ਐਡਵੋਕੇਟ ਸੰਧਵਾਂ, ਚੇਅਰਮੈਨ ਢਿੱਲਵਾਂ, ਮਣੀ ਧਾਲੀਵਾਲ ਅਤੇ ਸੁਖਵੰਤ ਸਿੰਘ ਸਰਾਂ ਵਲੋਂ ਪਿੰਡਾਂ ’ਚ ਵਰਕਰ ਮੀਟਿੰਗਾਂ ਦਾ ਦੌਰ ਜਾਰੀ!
ਕੋਟਕਪੂਰਾ, 22 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ਦੀ ਟੀਮ ਵੱਲੋਂ ਪਿੰਡਾਂ ਦੇ ਵਰਕਰਾਂ ਨਾਲ ਮੀਟਿੰਗਾਂ ਜਰੀਏ ਰਾਬਤਾ ਨਿਰੰਤਰ ਜਾਰੀ ਹੈ, ਜਿਸ ਤਹਿਤ ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਆਉਂਦੇ ਪਿੰਡ ਡੱਗੋਰੋਮਾਣਾ ਵਿਖੇ ਬਲਾਕ ਪ੍ਰਧਾਨ ਅਮਰੀਕ ਸਿੰਘ ਡੱਗੋ ਰੁਮਾਣਾ ਦੇ ਗ੍ਰਹਿ ਵਿਖੇ ਅਗਾਮੀ ਲੋਕ ਸਭਾ ਚੋਣਾ ਅਤੇ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ਗਰਮਾਉਣ ਲਈ ਰੱਖੀ ਵਰਕਰ ਮੀਟਿੰਗ ਦੌਰਾਨ ਸਪੀਕਰ ਸੰਧਵਾਂ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ, ਇੰਜੀ. ਸੁਖਜੀਤ ਸਿੰਘ ਢਿੱਲਵਾਂ ਜ਼ਿਲਾ ਪ੍ਰਧਾਨ, ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ.ਆਰ.ਓ. ਅਤੇ ਸੁਖਵੰਤ ਸਿੰਘ ਸਰਾਂ ਜਿਲਾ ਯੂਥ ਪ੍ਰਧਾਨ ਫਰੀਦਕੋਟ ਆਦਿ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਮਹਿਜ 2 ਸਾਲਾਂ ਅੰਦਰ ਜੋ ਮੀਲ ਪੱਥਰ ਗੱਡੇ ਹਨ, ਅਰਥਾਤ ਜੋ ਜੋ ਲੋਕ ਪੱਖੀ ਸਹੂਲਤਾਂ ਅਤੇ ਕੰਮ ਲਾਗੂ ਕਰਵਾਏ ਹਨ, ਉਹਨਾ ਨੂੰ ਘਰ-ਘਰ ਪਹੁੰਚਾਉਣ ਦੀ ਲੋੜ ਹੈ। ਉਹਨਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਭਾਜਪਾ ਦੀਆਂ ਲੋਕ ਵਿਰੋਧੀ ਤਾਨਾਸ਼ਾਹੀ ਨੀਤੀਆਂ ਦੀ ਨੁਕਤਾਚੀਨੀ ਕਰਦਿਆਂ ਆਖਿਆ ਕਿ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਾਲੇ ਪੰਜਾਬ ਵਾਸੀਆਂ ਨੇ ਇਸ ਵਾਰ ਫੈਸਲਾ ਕਰ ਲਿਆ ਹੈ ਕਿ ਉਹ ਹੁਣ ਲਾਰੇ ਲਾਉਣ ਜਾਂ ਸਬਜਬਾਗ ਦਿਖਾ ਕੇ ਫਸਲੀ ਬਟੇਰਿਆਂ ਦੀ ਤਰਾਂ ਚੋਣ ਮੈਦਾਨ ’ਚ ਉੱਤਰ ਕੇ ਝੂਠ ਬੋਲਣ ਵਾਲੀਆਂ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਾਉਣਗੇ ਅਤੇ ਸਿਰਫ ਕੰਮਾਂ ਦੇ ਆਧਾਰ ’ਤੇ ਹੀ ਚੰਗੇ ਨੁਮਾਇੰਦਿਆਂ ਦੀ ਚੋਣ ਕਰਨਗੇ। ਬਲਾਕ ਪ੍ਰਧਾਨ ਅਮਰੀਕ ਸਿੰਘ ਅਤੇ ਸੰਦੀਪ ਸਿੰਘ ਬਰਾੜ ਨੇ ਆਖਿਆ ਕਿ ਲੋਕ ਹੁਣ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਆਏ ਸੁਧਾਰ ਸਮੇਤ ਮੁਫ਼ਤ ਬਿਜਲੀ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ, ਸ਼ਹੀਦਾਂ ਦਾ ਸਨਮਾਨ, ਰਾਸ਼ਨ ਕਾਰਡ, ਰੁਜ਼ਗਾਰ ਅਤੇ ਨਿਵੇਸ਼, ਫਸਲੀ ਵਿਭਿੰਨਤਾ, ਸੁਖਾਲੀਆਂ ਸਹੂਲਤਾਂ, ਸੜਕ ਸੁਰੱਖਿਆ ਫੌਰਸ ਵਰਗੀਆਂ ਵਿਲੱਖਣ ਸਕੀਮਾਂ ਨਾਲ ਲੋਕਾਂ ਨੂੰ ਸਹੂਲਤਾਂ ਦੇਣ ਵਾਲੇ ਲੋਕ ਪੱਖੀ ਫੈਸਲਿਆਂ ਦੀ ਕਦਰ ਕਰਨ ਲੱਗ ਪਏ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ. ਰਾਜਪਾਲ ਸਿੰਘ ਢੁੱਡੀ, ਕਾਕਾ ਸਿੰਘ ਠਾੜਾ, ਸੰਦੀਪ ਸਿੰਘ ਕੰਮੇਆਣਾ, ਹਰਦੇਵ ਸਿੰਘ ਦਾਨਾਰੋਮਾਣਾ ਆਦਿ ਨੇ ਵੀ ਸੰਬੋਧਨ ਕੀਤਾ।