ਕੋਟਕਪੂਰਾ, 25 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈਕਾ, ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜਿਸ ਵਿੱਚ ਹਰ ਦਿਵਸ ਨੂੰ ਵਿਸ਼ੇਸ ਤੌਰ ’ਤੇ ਹੀ ਮਨਾਇਆ ਜਾਂਦਾ ਹੈ। ਇਸ ਸੰਸਥਾ ਵਿੱਚ ਹਰ ਧਰਮ ਦੇ ਦਿਵਸ ਨੂੰ ਤਾਂ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਸੰਸਥਾ ਵਿੱਚ ਸਿੱਖ ਧਰਮ ਦੇ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਵਸ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਸਵੇਰ ਦੀ ਸਭਾ ਦੌਰਾਨ ਇਸ ਪ੍ਰੋਗਰਾਮ ਦਾ ਆਰੰਭ ‘ਥਿਰ ਘਰ ਬੈਸਹੁ’ ਸ਼ਬਦ ਗਾਇਨ ਕਰਨ ਨਾਲ ਹੋਇਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਕਵਿਤਾਵਾਂ ਪੇਸ਼ ਕੀਤੀਆਂ। ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਨਾਲ ਜੁੜੀ ਕਵੀਸ਼ਰੀ ਦੀ ਪੇਸ਼ਕਾਰੀ ਨੇ ਤਾਂ ਸਭ ਨੂੰ 1675 ਈ: ਦੇ ਕਾਲ ਵਿੱਚ ਪ੍ਰਵੇਸ਼ ਕਰਵਾ ਦਿੱਤਾ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਵੈਰਾਗਮਈ ਸਲੋਕ ਗਾਇਨ ਕੀਤੇ। ਇਸ ਤੋਂ ਬਿਨਾਂ ਵਿਦਿਆਰਥੀਆਂ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਯਾਤਰਾਵਾਂ, ਦੇਗ-ਤੇਗ ਫਤਹਿ, ਸਲੋਕਾਂ ਅਤੇ ਸ਼ਹੀਦੀ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਸਕੂਲ ਦੀ ਗਰਾਊਂਡ ਵਿੱਚ ਸਾਰੇ ਵਿਦਿਆਰਥੀ 350 ਅੱਖਰਾਂ ਦੀ ਬਣਤਰ ਵਿੱਚ ਖੜ੍ਹ ਕੇ, ਨੌਵੇਂ ਪਾਤਸ਼ਾਹ ਜੀ ਦੀ 350 ਵੀਂ ਸ਼ਹੀਦੀ ਨੂੰ ਨਤਮਸਤਕ ਹੋਏ। ਜ਼ਿਕਰਯੋਗ ਹੈ ਕਿ ਇਸ ਸੰਸਥਾ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਏ ਗਏ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਜਿਸ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚ, ਪਹਿਲਾ ਅਤੇ ਦੂਸਰਾ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਵਿਤਾ ਗਾਇਨ ਵਿੱਚ, ਵੀ ਪਹਿਲਾ ਅਤੇ ਪੇਂਟਿੰਗ ਮਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਇਸ ਸੰਸਥਾ ਦਾ ਨਾਮ ਉੱਚਾ ਕੀਤਾ ਹੈ। ਇਸ ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਇਤਿਹਾਸ ਵਿੱਚ ਅਦੁੱਤੀ ਸ਼ਹੀਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਗੁਰੂ ਜੀ ਨੇ ਇਹ ਸ਼ਹੀਦੀ ਆਪਣੇ ਧਰਮ ਲਈ ਨਹੀਂ ਬਲਕਿ ਦੂਸਰੇ ਧਰਮ ਦੀ ਰੱਖਿਆ ਲਈ ਦਿੱਤੀ ਸੀ। ਉਹਨਾਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਸੇਧ ਲੈਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਜੀਵਨ ਵਿੱਚ ਸਫ਼ਲ ਹੋ ਸਕੀਏ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਸਰਪੰਚ (ਵਿੱਤ-ਸਕੱਤਰ) ਵੀ ਮੌਜੂਦ ਸਨ।
