ਐਸਐਸਪੀ ਨੇ ਗੁਰਪ੍ਰੀਤ ਸਿੰਘ ਕਮੋ ਅਤੇ ਜਰਨੈਲ ਸਿੰਘ ਨੂੰ ਪਹਿਲਾ ਸਥਾਨ ਹਾਸਲ ਕਰਨ ’ਤੇ ਕੀਤਾ ਸਨਮਾਨਿਤ
ਕੋਟਕਪੂਰਾ, 13 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜੇਕਰ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਚੰਗੀ ਸੇਧ ਦੇਵਾਂਗੇ ਤਾਂ ਹੀ ਉਹ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਪ੍ਰਾਪਤੀਆਂ ਕਰਕੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਹਨ। ਇਹਨਾਂ ਬੋਲਾ ਦਾ ਪ੍ਰਗਟਾਵਾ ਡਾ. ਪ੍ਰਗਿਆ ਜੈਨ ਐਸਐਸਪੀ ਫ਼ਰੀਦਕੋਟ ਨੇ ਕੋਟਕਪੂਰਾ ਸਾਈਕਲ ਰਾਈਡਰਜ਼ ਟੀਮ ਦੇ ਮੈਂਬਰਾਂ ਗੁਰਪ੍ਰੀਤ ਸਿੰਘ ਕਮੋਂ ਅਤੇ ਜਰਨੈਲ ਸਿੰਘ ਵਲੋਂ ਪਿਛਲੇ ਮਹੀਨੇ ਹੋਈ ਆਲ ਇੰਡੀਆ ਸਾਈਕਲ ਪ੍ਰਤੀਯੋਗਤਾ ਵਿੱਚ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ’ਤੇ ਸਨਮਾਨਿਤ ਕਰਦਿਆਂ ਆਖਿਆ। ਇਸ ਮੌਕੇ ਜਿਥੇ ਉਹਨਾਂ ਨੂੰ ਪਿਛਲੇ 6-7 ਸਾਲ ਤੋਂ ਕੋਟਕਪੂਰਾ ਸਾਈਕਲ ਰਾਈਡਰਜ਼ ਟੀਮ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਗਿਆ, ਉੱਥੇ ਹੀ ਇਸ ਪ੍ਰਤੀਯੋਗਤਾ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ, ਇਸ ਮੌਕੇ ਉਹਨਾਂ ਨੇ ਸਾਰੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਜੇਕਰ ਅਸੀਂ ਚੰਗੀ ਸਿਹਤ ਨਾਲ ਆਪਣੀ ਜ਼ਿੰਦਗੀ ਗੁਜ਼ਾਰਨਾਂ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਜ਼ਿੰਦਗੀ ਵਿੱਚ ਰੋਜ਼ਾਨਾ ਸੁਭਾ-ਸ਼ਾਮ ਕਸਰਤ ਵਰਗੀ ਚੰਗੀ ਆਦਤ ਪਾਉਣੀ ਅੱਜ ਦੇ ਸਮੇਂ ਦੀ ਮੁੱਖ ਜਰੂਰਤ ਵੀ ਹੈ। ਇਸ ਮੌਕੇ ਜ਼ਿਲੇ ਵਿੱਚ ਸ਼ੁਰੂ ਕੀਤੇ ਗਏ ਮਿਸ਼ਨ ਨਿਸ਼ਚੈ ਰਾਹੀਂ ਪੁਲਿਸ ਪ੍ਰਾਸ਼ਸਨ ਵਲੋਂ ਪਿੰਡਾਂ, ਸ਼ਹਿਰਾਂ ਅਤੇ ਸਕੂਲਾਂ ਆਦਿ ਵਿੱਚ ਮਾੜੀਆਂ ਅਲਾਮਤਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਅੰਤ ਵਿੱਚ ਜਿੱਥੇ ਐੱਸ.ਐੱਸ.ਪੀ. ਵਲੋਂ ਗੁਰਪ੍ਰੀਤ ਸਿੰਘ ਕਮੋਂ ਅਤੇ ਜਰਨੈਲ ਸਿੰਘ ਨੂੰ ਤਮਗ਼ੇ ਅਤੇ ਸ਼ਰਟੀਫਿਕੇਟ ਨਾਲ ਉਚੇਚੇ ਤੌਰ ’ਤੇ ਸਨਮਾਨਿਤ ਦੇਣ ਮੌਕੇ ਅਨੁਵਰਤ ਸੇਵਾ ਸਮਿਤੀ ਦੇ ਇੰਚਾਰਜ਼ ਰਾਜਨ ਕੁਮਾਰ ਜੈਨ ਅਤੇ ਉਦੇ ਰੰਦੇਵ ਆਦਿ ਵੀ ਹਾਜ਼ਰ ਸਨ। ਇਸ ਮੌਕੇ ਸਾਰਿਆਂ ਨੇ ਮਿਲ ਕੇ ਜ਼ਿਲਾ ਪੁਲਿਸ ਪ੍ਰਸ਼ਾਸਨ ਦੇ ਮਿਸ਼ਨ ਨਿਸ਼ਚੈ ਅਧੀਨ ਸਮਾਜਿਕ ਕੁਰੀਤੀਆਂ ਵਿਰੁੱਧ ਆਪਣਾ ਸਹਿਯੋਗ ਦੇਣ ਦਾ ਵਾਅਦਾ ਕੀਤਾ।