ਆਮ ਆਦਮੀ ਪਾਰਟੀ’ ਨੂੰ ਆਮ ਆਦਮੀਆਂ ਤੋਂ ਕੀ ਖਤਰਾ ? : ਅਸ਼ੋਕ ਕੌਸ਼ਲ

ਕੋਟਕਪੂਰਾ, 18 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹੁਣ ‘ਆਮ ਆਦਮੀ ਪਾਰਟੀ’ ਦੇ ਆਗੂਆਂ ਨੂੰ ਆਮ ਆਦਮੀਆਂ ਤੋਂ ਡਰ ਲੱਗਣ ਲੱਗ ਪਿਆ ਹੈ, ਜਿਸ ਕਾਰਨ ਪੁਲਿਸ ਦੀ ਵਰਤੋਂ ਨਾਲ ਜਥੇਬੰਦੀਆਂ ਦੇ ਆਗੂਆਂ ਨੂੰ ਨਜ਼ਾਇਜ਼ ਹਿਰਾਸਤ ਵਿੱਚ ਲੈਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਇਹ ਦੋਸ਼ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਫਰੀਦਕੋਟ ਦੇ ਸਕੱਤਰ ਅਸ਼ੋਕ ਕੌਸ਼ਲ, ਮੀਤ ਸਕੱਤਰ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਅਤੇ ਮਾ. ਗੁਰਚਰਨ ਸਿੰਘ ਮਾਨ ਵੱਲੋਂ ਸਾਂਝੇ ਤੌਰ ‘ਤੇ ਲਾਇਆ ਗਿਆ। ਅਜ਼ਾਦੀ ਦਿਵਸ ਦੇ ਰਾਜ ਪੱਧਰੀ ਸਮਾਗਮ ਸਬੰਧੀ ਮੁੱਖ ਮੰਤਰੀ ਦੀ ਫਰੀਦਕੋਟ ਆਮਦ ਤੋਂ ਪਹਿਲਾਂ 13 ਅਗਸਤ ਦੀ ਸ਼ਾਮ ਨੂੰ ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਏਟਕ ਦੇ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਨੂੰ ਭਾਰੀ ਪੁਲਿਸ ਫੋਰਸ ਨਾਲ ਉਸਦੇ ਘਰ ਤੋਂ ਚੁੱਕ ਕੇ ਬਾਜਾਖਾਨਾ ਥਾਣੇ ਵਿੱਚ ਬੰਦ ਕਰਨ ਦੀ ਇਹਨਾਂ ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਵਰਨਣਯੋਗ ਹੈ ਕਿ ਬੀਬੀ ਅਮਰਜੀਤ ਕੌਰ ਦੀ ਅਗਵਾਈ ਹੇਠ ‘ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ’ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਬਾਜਾਖਾਨਾ ਵਿਖੇ 5 ਅਗਸਤ ਨੂੰ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ ਸੀ ਜਿਵੇਂ ਕਿ ਜਿਲੇ ਦੇ ਹੋਰ ਥਾਂਵਾਂ- ਜੈਤੋ, ਫਰੀਦਕੋਟ, ਕੋਟਕਪੂਰਾ ਅਤੇ ਸਾਦਿਕ ਵਿਖੇ ਵੀ ਧਰਨੇ ਪ੍ਰਦਰਸ਼ਨ ਹੋਏ ਸਨ। ਆਗੂਆਂ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਦੇ ਰਾਜ ਪੱਧਰੀ ਅਜਾਦੀ ਦਿਵਸ ਸਮਾਗਮ ਵਿੱਚ ਵਿਘਨ ਪਾਉ ਦਾ ਜੱਥੇਬੰਦੀ ਦਾ ਨਾ ਕੋਈ ਬਿਆਨ ਸੀ ਅਤੇ ਨਾ ਹੀ ਕੋਈ ਪ੍ਰੋਗਰਾਮ ਸੀ। ਫਿਰ ਕਿਸੇ ਗਲਤ ਰਿਪੋਰਟ ਦੇ ਅਧਾਰ ‘ਤੇ ਇਕੱਲੀ ਔਰਤ ਆਗੂ ਨੂੰ ਥਾਣੇ ਬੰਦ ਕਰਨਾ ਕਿਸੇ ਵੀ ਤਰਾਂ ਵਾਜਿਬ ਨਹੀਂ ਹੈ।
ਪੰਜਾਬ ਇਸਤਰੀ ਸਭਾ ਦੀ ਜਿਲਾ ਸਕੱਤਰ ਸ਼ਸ਼ੀ ਸ਼ਰਮਾ, ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ, ਸੋਮਨਾਥ ਅਰੋੜਾ, ਹਰਪਾਲ ਮਚਾਕੀ ਅਤੇ ਇਕਬਾਲ ਸਿੰਘ ਰਣ ਸਿੰਘ ਵਾਲਾ, ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਦੀਆਂ ਵਖ-ਵਖ ਜ਼ਿਲਿਆਂ ਤੋਂ ਬਾਜਾਖਾਨਾ ਪਹੁੰਚਣ ਵਾਲੀਆਂ ਆਗੂਆਂ- ਦੁਰਗੋ ਬਾਈ ਅਤੇ ਨੀਲਮ ਰਾਣੀ ਫਾਜ਼ਿਲਕਾ, ਸੰਤੋਸ਼ ਕੁਮਾਰੀ ਅਬੋਹਰ, ਮਨਜਿੰਦਰ ਕੌਰ ਤਰਨਤਾਰਨ, ਸੰਦੀਪ ਕੌਰ ਬਰਨਾਲਾ, ਗੁਰਮੀਤ ਕੌਰ, ਸੁਖਮੰਦਰ ਕੌਰ ਮੱਤਾ, ਸਿੰਬਲਜੀਤ ਕੌਰ ਅਤੇ ਛਿੰਦਰਪਾਲ ਕੌਰ ਝੱਖੜਵਾਲਾ ਨੇ ਵੀ ਇਸ ਵਰਤਾਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਬੀਬੀ ਅਮਰਜੀਤ ਕੌਰ ਨੂੰ ਰਿਹਾ ਕਰਵਾਉਣ ਦੇ ਚਾਰ ਕੁ ਘੰਟਿਆਂ ਬਾਅਦ ਮਨਰੇਗਾ ਮਜ਼ਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਨੂੰ ਵੀ 14 ਅਗਸਤ ਦੀ ਸ਼ਾਮ ਉਸਦੇ ਘਰ ਤੋਂ ਚੁੱਕ ਕੇ ਥਾਣਾ ਫਰੀਦਕੋਟ ਸਦਰ ਵਿੱਚ ਬੰਦ ਕੀਤਾ ਗਿਆ। ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਬਲਕਾਰ ਸਿੰਘ ਸਹੋਤਾ, ਸ਼ਿਵਨਾਥ ਦਰਦੀ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਫਰੀਦਕੋਟ ਤੋਂ ਜਾਣ ਬਾਅਦ ਹੀ ਕਾਮਰੇਡ ਵੀਰ ਸਿੰਘ ਨੂੰ ਛੱਡਿਆ ਗਿਆ। ਉਹਨਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਜਨਤਕ ਜੱਥੇਬੰਦੀਆਂ ਦਾ ਇੱਕ ਵਫ਼ਦ ਛੇਤੀ ਹੀ ਜਿਲਾ ਪੁਲਿਸ ਮੁਖੀ ਫਰੀਦਕੋਟ ਨੂੰ ਮਿਲ ਰਿਹਾ ਹੈ।