ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ : ਹਰਗੋਬਿੰਦ ਕੌਰ
ਕੋਟਕਪੂਰਾ, 16 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਸਤਵੰਤ ਕੌਰ ਭੋਗਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਬੋਲਦਿਆਂ ਉਹਨਾਂ ਆਖਿਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਹੈ ਤੇ ਜਦੋਂ ਦੀ ਸਰਕਾਰ ਬਣੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ ਤੇ ਪੰਜਾਬ ਸਰਕਾਰ ਵਰਕਰਾਂ ਤੇ ਹੈਲਪਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।ਉਹਨਾਂ ਕਿਹਾ ਕਿ ਵਾਅਦਾ ਤਾਂ ਇਹ ਕੀਤਾ ਗਿਆ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਬਣੀ ਤਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕਰ ਦਿੱਤਾ ਜਾਵੇਗਾ ਪਰ ਮਾਣਭੱਤਾ ਦੁੱਗਣਾ ਤਾਂ ਕੀ ਕਰਨਾ ਸੀ ਉਲਟਾ ਪਹਿਲਾਂ ਮਿਲਦਾ ਮਾਣ ਭੱਤਾ ਵੁ ਸਮੇਂ ਸਿਰ ਨਹੀਂ ਮਿਲਿਆ ਤੇ ਮਾਣ ਭੱਤਾ ਲੈਣ ਲਈ ਵੀਡੀਓ ਜਥੇਬੰਦੀ ਨੂੰ ਧਰਨੇ/ਮੁਜ਼ਾਹਰੇ ਕਰਨੇ ਪਏ। ਉਹਨਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਦੇ ਲਾਭਪਾਤਰੀਆਂ ਨੂੰ ਮਾੜਾ ਰਾਸ਼ਨ ਖਾਣ ਲਈ ਦਿੱਤਾ ਗਿਆ ਤੇ ਦਿੱਲੀ ਤੱਕ ਇਸ ਮਸਲੇ ਦਾ ਰੌਲਾ ਪਿਆ ਪਰ ਅਜੇ ਤੱਕ ਪੰਜਾਬ ਸਰਕਾਰ ਨੇ ਸਰਕਾਰੀ ਅਦਾਰੇ ਵੇਰਕਾ ਤੇ ਰਾਸ਼ਨ ਲੈਣਾ ਸ਼ੁਰੂ ਨਹੀਂ ਕੀਤਾ ਤੇ ਪ੍ਰਾਈਵੇਟ ਕੰਪਨੀਆਂ ਤੋਂ ਘਟੀਆ ਕੁਆਲਿਟੀ ਦਾ ਰਾਸ਼ਨ ਖਰੀਦਿਆ ਜਾ ਰਿਹਾ ਹੈ ਜੋ ਲਾਭਪਾਤਰੀਆਂ ਦੀ ਸਿਹਤ ਨਾਲ ਖਿਲਵਾੜ ਹੈ। ਉਹਨਾਂ ਕਿਹਾ ਕਿ 2 ਅਕਤੂਬਰ 1975 ਨੂੰ ਦੇਸ਼ ਭਰ ਵਿੱਚ ਆਂਗਣਵਾੜੀ ਸੈਂਟਰਾਂ ਨੂੰ ਖੋਲਿਆ ਗਿਆ ਸੀ ਤੇ 50 ਸਾਲ ਹੋਣ ਵਾਲੇ ਹਨ ਪਰ ਐਨੇ ਲੰਮੇ ਸਮੇਂ ਵਿੱਚ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀਂ ਦਿੱਤਾ ਗਿਆ, ਜਦੋਂ ਕਿ ਬਾਕੀ ਵਿਭਾਗਾਂ ਦੇ ਬਾਕੀ ਸਾਰੇ ਮੁਲਾਜ਼ਮ ਪੱਕੇ ਹਨ। ਉਹਨਾਂ ਕਿਹਾ ਕਿ ਪਿਛਲੇਂ 6 ਸਾਲਾਂ ਤੋਂ ਕੇਂਦਰ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਨਿੱਕੇ ਪੈਸੇ ਦਾ ਵਾਧਾ ਨਹੀਂ ਕੀਤਾ। ਕੇਂਦਰ ਸਰਕਾਰ ਵਰਕਰ ਨੂੰ 4500 ਰੁਪਏ ਅਤੇ ਹੈਲਪਰ ਨੂੰ 2250 ਰੁਪਏ ਦੇ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਦੀਆਂ 28 ਲੱਖ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਸਰਕਾਰ ਸ਼ੋਸ਼ਣ ਕਰ ਰਹੀ ਹੈ। ਕੇਂਦਰ ਸਰਕਾਰ ਵੱਲੋਂ ਅਜੇ ਤੱਕ ਸਾਰੇ ਆਂਗਣਵਾੜੀ ਸੈਂਟਰਾਂ ਦੀਆਂ ਸਰਕਾਰੀ ਇਮਾਰਤਾਂ ਨਹੀਂ ਬਣਾਈਆਂ ਗਈਆਂ ਅਤੇ ਅੱਧੋ ਵੱਧ ਆਂਗਣਵਾੜੀ ਸੈਂਟਰ ਸਹੂਲਤਾਂ ਤੋਂ ਸੱਖਣੇ ਪਏ ਹਨ। ਹਰਗੋਬਿੰਦ ਕੌਰ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇ ਕੇ ਸਰਕਾਰੀ ਮੁਲਾਜ਼ਮ ਐਲਾਨੇ ਅਤੇ ਹੈਲਪਰਾਂ ਨੂੰ ਗਰੇਡ ਦਿੱਤੇ ਜਾਣ। ਉਹਨਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿੱਚ ਨਾ ਤਾਂ ਬੱਚੇ ਹਨ ਤੇ ਨਾ ਹੀ ਰਾਸ਼ਨ ਬਣ ਰਿਹਾ ਹੈ। ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਵੀ ਆਸ਼ਾ ਵਰਕਰਾਂ ਰਾਹੀਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਕਰਕੇ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ਨੂੰ ਬੰਦ ਕਰਨ ਦੀ ਸਾਜ਼ਿਸ਼ ਬਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ ਅਤੇ ਮਾਣ ਭੱਤਾ ਹਰ ਮਹੀਨੇ ਸਮੇਂ ਸਿਰ ਦਿੱਤਾ ਜਾਵੇ। ਇਸ ਮੌਕੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਨਵੇਂ ਸਾਲ ਦਾ ਕਲੰਡਰ ਅਤੇ ਡਾਇਰੀ ਰਲੀਜ਼ ਕੀਤੀ ਗਈ। ਮੀਟਿੰਗ ਵਿੱਚ ਸਤਵਿੰਦਰ ਕੌਰ ਭੋਗਪੁਰ, ਮਨਜੀਤ ਕੌਰ ਦੁਸਾਂਝ, ਕਸ਼ਮੀਰ ਕੌਰ ਰੁੜਕਾ, ਜਸਵਿੰਦਰ ਕੌਰ ਸ਼ਾਹਕੋਟ, ਕਸ਼ਮੀਰ ਕੌਰ, ਸੁਖਵਿੰਦਰ ਕੌਰ ਲੋਈਆ, ਸੁਖਵਰਸ਼ਾ ਭੂੰਗਾ, ਬਲਵਿੰਦਰ ਕੌਰ ਦਸੂਆ, ਜੀਵਨ ਸ਼ਰਮਾ, ਸਲਕਸ਼ਨਾ ਮਖੂ, ਸਰਜੀਤ ਕੌਰ ਧਰਮਕੋਟ, ਮਨਜੀਤ ਕੌਰ ਸੁਲਤਾਨਪੁਰ ਲੋਧੀ, ਮਹੇਸ਼ ਕੁਮਾਰੀ ਫਗਵਾੜਾ ਆਦਿ ਆਗੂ ਮੌਜੂਦ ਸਨ।