ਕੋਟਕਪੂਰਾ, 9 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਲਾਟਰੀ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਨਿਕਲਿਆ ਸੀ ਪਰ ਹਾਲੇ ਤੱਕ ਜੇਤੂ ਦਾ ਪਤਾ ਨਹੀਂ ਲੱਗ ਰਿਹਾ ਸੀ। ਹੁਣ ਉਹ ਪਰਿਵਾਰ ਸਾਹਮਣੇ ਆਇਆ ਹੈ, ਜਿਸ ਦਾ ਇਨਾਮ ਨਿਕਲਿਆ ਹੈ। ਨੇੜਲੇ ਪਿੰਡ ਸੈਦੇਕੇ ਦੇ ਮਜਦੂਰ ਪਰਿਵਾਰ ਰਾਮ ਸਿੰਘ ਨੇ ਸਾਦਿਕ ਦੇ ਰਾਜੂ ਲਾਟਰੀ ਸਟਾਲ ਤੋਂ ਆਪਣੀ ਪਤਨੀ ਨਸੀਬ ਕੌਰ ਦੇ ਨਾਮ ’ਤੇ ਲਾਟਰੀ ਦੀ ਟਿਕਟ ਖਰੀਦ ਕੀਤੀ ਸੀ। ਨਸੀਬ ਕੌਰ ਨੇ ਸਾਰੇ ਪਰਿਵਾਰ ਦੇ ਨਸੀਬ ਉਸ ਸਮੇਂ ਖੋਲ੍ਹ ਦਿੱਤੇ ਜਦ, ਉਹਨਾਂ ਨੂੰ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ। ਲਾਟਰੀ ਖਰੀਦਦਾਰ ਦਾ ਪਤਾ ਇਸ ਕਰਕੇ ਨਹੀਂ ਲੱਗ ਰਿਹਾ ਸੀ ਕਿ ਪਰਿਵਾਰ ਪਤਾ ਲੱਗਦੇ ਹੀ ਚੰਡੀਗੜ੍ਹ ਮੁੱਖ ਦਫਤਰ ਵਿਖੇ ਜਾ ਪੁੱਜਾ। ਲਾਟਰੀ ਦੇ ਜੇਤੂ ਦਾ ਪਤਾ ਲੱਗਦੇ ਹੀ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਉਕਤ ਮਾਮਲੇ ਦਾ ਦਿਲਚਸਪ ਅਤੇ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਮਜਦੂਰ ਪਰਿਵਾਰ ਕੋਲ ਆਪਣਾ ਮੋਬਾਇਲ ਫੋਨ ਤੱਕ ਨਹੀਂ, ਲਾਟਰੀ ਵੇਚਣ ਵਾਲੇ ਦੁਕਾਨਦਾਰ ਨੇ ਖੁਦ ਘਰ ਪੁੱਜ ਕੇ ਡਰਾਅ ਨਿਕਲਣ ਦੀ ਗੱਲ ਦੱਸੀ, ਪਤੀ ਪਿਛਲੇ ਚਾਰ ਸਾਲਾਂ ਤੋਂ ਲਾਟਰੀ ਟਿਕਟ ਆਪਣੇ ਨਾਮ ਖਰੀਦ ਰਿਹਾ ਸੀ ਪਰ ਇਸ ਵਾਰ ਆਪਣੀ ਪਤਨੀ ਦੇ ਨਾਮ ’ਤੇ ਟਿਕਟ ਖਰੀਦੀ। ਪਤੀ-ਪਤਨੀ ਨੇ ਖੁਸ਼ੀ ਪ੍ਰਗਟਾਈ ਕਿ ਉਹ ਆਪਣੀ ਜਿੰਦਗੀ ਵਿੱਚ ਚੰਡੀਗੜ੍ਹ ਵੀ ਪਹਿਲੀ ਵਾਰ ਆਏ ਹਨ। ਉਹਨਾ ਦੇ ਤਿੰਨ ਬੇਟੀਆਂ ਅਤੇ ਇਕ ਬੇਟਾ ਅਰਥਾਤ ਚਾਰ ਬੱਚੇ ਹਨ, ਜੋ ਸ਼ਾਦੀਸ਼ੁਦਾ ਹਨ।

