ਬਠਿੰਡਾ, 18 ਫ਼ਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਮਾਨਯੋਗ ਜਿਲ੍ਹਾ ਅਦਾਲਤ ਬਠਿੰਡਾ ਨੇ ਬਹੁ ਚਰਚਿਤ ਆਮ ਆਦਮੀ ਪਾਰਟੀ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਮੌਜੂਦਾ ਸਰਪੰਚ ਸਤਵੀਰ ਕੌਰ ਸਿੱਧੂ ਦੀ ਅਗਾਊ ਜਮਾਨਤ ਰੱਦ ਕਰ ਦਿੱਤੀ ਹੈ , ਵਰਣਨ ਯੋਗ ਹੈ ਕਿ ਸ਼ਿਕਾਇਤ ਕਰਤਾ ਜਤਿੰਦਰ ਸਿੰਘ ਵਾਸੀ ਪਿੰਡ ਭਗਵਾਨਗੜ੍ਹ ਜਿਲ੍ਹਾ ਬਠਿੰਡਾ ਦੀ ਸ਼ਿਕਾਇਤ ਤੇ ਉਕਤ ਸਰਪੰਚ ਸਤਵੀਰ ਕੌਰ ਸਿੱਧੂ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ ਦੇ ਖਿਲਾਫ ਮੁਕੱਦਮਾ ਨੰਬਰ 02 , 25/01/2026 ਅਧੀਨ ਧਾਰਾ 7A ਪੀਸੀ ਐਕਟ ਤਹਿਤ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਵਿਖੇ ਦਰਜ ਕੀਤਾ ਗਿਆ ਸੀ। ਜਿਸ ਤਹਿਤ ਪੀੜ੍ਹਤ ਵੱਲ਼ੋਂ ਉਕਤ ਸਰਪੰਚ ਅਤੇ ਇੱਕ ਚੈਅਰਮੈਨ ਉੱਤੇ ਇਹ ਇਲ੍ਜ਼ਾਮ ਲਗਾਏ ਸਨ ਕਿ ਉਸਨੂੰ ਡਰਾਇਵਰ ਦੇ ਤੌਰ ਤੇ ਨਿਯੁਕਤ ਕਰਵਾਉਣ ਦੇ ਏਵਜ ਚ ਆਮ ਆਦਮੀ ਨਾਲ ਸਬੰਧਤ ਇਹਨਾਂ ਆਗੂਆਂ ਵੱਲ਼ੋਂ ਹਰੇਕ ਮਹੀਨੇ ਉਸਦੀ ਤਨਖਾਹ ਚੋਂ ਵੱਡੀ ਹਿੱਸੇਦਾਰੀ ਮੰਗੀ ਗਈ ਸੀ।ਅੱਜ ਮਾਣਯੋਗ ਅਦਾਲਤ ਵਿਖੇ ਕਥਿਤ ਦੋਸ਼ਣ ਸਤਵੀਰ ਕੌਰ ਦੇ ਵਕੀਲਾਂ ਨੇ ਪੇਸ਼ ਹੋ ਕੇ ਦਲੀਲਾਂ ਪੇਸ਼ ਕੀਤੀਆਂ ਕਿ ਸਤਵੀਰ ਕੌਰ ਨੇ ਪੀੜਤ ਜਤਿੰਦਰ ਸਿੰਘ ਤੋਂ ਤਨਖਾਹ ਵਿੱਚੋਂ ਰਿਸ਼ਵਤ ਤੌਰ ਤੇ ਹਿੱਸਾ ਨਹੀਂ ਮੰਗਿਆ ਬਲਕਿ ਉਹ ਆਪਣੇ 1, 30,000/- ਦੇ ਕਰਜੇ ਦੀ ਕਿਸਤ ਦੀ ਮੰਗ ਕਰ ਰਹੀ ਸੀ ਇਸ ਤੋਂ ਇਲਾਵਾ ਉਹਨਾਂ ਨੇ ਦਲੀਲ ਪੇਸ਼ ਕੀਤੀ ਕਿ ਪੀੜਿਤ ਨੇ ਅਰਜੀ 19 /12/2023 ਨੂੰ ਦਿੱਤੀ ਸੀ ਅਤੇ ਮੁਕੱਦਮਾ 25 / 01/2026 ਨੂੰ ਕਾਫੀ ਦੇਰ ਬਾਅਦ ਦਰਜ ਹੋਇਆ ਹੈ। ਪੀੜਤ ਜਤਿੰਦਰ ਸਿੰਘ ਸੋਹਲ ਦੇ ਵਕੀਲ ਅੰਗਰੇਜ ਸਿੰਘ ਸੋਹਲ ਨੇ ਮਾਨਯੋਗ ਅਦਾਲਤ ਵਿੱਚ ਦਲੀਲ ਪੇਸ਼ ਕੀਤੀ ਕਿ ਕਿਓਕਿ ਦੋਸ਼ਣ ਸਤਵੀਰ ਕੌਰ ਸਿੱਧੂ ਸੱਤਾ ਧਿਰ ਪਾਰਟੀ ਵਿੱਚ ਕਾਫੀ ਉੱਪਰ ਤੱਕ ਪਹੁੰਚ ਰੱਖਦੀ ਹੈ ਅਤੇ ਵਿਜੀਲੈਂਸ ਵਿਭਾਗ ਉੱਪਰ ਉਸ ਦਾ ਕਾਫੀ ਦਬਾਅ ਸੀ ਜਿਸ ਕਾਰਨ ਪੀੜਿਤ ਨੂੰ ਮਾਨਯੋਗ ਹਾਈਕੋਰਟ ਤੱਕ ਪਹੁੰਚ ਕਰਨੀ ਪਈ , ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਬਠਿੰਡਾ ਨੇ 25/01/2026 ਨੂੰ ਸਤਵੀਰ ਕੌਰ ਸਿੱਧੂ ਤੇ ਪਰਚਾ ਦਰਜ ਕੀਤਾ ਹੈ। ਜਦ ਕਿ ਚੇਅਰਮੈਨ ਰਕੇਸ਼ ਪੁਰੀ ਦੇ ਖਿਲਾਫ ਤਫਤੀਸ਼ ਅਜੇ ਬਾਕੀ ਹੈ ਸਤਵੀਰ ਕੌਰ ਸਿੱਧੂ ਵੱਲੋਂ 1,30,000 /- ਰੁਪਏ ਕਰਜ਼ਾ ਦੇਣ ਸੰਬੰਧੀ ਨਾ ਤਾਂ ਕੋਈ ਸਬੂਤ ਮੌਜੂਦ ਹੈ ਅਤੇ ਨਾ ਹੀ ਉਸ ਦੀਆਂ ਆਡੀਓ ਰਿਕਾਰਡਿੰਗਜ ਵਿੱਚ ਅਜਿਹਾ ਕੋਈ ਜ਼ਿਕਰ ਹੈ। ਸਤਵੀਰ ਕੌਰ ਕੋਲੋਂ ਪੀੜਤ ਤੋਂ ਰਿਸ਼ਵਤ ਵਜੋਂ ਪ੍ਰਾਪਤ ਕੀਤੇ 10000/- ਰੁਪਏ ਸਬੰਧੀ ਹਿਰਾਸਤੀ ਪੁੱਛਗਿੱਛ ਬਹੁਤ ਜਰੂਰੀ ਹੈ ਕਿ ਇਹ ਪੈਸੇ ਉਸਨੇ ਅੱਗੋਂ ਕਿੱਥੇ ਕਿਸ ਨੂੰ ਟਰਾਂਸਫਰ ਕੀਤੇ ਅਤੇ ਦੂਜੇ ਕਥਿਤ ਦੋਸ਼ੀ ਚੇਅਰਮੈਨ ਰਕੇਸ਼ ਪੁਰੀ ਨਾਲ ਉਸ ਦਾ ਰਿਸ਼ਵਤ ਸਬੰਧੀ ਕੀ ਲੈਣ ਦੇਣ ਸੀ। ਇਸ ਤੇ ਮਾਨਯੋਗ ਅਦਾਲਤ ਨੇ ਪੀੜਤ ਦੇ ਵਕੀਲ ਅੰਗਰੇਜ਼ ਸਿੰਘ ਸੋਹਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ ਦੀ ਸਰਪੰਚ ਸਤਵੀਰ ਕੌਰ ਸਿੱਧੂ ਦੀ ਅੱਜ ਮਿਤੀ 16/02/2026 ਨੂੰ ਅਗਾਊ ਜਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ।
