ਪਿੰਡ ਕਾਲਝਰਾਣੀ ਦੀ ਮਹਿਲਾ ਸਰਪੰਚ ਸਮੇਤ ਤਿੰਨ ਜਣਿਆਂ ਵਿਰੁੱਧ ਆਤਮ ਹੱਤਿਆ ਲਈ ਮਜ਼ਬੂਰ ਕਰਨ ਦਾ ਪਰਚਾ ਦਰਜ਼
ਸੰਗਤ ਮੰਡੀ 29 ਅਪ੍ਰੈਲ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਆਪਣੇ ਆਪ ਨੂੰ ਆਮ ਆਦਮੀ ਦੇ ਤੌਰ ਤੇ ਪੇਸ਼ ਕਰਨ ਵਾਲੀ ਅਤੇ ਪੰਜਾਬ ਦੀ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਅਤੇ ਇਸ ਦੇ ਆਗੂਆਂ ਨੇ ਆਪਣੇ ਖਾਸ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਉਕਤ ਪਾਰਟੀ ਦੇ ਕੁਝ ਆਗੂਆਂ ਵੱਲੋਂ ਸੱਤਾ ਦੇ ਨਸ਼ੇ ਚੂਰ ਹੋ ਕੇ ਕਿਸ ਤਰ੍ਹਾਂ ਆਮ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਇਸ ਬਾਰੇ ਅਕਸਰ ਹੀ ਖਬਰਾਂ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਕੁਝ ਅਜਿਹਾ ਹੀ ਮਾਮਲਾ ਪਿੰਡ ਕਾਲਝਰਾਣੀ ਤੋਂ ਸਾਹਮਣੇ ਆਇਆ ਹੈ ਜਿੱਥੇ ਉਕਤ ਪਿੰਡ ਦੀ ਮੌਜੂਦਾ ਸਰਪੰਚ ਅਤੇ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਅਤੇ ਉਸਦੇ ਪੁੱਤਰ ਤੇ ਇਸੇ ਹੀ ਪਿੰਡ ਦੇ ਇੱਕ ਨੌਜਵਾਨ ਨੂੰ ਆਤਮ ਹੱਤਿਆ ਲਈ ਮਜ਼ਬੂਰ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਮਾਮਲੇ ਨੂੰ ਲੈਕੇ ਬਠਿੰਡਾ ਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੀ ਸਰਗਰਮ ਮਹਿਲਾ ਆਗੂ ਤੇ ਪਿੰਡ ਕਾਲਝਰਾਣੀ ਦੀ ਸਰਪੰਚ ਸਤਵੀਰ ਕੌਰ ਅਤੇ ਉਸਦੇ ਪੁੱਤਰ ਸਹਿਤ ਤਿੰਨ ਜਣਿਆਂ ਵਿਰੁਧ ਪਰਚਾ ਦਰਜ਼ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਕਾਰਵਾਈ ਉਕਤ ਮਹਿਲਾ ਸਰਪੰਚ ਦੇ ਪਿੰਡ ਦੇ ਹੀ ਇੱਕ ਨੌਜਵਾਨ ਦੀ ਸਿਕਾਇਤ ‘ਤੇ ਹੋਈ ਹੈ, ਜਿਸਨੇ ਕੁੱਝ ਦਿਨ ਪਹਿਲਾਂ ਆਤਮਹੱਤਿਆ ਕਰਨ ਦੀ ਕੋਸਿਸ਼ ਕੀਤੀ ਸੀ। ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਹਰਜੌਤ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ, ” ਪੀੜਤ ਗੁਰਦੀਪ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਕਾਲਝਰਾਣੀ ਦੀ ਸਿਕਾਇਤ ਉਪਰ ਸਰਪੰਚ ਸਤਵੀਰ ਕੌਰ, ਉਸਦੇ ਪੁੱਤਰ ਉਕਾਰ ਸਿੰਘ ਅਤੇ ਉਸਦੇ ਦੋਸਤ ਤਰਨਵੀਰ ਸਿੰਘ ਸਾਰੇ ਵਾਸੀ ਕਾਲਝਰਾਣੀ ਵਿਰੁਧ ਬੀਐਨਐਸ ਦੀ ਧਾਰਾ 108 ਅਤੇ 56 ਤਹਿਤ ਮੁਕੱਦਮਾ ਨੰਬਰ 83 ਦਰਜ਼ ਕੀਤਾ ਗਿਆ ਹੈ। ਸੂਚਨਾ ਮੁਤਾਬਕ ਮੁਦਈ ਦੀ ਸਰਪੰਚ ਦੇ ਪੁੱਤਰ ਅਤੇ ਉਸਦੇ ਦੋਸਤ ਨੇ ਕੁੱਝ ਦਿਨ ਪਹਿਲਾਂ ਕੁੱਟਮਾਰ ਕੀਤੀ ਸੀ ਅਤੇ ਸਰਪੰਚ ਉਪਰ ਉਕਤ ਨੌਜਵਾਨ ‘ਤੇ ਧਮਕੀਆਂ ਦੇਣ ਦੇ ਦੋਸ਼ ਲੱਗੇ ਹਨ। ਪਤਾ ਲੱਗਿਆ ਹੈ ਕਿ ਮੁੰਡਿਆਂ ਦੀ ਆਪਸ ਵਿਚ ਕਿਸੇ ਗਲ ਨੂੰ ਲੈ ਕੇ ਲੜਾਈ ਹੋਈ ਸੀ। ਜਿਸਤੋਂ ਬਾਅਦ ਗੁਰਦੀਪ ਸਿੰਘ ਨੇ ਬਠਿੰਡਾ ਦੇ ਭੱਟੀ ਰੋਡ ‘ਤੇ ਸਥਿਤ ਆਪਣੇ ਭਰਾ ਦੇ ਸੈਲੂਨ ਦੀ ਛੱਤ ਤੋਂ ਹੇਠਾਂ ਛਾਲ ਮਾਰ ਦਿੱਤੀ मी।ਪ੍ਰੰਤੂ ਉਹ ਹਾਈਵੋਲਟੇਜ਼ ਤਾਰਾਂ ਦੀ ਚਪੇਟ ਵਿਚ ਆਉਣ ਕਾਰਨ ਝੁਲਸ ਗਿਆ, ਜਿਸਦੇ ਚੱਲਦੇ ਹੁਣ ਉਸਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ। ਦਸਣਾ ਬਣਦਾ ਹੈ ਕਿ ਪੁਲਿਸ ਵੱਲੋਂ ਨਾਮਜਦ ਕੀਤੀ ਗਈ ਸਤਵੀਰ ਕੌਰ ਆਮ ਆਦਮੀ ਪਾਰਟੀ ਦੇ ਮੁਢਲੇ ਮੈਂਬਰਾਂ ਵਿਚੋਂ ਸ਼ਾਮਲ ਹੈ ਤੇ ਉਹ ਜ਼ਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ। ਪ੍ਰੰਤੂ ਮੌਜੂਦਾ ਸਰਕਾਰ ਦੀ ਸਰਗਰਮ ਆਗੂ ਵਿਰੁਧ ਪਰਚਾ ਦਰਜ਼ ਹੋਣ ਦੀ ਕਾਰਵਾਈ ਨੂੰ ਲੈ ਕੇ ਆਮ ਲੋਕਾਂ ਵਿੱਚ ਚਰਚਾ ਸ਼ੁਰੂ ਹੋ ਗਈ ਹੈ।