ਫਰੀਦਕੋਟ ਹਾਕੀ ਗ੍ਰਾਊਂਡ ਦੀ ਮਾੜੀ ਹਾਲਤ ‘ਤੇ ਸਰਕਾਰੀ ਪੱਧਰ ‘ਤੇ ਤੁਰੰਤ ਕਾਰਵਾਈ ਦੀ ਮੰਗ : ਆਰਸ਼ ਸੱਚਰ
ਫਰੀਦਕੋਟ/ਕੋਟਕਪੂਰਾ, 12 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਸਰਕਾਰੀ ਹਾਕੀ ਗ੍ਰਾਊਂਡ ਦੀ ਮੈਨਟੇਨੈਂਸ ਅਤੇ ਸਹੂਲਤਾਂ ਨਾਲ ਜੁੜੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ, ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਮਾਜ ਸੇਵਕ ਆਰਸ਼ ਸੱਚਰ ਨੇ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਚਿੱਠੀ ਸੌਂਪ ਕੇ ਤੁਰੰਤ ਅਤੇ ਪਾਰਦਰਸ਼ੀ ਕਾਰਵਾਈ ਦੀ ਮੰਗ ਕੀਤੀ ਹੈ। ਅਰਸ਼ ਸੱਚਰ ਨੇ ਸਵੇਰੇ ਗ੍ਰਾਊਂਡ ਦਾ ਨਿੱਜੀ ਦੌਰਾ ਕੀਤਾ, ਜਿੱਥੇ ਟਰਫ ਦੀ ਖਰਾਬ ਹਾਲਤ, ਗੰਦਗੀ, ਡੈਮੇਜ਼ ਹੋਏ ਬਿਜਲੀ ਦੇ ਬੋਰਡ ਅਤੇ ਸਹੂਲਤਾਂ ਦੀ ਅਣਦੇਖੀ ਸਪਸ਼ਟ ਤੌਰ ’ਤੇ ਸਾਹਮਣੇ ਆਈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਾਮੀਆਂ ਕਾਰਨ ਸਥਾਨਕ ਖਿਡਾਰੀਆਂ ਦੀ ਟ੍ਰੇਨਿੰਗ ਅਤੇ ਭਵਿੱਖ ’ਤੇ ਗੰਭੀਰ ਅਸਰ ਪੈ ਰਿਹਾ ਹੈ। ਸਰਕਾਰ ਦੇ ਹਿੱਸੇ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਰਸ਼ ਸੱਚਰ ਨੇ ਆਪਣੇ ਪੱਤਰ ਰਾਹੀਂ ਹੇਠ ਲਿਖੇ ਬਿੰਦੂ ਮਾਨਯੋਗ ਮੁੱਖ ਮੰਤਰੀ ਸਾਹਬ ਕੋਲ ਰੱਖੇ ਹਨ, ਤੁਰੰਤ ਉੱਚ-ਪੱਧਰੀ ਟੀਮ ਦੁਆਰਾ ਗ੍ਰਾਊਂਡ ਦੀ ਜਾਂਚ, ਮੈਨਟੇਨੈਂਸ ਫੰਡ ਅਤੇ ਵਰਕਿੰਗ ਸਟਾਫ਼ ਦੀ ਜ਼ਿੰਮੇਵਾਰੀ ਦਾ ਪੂਰਾ ਆਡਿਟ, ਲਾਪਰਵਾਹ ਅਧਿਕਾਰੀਆਂ ਵਿਰੁੱਧ ਕਾਰਵਾਈ, 15 ਦਿਨਾਂ ਵਿੱਚ ਮੁੱਖ ਮੰਤਰੀ ਦਫ਼ਤਰ ਨੂੰ ਡੀਟੇਲਡ ਰਿਪੋਰਟ ਭੇਜਣ ਦੇ ਹੁਕਮ, ਖਿਡਾਰੀਆਂ ਲਈ ਮੁੱਢਲੀਆਂ ਸਹੂਲਤਾਂ ਦੀ ਤੁਰੰਤ ਬਹਾਲੀ ਕਰਨ। ਆਰਸ਼ ਸੱਚਰ ਨੇ ਕਿਹਾ ਕਿ ਹਾਕੀ ਪੰਜਾਬ ਦੀ ਸ਼ਾਨ ਹੈ, ਸਾਡਾ ਫਰਜ਼ ਬਣਦਾ ਹੈ ਕਿ ਹਰ ਖਿਡਾਰੀ ਨੂੰ ਮਿਆਰੀ ਢਾਂਚਾ, ਸੁਰੱਖਿਅਤ ਮਾਹੌਲ ਅਤੇ ਸਮੇਂ-ਸਮੇਂ ਦੀ ਮੈਨਟੇਨੈਂਸ ਪ੍ਰਦਾਨ ਕੀਤੀ ਜਾਵੇ। ਇਹ ਮਸਲਾ ਪਾਰਟੀ ਜਾਂ ਰਾਜਨੀਤੀ ਦਾ ਨਹੀਂ, ਪੂਰੇ ਜਨ-ਹਿੱਤ ਦਾ ਹੈ। ਉਨ੍ਹਾਂ ਨੇ ਇਹ ਵੀ ਯਕੀਨ ਦਵਾਇਆ ਕਿ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਜਲਦ ਹੀ ਜ਼ਰੂਰੀ ਕਦਮ ਚੁੱਕੇ ਜਾਣਗੇ, ਤਾਂ ਜੋ ਫਰੀਦਕੋਟ ਦੇ ਨੌਜਵਾਨ ਖਿਡਾਰੀਆਂ ਨੂੰ ਵਾਪਸ ਵਧੀਆ ਸਹੂਲਤਾਂ ਮਿਲ ਸਕਣ।
