ਫ਼ਰੀਦਕੋਟ 24 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਅੱਜ ਹੋਈ ਆਲ ਪੰਜਾਬ ਡੀ ਐਸ ਟੀ/ਸੀ ਟੀ ਐਸ ਕੰਟੈਰਕਟ ਇੰਸਟਰਕਟਰ ਯੂਨੀਅਨ ਦੀ ਮੀਟਿੰਗ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਪ੍ਰਧਾਨ ਵੱਲੋ ਦੱਸਿਆ ਕਿ ਸਾਡੀ ਮੀਟਿੰਗ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨਾਲ ਤਿੰਨ ਵਾਰ ਹੋ ਚੁੱਕੀ ਹੈ , ਮਾਨਯੋਗ ਵਿੱਤ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ 12 ਵਾਰ ਹੋ ਚੁੱਕੀ ਹੈ ਅਤੇ ਤਕਨੀਕੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਨਾਲ ਸਾਡੀ ਬਹੁਤ ਵਾਰ ਮੀਟਿੰਗ ਹੋ ਚੁੱਕੀ ਹੈ ਅਤੇ ਇਹਨਾਂ ਤੋ ਇਲਾਵਾ ਅਮਨ ਅਰੋੜਾ ਜੀ, ਲਾਲਜੀਤ ਭੁੱਲਰ ਜੀ , ਮੈਡਮ ਡਾਕਟਰ ਗੁਰਪ੍ਰੀਤ ਕੌਰ ਜੀ ਅਤੇ ਹੋਰ ਕਈ ਕੈਬਿਨੇਟ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ। ਇਹਨਾ ਸਾਰੀਆਂ ਮੀਟਿੰਗਾਂ ਵਿੱਚ ਸਾਨੂੰ ਸਾਡੀਆਂ ਮੰਗਾ ਪੂਰੀਆਂ ਕਰਨ ਲਈ ਵਿਸ਼ਵਾਸ਼ ਦਵਾਇਆ ਗਿਆ ਸੀ ਪਰ ਸਾਡੀਆਂ ਮੰਗਾ ਸਾਢੇ ਤਿੰਨ ਸਾਲ ਬੀਤਣ ਉਪਰੰਤ ਵੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਦੋਂ ਕੇ ਵੋਟਾਂ ਤੋਂ ਪਹਿਲਾ ਸਾਡੇ ਨਾਲ ਵਾਧੇ ਕੀਤੇ ਗਏ ਸਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪਹਿਲ ਦੇ ਅਧਾਰ ਤੇ ਕੰਮ ਕੀਤੇ ਜਾਣਗੇ। ਸਾਡੀ ਆਖਰੀ ਮੀਟਿੰਗ 29/05/2025 ਨੂੰ ਮਾਨਯੋਗ ਹਰਪਾਲ ਸਿੰਘ ਚੀਮਾ ਜੀ ਨਾਲ ਪੈਨਲ ਮੀਟਿੰਗ ਹੋਈ ਸੀ ਜਿਸ ਵਿੱਚ ਤਕਨੀਕੀ ਸਿੱਖਿਆ ਵਿਭਾਗ ਦੇ ਮਾਨਯੋਗ ਡਾਇਰੈਕਟਰ ਸਾਹਿਬ ਅਤੇ ਵਿੱਤ ਵਿਭਾਗ ਦੇ ਸਕੱਤਰ ਸਾਹਿਬ ਮੌਜੂਦ ਸਨ। ਹਰ ਵਾਰ ਦੀ ਤਰ੍ਹਾਂ ਸਾਨੂੰ ਮੀਟਿੰਗ ਵਿੱਚ ਮੰਗਾ ਪੂਰੀਆਂ ਕਰਨ ਲਈ ਭਰੋਸਾ ਦਵਾਇਆ ਗਿਆ ਸੀ ਪਰ ਅੱਜ 2 ਮਹੀਨੇ ਬੀਤਣ ਤੇ ਵੀ ਸਾਡਾ ਕੋਈ ਹੱਲ ਨਹੀਂ ਹੋਇਆ।
ਅਸੀ ਆਪਣੀ ਨੌਕਰੀ ਨੂੰ ਸੁਰੱਖਿਅਤ ਕਰਨ , ਤਨਖਾਹਾਂ ਵਿਚ ਵਾਧਾ ਕਰਨ ਲਈ ਬੇਨਤੀ ਕੀਤੀ ਸੀ ਪਰ ਸਾਡੇ ਪੱਲੇ ਕੁਸ਼ ਨਾ ਪਿਆ। ਵਿਭਾਗ ਵਿਚ ਪਤਾ ਕਰਨ ਤੇ ਸਾਨੂੰ ਪਤਾ ਲੱਗਾ ਕਿ ਵਿਭਾਗ ਵੱਲੋਂ ਸਾਡੀਆਂ ਮੰਗਾ ਸਬੰਧੀ ਫਾਈਲ ਵਿੱਤ ਵਿਭਾਗ ਵਿਚ ਭੇਜੀ ਹੋਈ ਹੈ ਅਤੇ ਵਿੱਤ ਮੰਤਰੀ ਵੱਲੋਂ ਰੋਕ ਲਾਈ ਗਈ ਹੈ। ਅਤੇ ਮੰਤਰੀ ਸਾਹਿਬ ਵੱਲੋ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਫਾਈਲ ਮੁੱਖ ਮੰਤਰੀ ਸਾਹਿਬ ਕੋਲ ਭੇਜੀ ਹੋਈ ਹੈ। ਇਸ ਤੋਂ ਇਹ ਪਤਾ ਲਗਦਾ ਹੈ ਕਿ ਦੋਨਾਂ ਪਾਸਿਆਂ ਤੋਂ ਯੂਨੀਅਨ ਨੂੰ ਉਲਝਾ ਕੇ ਰੱਖਿਆ ਗਿਆ ਹੈ ਅਤੇ ਸਾਨੂੰ ਲਾਰੇ ਲੱਪੇ ਲਗਾਏ ਜਾ ਰਹੇ ਹਨ । ਇਸੇ ਤੋਂ ਤੰਗ ਆ ਕੇ ਯੂਨੀਅਨ ਵੱਲੋਂ ਵਿੱਤ ਮੰਤਰੀ ਸਾਹਿਬ ਦੇ ਹਲਕਾ ਦਿੜ੍ਹਬਾ ਵਿਚ ਮਿਤੀ 27/07/2025 ਨੂੰ ਰੋਸ ਪ੍ਰਦਰਸ਼ਨ ਕਰਨ ਲਈ ਤਿਆਰੀ ਵਿੱਢ ਲਈ ਗਈ ਹੈ। ਯੂਨੀਅਨ ਆਗੂ ਵੱਲੋ ਇਹ ਚੇਤਾਵਨੀ ਦਿੱਤੀ ਗਈ ਕੇ ਜੇਕਰ ਸਰਕਾਰ ਸਾਡੀਆਂ ਮੰਗਾ ਜਲਦੀ ਪੂਰੀਆਂ ਨਹੀਂ ਕਰਦੀ ਤਾਂ ਇਹ ਸੰਘਰਸ਼ ਤਿੱਖਾ ਕਰਦੇ ਹੋਏ ਪੱਕੇ ਤੌਰ ਤੇ ਕੰਮ ਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਯੂਨੀਅਨ ਪ੍ਰਧਾਨ ਸੰਦੀਪ ਸਿੰਘ ਗਗੜੇਵਾਲ , ਸਿਮਰਨਜੀਤ ਸਿੰਘ ਫਿਰੋਜ਼ਪੁਰ ,ਕਿਰਨਦੀਪ ਸਿੰਘ ਰੁਪਾਣਾ, ਮਨਜਿੰਦਰ ਸਿੰਘ ਅਤੇ ਯੂਨੀਅਨ ਦੇ ਹੋਰ ਮੈਂਬਰ ਹਾਜਰ ਸਨ।