ਖਾਲੀ ਸਟੇਸ਼ਨ ਛੁਪਾ ਕੇ ਚਹੇਤਿਆਂ ਨੂੰ ਫਿੱਟ ਕਰਨ ਲਈ ਸਵਾ ਲੱਖ ਦੇ ਕਰੀਬ ਅਧਿਆਪਕਾਂ ਨਾਲ ਕੀਤਾ ਧੋਖਾ
ਵਾਰ ਵਾਰ ਮੰਗ ਕਰਨ ਦੇ ਬਾਵਜੂਦ ਵੀ ਮੈਰਿਟ ਅੰਕ ਸ਼ੋਅ ਨਾ ਕਰਨਾ ਖੜੇ ਕਰਦਾ ਹੈ ਸਵਾਲੀਆ ਨਿਸ਼ਾਨ
ਪੀੜ੍ਹਤ ਅਧਿਆਪਕਾਂ ਨੂੰ 25 ਅਗਸਤ ਨੂੰ ਸਵੇਰੇ 11 ਵਜੇ ਮੋਹਾਲੀ ਡਾਇਰੈਕਟੋਰੇਟ ਪਹੁੰਚਣ ਦਾ ਸੱਦਾ
ਮੋਗਾ 26 ਅਗਸਤ ( ਵਰਲਡ ਪੰਜਾਬੀ ਟਾਈਮਜ਼)
ਸਾਂਝਾ ਅਧਿਆਪਕ ਮੋਰਚਾ ਕਨਵੀਨਰਾਂ ਅਤੇ ਕੋ-ਕਨਵੀਨਰਾਂ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਸੁਰਿੰਦਰ ਕੰਬੋਜ, ਕ੍ਰਿਸ਼ਨ ਸਿੰਘ ਦੁੱਗਾਂ, ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ ਬਿਲਗਾ, ਰਵਿੰਦਰਜੀਤ ਸਿੰਘ ਪੰਨੂ, ਹਰਜੰਟ ਸਿੰਘ ਬੌਡੇ, ਸੁਖਜਿੰਦਰ ਸਿੰਘ ਹਰੀਕਾ, ਗੁਰਿੰਦਰ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਬੰਗਾ ਅਤੇ ਅਮਨਬੀਰ ਸਿੰਘ ਗੁਰਾਇਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਪਾਰਦਰਸ਼ੀ ਆਨਲਈਨ ਬਦਲੀ ਨੀਤੀ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਗਈਆਂ ਹਨ ਅਤੇ ਆਪਣੇ ਚਹੇਤਿਆਂ ਨੂੰ ਸਟੇਸ਼ਨ ਦੇਣ ਦੇ ਲਈ ਵੱਡੇ ਪੱਧਰ ਤੇ ਘਪਲੇ ਕੀਤੇ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਅਡਜਸਟ ਕਰਨ ਲਈ ਬਹੁਤ ਸਾਰੇ ਸਟੇਸ਼ਨ ਪਹਿਲਾਂ ਹੀ ਸਟੇਸ਼ਨ ਚੁਆਇਸ ਵੇਲੇ ਦਿਖਾਏ ਹੀ ਨਹੀਂ ਅਤੇ ਆਨਲਾਈਨ ਬਦਲੀ ਦੀ ਆੜ ਹੇਠ ਸ਼ਹਿਰੀ ਅਤੇ ਅਰਧ ਸ਼ਹਿਰੀ ਸਕੂਲਾਂ ਦੀਆਂ ਖਾਲੀ ਪੋਸਟਾਂ ਬਲਾਕ ਕਰ ਦਿੱਤੀਆਂ। ਇਹਨਾਂ ਬਦਲੀਆਂ ਵਿੱਚ ਵਿਸ਼ੇਸ਼ ਲੋੜਵੰਦ ਕੈਟਾਗਰੀ ਨੂੰ ਨਹੀਂ ਬਖਸ਼ਿਆ ਗਿਆ ਅਤੇ ਉਹਨਾਂ ਵੱਲੋਂ ਮੰਗੇ ਗਏ ਸਟੇਸ਼ਨ ਵੀ ਚਹੇਤਿਆਂ ਨੂੰ ਦਿੱਤੇ ਗਏ। ਫੀਲਡ ਵਿੱਚੋਂ ਪ੍ਰਾਪਤ ਵੇਰਵਿਆਂ ਅਨੁਸਾਰ ਸਰਕਾਰੀ ਹਾਈ ਸਕੂਲ ਗਿੱਲਪੱਤੀ (ਜਿਲਾ ਬਠਿੰਡਾ) ਵਿਖੇ ਤੈਨਾਤ ਵਿਧਵਾ ਕੈਟਾਗਰੀ ਅਧੀਨ ਆਉਣ ਵਾਲੀ ਅਧਿਆਪਕਾ ਨੂੰ 16 ਅਗਸਤ ਨੂੰ ਕਰਵਾਈ ਸਟੇਸ਼ਨ ਚੋਣ ਸਮੇਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਬਠਿੰਡਾ ਅਤੇ ਸਰਕਾਰੀ ਹਾਈ ਸਕੂਲ ਚੰਦਸਰ ਬਸਤੀ ਬਠਿੰਡਾ ਦਿਖਾਏ ਗਏ। ਫਿਰ ਪਹਿਲਾਂ ਵਾਲੀ ਸਟੇਸ਼ਨ ਚੋਣ ਰੱਦ ਕਰਕੇ ਹੁਣ ਹੋਈਆਂ ਬਦਲੀਆਂ ਵਿੱਚ ਇਹ ਦੋਵੇਂ ਸਟੇਸ਼ਨ ਛੁਪਾ (Hide/Block) ਕਰ ਦਿੱਤੇ ਗਏ ਜਿਸ ਕਾਰਨ ਕਿਸੇ ਵੀ ਅਧਿਆਪਕ ਨੂੰ ਉਕਤ ਸਟੇਸ਼ਨਾਂ ਦੀ ਚੁਆਇਸ ਹੀ ਉਪਲੱਬਧ ਨਹੀਂ ਹੋਈ ਪਰ ਹੈਰਾਨੀਜਨਕ ਪੱਖ ਇਹ ਹੈ ਕਿ 22 ਅਗਸਤ ਨੂੰ ਜਾਰੀ ਬਦਲੀਆਂ ਵਿੱਚ ਪਹਿਲਾਂ ਛੁਪਾਏ ਗਏ ਇਹ ਦੋਵੇਂ ਸਟੇਸ਼ਨਾਂ ਤੇ ਬਦਲੀਆਂ ਕਰ ਦਿੱਤੀਆਂ ਗਈਆਂ। ਇਹ ਸਰਾਸਰ ਧੱਕਾ ਅਤੇ ਆਨਲਾਈਨ ਬਦਲੀ ਦੀ ਆੜ ਹੇਠ ਇੱਕ ਵਿਧਵਾ ਨਾਲ ਧੋਖਾ ਕੀਤਾ ਗਿਆ। ਇੱਥੇ ਹੀ ਬੱਸ ਨਹੀਂ ਸਗੋਂ ਉਕਤ ਅਧਿਆਪਕਾ ਨੂੰ ਕੰਨਿਆ ਸਕੂਲ ਮਾਲ ਰੋਡ ਬਠਿੰਡਾ ਅਤੇ ਹਾਈ ਸਕੂਲ ਚੰਦਸਰ ਬਸਤੀ ਬਠਿੰਡਾ ਹਾਈਡ/ਬਲਾਕ ਹੋਣ ਤੋ ਬਾਅਦ ਆਨਲਾਈਨ ਦਿਖਾਏ ਗਏ ਬਾਕੀ ਸਟੇਸ਼ਨਾਂ ਵਿੱਚ ਪਹਿਲੇ ਨੰਬਰ ਤੇ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਆਫ ਐਮੀਨੈਂਸ, ਪਰਸ ਰਾਮ ਨਗਰ ਬਠਿੰਡਾ, ਦੂਜੇ ਸਥਾਨ ਤੇ ਸਰਕਾਰੀ ਮਿਡਲ ਸਕੂਲ ਮੁਹੱਲਾ ਝੁੱਟੀ ਕਾ ਬਠਿੰਡਾ ਅਤੇ ਤੀਜੇ ਸਥਾਨ ਤੇ ਸਰਕਾਰੀ ਹਾਈ ਸਕੂਲ ਲਾਲ ਸਿੰਘ ਬਸਤੀ ਬਠਿੰਡਾ (ਜਿਲ੍ਹਾ ਬਠਿੰਡਾ) ਅਪਲਾਈ ਕੀਤਾ ਪਰ ਪਹਿਲੇ ਅਤੇ ਦੂਜੇ ਨੰਬਰ ਤੇ ਚੁਆਇਸ ਕੀਤੇ ਸਟੇਸ਼ਨ ਵੀ ਜਨਰਲ ਬਦਲੀ ਨਾਲ ਭਰ ਦਿੱਤੇ ਅਤੇ ਮੰਗੇ ਗਏ ਤੀਜੇ ਸਟੇਸ਼ਨ ਲਾਲ ਸਿੰਘ ਬਸਤੀ ਵਿਖੇ ਬਦਲੀ ਕੀਤੀ ਗਈ ਜਦਕਿ ਬਦਲੀ ਪਾਲਿਸੀ ਅਨੁਸਾਰ ਵਿਧਵਾ (Exemted category) ਅਧੀਨ ਪਹਿਲ ਦੇ ਕੇ ਬਾਕੀ ਬਦਲੀਆਂ ਕੀਤੀਆਂ ਜਾਣੀਆਂ ਸਨ। ਬਠਿੰਡਾ ਸ਼ਹਿਰ ਦੇ ਸਹਸ ਚੰਦਸਰ ਬਸਤੀ ਬਠਿੰਡਾ ਵਿੱਚ ਸਮਾਜਿਕ ਸਿੱਖਿਆ ਦੀ ਪੋਸਟ, ਸਟੇਸ਼ਨ ਚੁਆਇਸ ਭਰਨ ਵੇਲੇ ਮਿਤੀ 16 ਅਗਸਤ ਨੂੰ ਆਮ ਅਧਿਆਪਕਾਂ ਨੂੰ ਨਹੀਂ ਦਿਖਾਈ ਗਈ। ਪਰ ਇਸਦੇ ਬਾਵਜੂਦ ਸਸਸਸ ਤਲਵੰਡੀ ਸਾਬੋ ( ਬਠਿੰਡਾ) ਤੋਂ ਸ਼੍ਰੀਮਤੀ ਪ੍ਰੀਤੀ ਸਸ ਮਿਸਟ੍ਰੈਸ ਦੀ ਬਦਲੀ ਇਸ ਸਟੇਸ਼ਨ ਉੱਤੇ ਕਰ ਦਿੱਤੀ ਗਈ।
ਇਸਤੋਂ ਇਲਾਵਾ ਪੂਰੇ ਪੰਜਾਬ ਵਿੱਚ ਬਿਨਾਂ ਬਿਨਾਂ ਸਟੇਸ਼ਨ ਚੁਆਇਸ ਵਾਲੇ ਸਕੂਲਾਂ ਵਿੱਚ ਬਦਲੀ ਹੋਣਾ ਸ਼ਰੇਆਮ ਧਾਂਦਲੀ ਨੂੰ ਸਿੱਧ ਕਰਦਾ ਹੈ।
ਮੋਰਚੇ ਦੇ ਆਗੂਆਂ ਨੇ ਹੋਰ ਅੰਕੜੇ ਦਿੰਦਿਆਂ ਦੱਸਿਆ ਕਿ ਜੂਨੀਅਰ ਸਹਾਇਕ ਰਾਹੁਲ ਸ਼ਰਮਾ, ਸਸਸਸ ਹੰਡਿਆਇਆ ( ਬਰਨਾਲਾ) ਦੀ ਕਿਸੇ ਵੀ ਸਟੇਸਨ ਤੇ ਬਦਲੀ ਨਹੀਂ ਹੋਈ ਜਦ ਕਿ ਮੰਗੇ ਹੋਏ ਦੂਜੇ ਤੇ ਤੀਜੇ ਚੁਆਇਸ ਵਾਲੇ ਸਟੇਸ਼ਨ ਹਾਲੇ ਤੱਕ ਖਾਲੀ ਪਏ ਹਨ। ਇਸੇ ਤਰਾਂ ਅਮਨਦੀਪ ਕੁਮਾਰ ਕਲਰਕ ਸਹਸ ਨਾਈਵਾਲਾ (ਬਰਨਾਲਾ) ਦੀ ਬਦਲੀ ਤੀਜੀ ਚੁਆਇਸ ਵਾਲੇ ਸਟੇਸਨ ਸਹਸ ਨੰਗਲ ( ਬਰਨਾਲਾ)ਤੇ ਕੀਤੀ ਗਈ ਹੈ ਜਦਕਿ ਪਹਿਲੀ ਤੇ ਦੂਜੀ ਚੁਆਇਸ ਵਾਲੇ ਸਟੇਸਨ ਹਾਲੇ ਵੀ ਖਾਲੀ ਹਨ। ਖਾਲੀ ਸਟੇਸ਼ਨ ਕਿੰਨਾ ਵਾਸਤੇ ਰਾਖਵੇਂ ਰੱਖੇ ਹਨ ਇਹ ਸਮਝ ਤੋ ਬਾਹਰ ਦੀ ਗੱਲ ਹੈ। ਜ਼ਿਲਾ ਬਠਿੰਡਾ ਦੀ ਸ.ਸ. ਮਿਸਟ੍ਰੈਸ ਪਰਮਜੀਤ ਕੌਰ ਦੀ ਬਦਲੀ ਸਸਸ ਸ਼ੇਖਪੁਰਾ (ਬਠਿੰਡਾ)ਤੋਂ ਸਕੂਲ ਆਫ਼ ਐਮੀਨੈਂਸ, ਕੋਟ ਸ਼ਮੀਰ (ਬਠਿੰਡਾ)
ਵਿਖੇ ਕੀਤੀ ਗਈ ਹੈ। ਇਹ ਸਟੇਸ਼ਨ ਵੀ ਸਟੇਸ਼ਨ ਚੁਆਇਸ ਭਰਨ ਵੇਲੇ ਦਿਖਾਇਆ ਨਹੀਂ ਗਿਆ ਸੀ। ਪਰ ਫਿਰ ਵੀ ਇੱਥੇ ਕਿਵੇਂ ਬਦਲੀ ਹੋਈ, ਇਹ ਬੁਝਾਰਤ ਬਣੀ ਹੋਈ ਹੈ। ਅਜੈ ਕੁਮਾਰ ਪੰਜਾਬੀ ਮਾਸਟਰ, ਸਹਸ ਗੁੜਥੜੀ (ਬਠਿੰਡਾ) ਵੱਲੋਂ ਸਟੇਸ਼ਨ ਚੁਆਇਸ ਭਰਨ ਵੇਲੇ ਸਿਰਫ ਇੱਕ ਸਟੇਸ਼ਨ ਸਹਸ ਬੀਬੀ ਵਾਲਾ (ਬਠਿੰਡਾ) ਜੋ ਕਿ 5 ਕਿਲੋਮੀਟਰ ਦੂਰ ਸੀ, ਭਰਿਆ ਗਿਆ ਸੀ। ਪਰ ਆਨਲਾਈਨ ਸਿਸਟਮ ਨੇ ਉਸਦੀ ਬਦਲੀ ਸਹਸ ਕੇਸਰ ਸਿੰਘ ਵਾਲਾ (ਬਠਿੰਡਾ) 65 ਕਿਲੋਮੀਟਰ ਦੂਰ ਕਰ ਦਿੱਤੀ ਗਈ ਹੈ।
ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੇ ਕਿਹਾ ਨੇ ਕਿਹਾ ਕਿ ਵਾਰ ਵਾਰ ਸਿੱਖਿਆ ਅਧਿਕਾਰੀਆਂ ਨਾਲ ਹੋ ਰਹੀ ਮੀਟਿੰਗ ਵਿੱਚ ਇਹ ਮੰਗ ਰੱਖੀ ਗਈ ਸੀ ਕਿ ਬਦਲੀ ਵਿੱਚ ਅਧਿਆਪਕਾਂ ਦੇ ਮੈਰਿਟ ਅੰਕ ਦਿਖਾਏ ਜਾਣ ਪਰ ਕਿਉਂਕਿ ਵਿਭਾਗ ਨੇ ਇਸ ਤਰ੍ਹਾਂ ਦੇ ਘਪਲੇ ਕਰਨੇ ਸੀ ਇਸ ਲਈ ਵਿਭਾਗ ਨੇ ਬਦਲੀ ਵਿੱਚ ਮੈਰਿਟ ਅੰਕ ਸ਼ੋਅ ਹੀ ਨਹੀਂ ਕੀਤੇ। ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਬਦਲੀ ਕੀਤੇ ਅਧਿਆਪਕਾਂ ਦੇ ਮੈਰਿਟ ਅੰਕ ਸ਼ੋਅ ਕੀਤੇ ਜਾਣ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਵਿਭਾਗ ਵੱਲੋਂ ਅੱਗੇ ਹੀ ਬਦਲੀਆਂ ਦੇ ਸੰਬੰਧ ਵਿੱਚ ਅਧਿਆਪਕਾਂ ਨਾਲ ਲੁਕਣ ਮੀਟੀ ਵਾਲਾ ਮਾਹੌਲ ਬਣਾਇਆ ਹੋਇਆ ਹੈ। ਕਦੇ ਆਰਡਰ ਜਾਰੀ ਕਰ ਦਿੱਤੇ ਜਾਂਦੇ ਹਨ ਕਦੇ ਆਰਡਰ ਵਾਪਸ ਲੈ ਜਾਂਦੇ ਹਨ ਜੋ ਕਿ ਸ਼ਰੇਆਮ ਕਈ ਤਰ੍ਹਾਂ ਦੇ ਸਵਾਲੀਆਂ ਨਿਸ਼ਾਨ ਪੈਦਾ ਕਰਦਾ ਹੈ।
ਅਧਿਆਪਕ ਆਗੂਆਂ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਏਜੰਡਾ ਪਾਰਦਰਸ਼ੀ ਅਤੇ ਰਿਸ਼ਵਤ ਰਹਿਤ ਪ੍ਰਸ਼ਾਸਨ ਦੇਣਾ ਏਜੰਡਾ ਸੀ ਪਰ ਸਿੱਖਿਆ ਵਿਭਾਗ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਅਧਿਆਪਕ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਉਹ ਅਧਿਆਪਕ ਨਾਲ ਹੋਏ ਇਸ ਧੋਖੇ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਸਾਰੇ ਪੀੜਤ ਅਧਿਆਪਕਾਂ ਨੂੰ 25 ਅਗਸਤ ਨੂੰ ਸਵੇਰੇ 11 ਵਜੇ ਸਿੱਖਿਆ ਵਿਭਾਗ ਦੇ ਮੋਹਾਲੀ ਸਥਿਤ ਡਾਇਰੈਕਟੋਰੇਟ ਵਿਖੇ ਪਹੁੰਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਸ ਦਿਨ ਪਹਿਲਾਂ ਅਧਿਕਾਰੀਆਂ ਤੋਂ ਇਸ ਧੋਖਾਧੜੀ ਦਾ ਜਵਾਬ ਮੰਗਿਆ ਜਾਵੇਗਾ ਅਤੇ ਜੇਕਰ ਇਨਸਾਫ਼ ਨਾ ਮਿਲਿਆ ਤਾਂ ਸਾਂਝਾਂ ਸੰਘਰਸ਼ ਵਿੱਢ ਕੇ ਪੰਜਾਬ ਸਰਕਾਰ ਦੇ ਇਸ ਧੋਖੇ ਨੂੰ ਗਲੀਆਂ-ਮੁਹੱਲਿਆਂ ਤੱਕ ਲਿਜਾਇਆ ਜਾਵੇਗਾ।