ਫਿਰੋਜਪੁਰ, ਜੀਵਨ ਮੱਖੂ, ਰਜਵੰਤ ਕੌਰ ਝਬਾਲ, ਬਿਮਲਾ ਦੇਵੀ ਫਗਵਾੜਾ, ਸੁਖ ਵਰਸਾ ਭੂੰਗਾ, ਸ਼ਰਨਜੀਤ ਕੌਰ ਫਰੀਦਕੋਟ ਅਤੇ ਰਾਜਵਿੰਦਰ ਕੌਰ ਆਦਿ ਆਗੂ ਵੀ ਮੌਜੂਦ ਸਨ।