ਇਟਲੀ : ਇੱਕ ਅਣਪਛਾਤੇ ਵਿਅਕਤੀ ਨੇ ਸਪੀਡ ਵਾਲੇ ਕੈਮਰਿਆਂ ਦੇ ਖੰਭਿਆਂ ਨੂੰ ਵੱਢਿਆ

ਸੋਸ਼ਲ ਮੀਡੀਆ ਨੇ ਦਿੱਤਾ ਵਿਅਕਤੀ ਨੂੰ ਸੁਪਰ ਹੀਰੋ ਦਾ ਨਾਮ “ਫਲੈਕਸੀਮੈਨ”

ਲੋਕਾਂ ਦਾ ਕਹਿਣਾ, "ਤੂੰ ਇੱਕ ਸੁਪਰ ਹੀਰੋ ਹੈ ਤੇਰਾ ਬੁੱਤ ਲੱਗਣਾ ਚਾਹੀਦਾ ਹੈ ਭਾਵੇਂ ਕਿ ਤੂੰ ਅਦੇਸ਼ਾਂ ਨੂੰ ਨਹੀਂ ਮੰਨ ਰਿਹਾ ਫਿਰ ਵੀ ਸਾਡੇ ਲਈ ਤੂੰ ਕਿਸੇ ਸੁਪਰ ਹੀਰੋ ਤੋਂ ਘੱਟ ਨਹੀਂ ਹੈ"।


ਮਿਲਾਨ, 19 ਜਨਵਰੀ : (ਨਵਜੋਤ ਪਨੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)

“ਫਲੈਕਸੀਮੈਨ” ਇਟਲੀ ਦੇ ਸੋਸ਼ਲ ਮੀਡੀਆ ਤੇ ਇਹ ਨਾਮ ਇਸ ਵੇਲੇ ਖੂਬ ਚਰਚਾ ਵਿੱਚ ਹੈ। ਕਿਉਂਕਿ ਇਹ ਇੱਕ ਅਣਪਛਾਤਾ ਵਿਅਕਤੀ ਹੈ ਜੋ ਕਿ ਸੜਕਾਂ ਤੇ ਲੱਗੇ ਸਪੀਡ ਕੈਮਰਿਆਂ ਦੇ ਖੰਬਿਆਂ ਨੂੰ ਵੱਢ ਰਿਹਾ ਹੈ। ਸੋਸ਼ਲ ਮੀਡੀਆ ਤੇ ਲੋਕ ਇਸ ਨੂੰ ਆਪਣਾ ਹੀਰੋ ਦੱਸ ਰਹੇ ਹਨ। ਇਹ ਸਿਲਸਿਲਾ ਸ਼ੁਰੂ ਹੋਇਆ ਸੀ 5 ਅਗਸਤ 2023 ਨੂੰ ਜਿਸ ਨੂੰ ਕਿ ਬਹੁਤੀ ਅਹਿਮੀਅਤ ਨਹੀਂ ਦਿੱਤੀ ਗਈ ਸੀ। ਲੇਕਿਨ ਅਗਸਤ ਤੋਂ ਕਰਿਸਮਸ ਤੱਕ ਅਜਿਹੀ ਘਟਨਾਵਾਂ ਇਟਲੀ ਦੇ ਸੂਬਾ ਪੀਏਮੋਤੇ,ਲੋਮਬਾਰਦੀਆ ਅਤੇ ਵੈਨੇਤੋ ਦੇ ਨੌ ਵੱਖ ਵੱਖ ਹਿੱਸਿਆਂ ਵਿੱਚ ਵਾਪਰੀਆਂ ਚੁੱਕੀਆਂ ਹਨ। ਹਾਲ ਹੀ ਵਿੱਚ ਵੈਨੇਤੋ ਸੂਬੇ ਦੇ ਪੋਲੇਜੀਨੇ,ਪਾਸੋ ਦੈਲੇ ਜਾਊ,ਬੈਲੋਨੇਜੇ ਅਤੇ ਕੋਰਤੀਨਾ ਵਿਚ ਸਪੀਡ ਵਾਲੇ ਕੈਮਰਿਆਂ ਦੇ ਖੰਬਿਆਂ ਨੂੰ ਆਟੋਮੈਟਿਕ ਆਰੀ ਨਾਲ ਵੱਢ ਦਿੱਤਾ ਗਿਆ। ਪਾਦੋਵਾ ਨੇੜੇ ਪੈਂਦੇ ਇੱਕ ਸੜਕ ਤੇ ਲੱਗੇ ਉਸ ਸਪੀਡ ਕੈਮਰੇ ਨੂੰ ਵੱਢਿਆ ਗਿਆ ਜਿਸ ਨੇ ਕਿ ਪਿਛਲੇ ਇਕ ਮਹੀਨੇ ਵਿੱਚ 24 ਹਜਾਰ ਯੂਰੋ ਤੱਕ ਦੇ ਜੁਰਮਾਨੇ ਕੀਤੇ ਸਨ। ਇਸ ਤੋਂ ਵੀ ਅੱਗੇ ਚਲਦਿਆਂ ਲੰਘੇ ਹਫਤੇ ਦੇ ਅਖੀਰ ਵਿੱਚ ਇਮੀਲੀਆ ਰੋਮਾਨਿਆ ਸੂਬੇ ਦੇ ਇਲਾਕਾ ਬਾਸਾ ਰੈਜਾਨਾ ਵਿਖੇ ਇਕ ਕੈਮਰੇ ਨੂੰ ਖਰਾਬ ਕੀਤਾ ਗਿਆ ਅਤੇ ਨੋਵੇਲਾਰਾ ਨੇੜੇ ਇਕ ਕੈਮਰੇ ਨੂੰ ਸਾੜ ਦਿੱਤਾ ਗਿਆ। ਇਟਲੀ ਵਿੱਚ ਹੁਣ ਤੱਕ ਕੈਮਰੇ ਵੱਢਣ ਦੀਆਂ 11 ਤੋਂ 12 ਘਟਨਾਵਾਂ ਵਾਪਰ ਚੁੱਕੀਆਂ ਹਨ। ਜਿੱਥੇ ਕਿ ਸੋਸ਼ਲ ਮੀਡੀਆ ‘ਤੇ ਉਸ ਅਣਪਛਾਤੇ ਵਿਅਕਤੀ ਦੇ ਬਹੁਤ ਸਾਰੇ ਚਾਹੁਣ ਵਾਲੇ ਬਣ ਗਏ ਹਨ ਜੋ ਕਿ ਉਸ ਬਾਰੇ ਵੱਖ ਵੱਖ ਤਰ੍ਹਾਂ ਦੇ ਕਮੈਂਟ ਲਿਖ ਰਹੇ ਹਨ ਜਿਵੇਂ ਕਿ “ਤੂੰ ਇੱਕ ਸੁਪਰ ਹੀਰੋ ਹੈ ਤੇਰਾ ਬੁੱਤ ਲੱਗਣਾ ਚਾਹੀਦਾ ਹੈ ਭਾਵੇਂ ਕਿ ਤੂੰ ਅਦੇਸ਼ਾਂ ਨੂੰ ਨਹੀਂ ਮੰਨ ਰਿਹਾ ਫਿਰ ਵੀ ਸਾਡੇ ਲਈ ਤੂੰ ਕਿਸੇ ਸੁਪਰ ਹੀਰੋ ਤੋਂ ਘੱਟ ਨਹੀਂ ਹੈ”। ਅਜਿਹੇ ਹੋਰ ਵੀ ਪਤਾ ਨਹੀਂ ਕਿੰਨੇ ਕਮੈਂਟ ਲੋਕ ਫਲੈਕਸੀਮੈਨ ਲਈ ਸੋਸ਼ਲ ਮੀਡੀਆ ਤੇ ਲਿਖ ਰਹੇ ਹਨ। ਪ੍ਰਸ਼ਾਸਨ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਵੇਰੋਨਾ ਦੇ ਅਧਿਕਾਰੀਆਂ ਨੇ ਵੀ ਇਟਾਲੀਅਨ ਮੀਡੀਏ ਨੂੰ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਰਾਹੀਂ ਅਤੇ ਹੋਰ ਤਰੀਕਿਆਂ ਰਾਹੀਂ ਦੋਸ਼ੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਫਲੈਕਸੀਮੈਨ ਅਤੇ ਪਰਸ਼ਾਸਨ ਦੀ ਇਹ ਲੁਕਣ-ਮੀਚੀ ਦੀ ਖੇਡ ਕਦੋਂ ਖਤਮ ਹੁੰਦੀ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *