2 ਸਾਲਾਂ ਦੀ ‘ਆਪ’ ਸਰਕਾਰ ਦੀ ਕਾਰਗੁਜਾਰੀ ਨੇ ਉਹਨਾਂ ਨੂੰ ਨਿਰਾਸ਼ ਕੀਤਾ : ਧਰਮਿੰਦਰ ਸਿੰਘ
ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਮਿਲੇਗਾ ਬਣਦਾ ਸਤਿਕਾਰ : ਸੰਧੂ
ਕੋਟਕਪੂਰਾ, 22 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਦੀ ਬਦਲਾਅ ਵਾਲੀ ਰਾਜਨੀਤੀ ਨੂੰ ਅਲਵਿਦਾ ਆਖ ਕੇ ਨੇੜਲੇ ਪਿੰਡ ਸਿਰਸੜੀ ਦੇ ਆਮ ਆਦਮੀ ਪਾਰਟੀ ਦੇ ਐਸ.ਸੀ. ਸੈੱਲ ਦੇ ਪ੍ਰਧਾਨ ਧਰਮਿੰਦਰ ਸਿੰਘ ਆਪਣੇ ਸਾਥੀਆਂ ਨੂੰ ਲੈ ਕੇ ਅਜੈਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹਨਾਂ ਆਖਿਆ ਕਿ ਉਹ ਸਾਲ 2017 ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਮੌਕੇ ਆਮ ਆਦਮੀ ਪਾਰਟੀ ਦੇ ਰਾਜਨੀਤੀ ਵਿੱਚ ਬਦਲਾਅ ਲਿਆਉਣ ਦੇ ਦਾਅਵਿਆਂ ਅਤੇ ਵਾਅਦਿਆਂ ਕਰਕੇ ਉਕਤ ਪਾਰਟੀ ਨਾਲ ਜੁੜੇ ਸਨ ਪਰ ਮਹਿਜ 2 ਸਾਲਾਂ ਦੀ ‘ਆਪ’ ਸਰਕਾਰ ਦੀ ਕਾਰਗੁਜਾਰੀ ਨੇ ਉਹਨਾਂ ਨੂੰ ਨਿਰਾਸ਼ ਕੀਤਾ ਹੈ, ਜਿਸ ਕਰਕੇ ਉਹ ਪਾਰਟੀ ਛੱਡਣ ਲਈ ਮਜਬੂਰ ਹੋ ਗਏ ਹਨ। ਉਹਨਾਂ ਕਿਹਾ ਕਿ ਉਹ ਅਜੈਪਾਲ ਸਿੰਘ ਸੰਧੂ ਦੇ ਸਮੁੱਚੇ ਪਰਿਵਾਰ ਦੇ ਹਰ ਤਰਾਂ ਦੀ ਧੜੇਬੰਦੀ ਅਤੇ ਪਾਰਟੀਬਾਜੀ ਤੋਂ ਉਪਰ ਉੱਠ ਕੇ ਮਨੁੱਖਤਾ ਦੀ ਭਲਾਈ ਵਾਲੇ ਕੀਤੇ ਜਾ ਰਹੇ ਸੇਵਾ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਹਨਾਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਵਾਅਦਾ ਕੀਤਾ। ਅਜੈਪਾਲ ਸਿੰਘ ਸੰਧੂ ਨੇ ਸਿਰੋਪਾਉ ਦੀ ਬਖਸ਼ਿਸ਼ ਨਾਲ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕਰਦਿਆਂ ਆਖਿਆ ਕਿ ਉਕਤ ਪਰਿਵਾਰਾਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਮਿਲੇਗਾ। ਉਹਨਾਂ ਆਖਿਆ ਕਿ ਜਿੱਥੇ ਦੇਸ਼ ਭਰ ਦੇ ਲੋਕ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਫਿਰਕਾਪ੍ਰਸਤੀ ਵਾਲੀ ਰਾਜਨੀਤੀ ਤੋਂ ਨਿਰਾਸ਼ ਅਤੇ ਪ੍ਰੇਸ਼ਾਨ ਹਨ, ਉੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਵੀ ਪੰਜਾਬ ਵਾਸੀਆਂ ਦੇ ਪੱਲੇ ਝੂਠੇ ਲਾਰਿਆਂ ਤੋਂ ਇਲਾਵਾ ਕੁਝ ਵੀ ਨਹੀਂ ਪਾਇਆ। ਉਹਨਾਂ ਆਖਿਆ ਕਿ ਭਗਵੰਤ ਸਿੰਘ ਮਾਨ ਅਤੇ ਉਸਦੀ ਸਮੁੱਚੀ ਕੈਬਨਿਟ ਸਮੇਤ ਲੀਡਰਸ਼ਿਪ ਵਲੋਂ ਵਿਕਾਸ ਦੇ ਵੱਡੇ ਵੱਡੇ ਕੀਤੇ ਜਾ ਰਹੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ, ਜਿਸ ਕਰਕੇ ਇਸ ਵਾਰ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕੇਗੀ।