ਨੌਜਵਾਨ ਨੂੰ ਇਨਸਾਫ ਲਈ ਰੋਸ ਮੁਜ਼ਾਹਰਾ ਕਰਨਗੀਆਂ ਜਥੇਬੰਦੀਆਂ *
ਮਿਲਾਨ, 21 ਜੂਨ : (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਇਟਲੀ ਵਿੱਚ ਪ੍ਰਵਾਸੀਆਂ ਨਾਲ ਕੰਮ ਦੇ ਮਾਲਕਾਂ ਵੱਲੋ ਕੀਤਾ ਜਾਂਦਾ ਸ਼ੋਸ਼ਣ ਚਿੰਤਾਜਨਕ ਹੈ ਕਿਉਂਕਿ ਤਾਜ਼ੀ ਵਪਾਰੀ ਘਟਨਾ ਵਿਚ ਇੱਕ ਨੌਜਵਾਨ ਨੂੰ ਆਪਣੀ ਜਾਨ ਗੁਆਉਣੀ ਪਈ। ਇਟਾਲੀਅਨ ਮੀਡੀਆ ਮੁਤਾਬਕ ਦੱਖਣੀ ਇਟਲੀ ਦੇ ਜਿਲ੍ਹਾ ਲਾਤੀਨਾ ਅੰਦਰ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਰੂਹ ਕੰਬਾਊ ਘਟਨਾ ਵਾਪਰਨ ਦਾ ਸਮਾਚਾਰ ਸਾਹਮਣੇ ਆਇਆ।
ਪੰਜਾਬ ਦੇ ਮੋਗਾ ਨਾਲ ਸੰਬੰਧਿਤ 31 ਸਾਲਾ ਸਤਨਾਮ ਸਿੰਘ ਆਪਣੀ ਪਤਨੀ ਨਾਲ ਬਿਨਾਂ ਪੇਪਰਾਂ ਤੋਂ ਲਾਤੀਨਾ ਇਲਾਕੇ ਵਿੱਚ ਰਹਿ ਰਿਹਾ ਸੀ ਜਿਹੜਾ ਪੰਜਾਬ ਦੇ ਜਿ਼ਲ੍ਹੇ ਮੋਗੇ ਨਾਲ ਸੰਬਧਤ ਸੀ ਅਤੇ ਇੱਕ ਇਟਾਲੀਅਨ ਮਾਲਕ ਦੇ ਘਰ ਵਿੱਚ ਦੋਨੇ ਪਤੀ ਪਤਨੀ ਕੰਮ ਕਰਦੇ ਸਨ। ਕੰਮ ਦੌਰਾਨ ਵਾਪਰੇ ਹਾਦਸੇ ਵਿੱਚ ਸਤਨਾਮ ਸਿੰਘ ਦੀ ਇੱਕ ਬਾਂਹ ਕੱਟੀ ਗਈ ਅਤੇ ਸਰੀਰ ਨਾਲੋਂ ਵੱਖ ਹੋ ਗਈ ਜਿਸ ਤੋਂ ਬਾਅਦ ਉਸ ਦੇ ਇਟਾਲੀਅਨ ਮਾਲਕ ਨੇ ਸਤਨਾਮ ਸਿੰਘ ਨੂੰ ਸਮੇਂ ਸਿਰ ਹਸਪਤਾਲ ਨਾ ਪਹੁੰਚਾਇਆ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੋਏ ਸਤਨਾਮ ਸਿੰਘ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਬੁਰੀ ਤਰ੍ਹਾਂ ਲਹੂ ਲੂਹਾਨ ਜ਼ਖਮੀ ਹਾਲਤ ਵਿੱਚ ਅਤੇ ਖੂਨ ਨਾਲ ਲਥਪਥ ਹੋਈ ਉਸ ਦੀ ਕੱਟੀ ਹੋਈ ਬਾਂਹ ਨੂੰ ਵੀ ਪੀੜਤ ਦੇ ਘਰ ਅੱਗੇ ਛੱਡ ਆਇਆ। ਸ਼ਾਇਦ ਇਟਾਲੀਅਨ ਮਾਲਕ ਦੇ ਮਨ ਵਿੱਚ ਡਰ ਸੀ ਕਿ ਸਤਨਾਮ ਸਿੰਘ ਕੋਲ ਪੱਕੇ ਪੇਪਰ ਨਾ ਹੋਣ ਕਾਰਨ ਪੁਲਿਸ ਵੱਲੋਂ ਉਸ ਤੇ ਕਾਰਵਾਈ ਕੀਤੀ ਜਾਵੇਗੀ।ਪੀੜਤ ਸਤਨਾਮ ਸਿੰਘ ਦੀ ਬੁਰੀ ਹਾਲਤ ਦੇਖ ਨੇੜੇ ਰਹਿੰਦੇ ਪੰਜਾਬੀ ਭਾਈਚਾਰੇ ਦੇ ਵੀਰਾਂ ਵੱਲੋਂ ਐਂਬੂਲੈਂਸ ਨੂੰ ਫੋਨ ਕਰਕੇ ਮੁਢਲੀ ਸਹਾਇਤਾ ਲਈ ਬੁਲਾਇਆ ਗਿਆ ਅਤੇ ਉਸ ਤੋਂ ਤੁਰੰਤ ਬਾਅਦ ਹੀ ਹੈਲੀ ਐਂਬੂਲੈਂਸ ਰਾਹੀਂ ਸਤਨਾਮ ਸਿੰਘ ਨੂੰ ਰੋਮ ਦੇ ਇੱਕ ਵੱਡੇ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਉਹ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।ਇਸ ਅਣਹੋਣੀ ਦੀ ਜਾਣਕਾਰੀ ਮਿਲਦੇ ਹੀ ਮਰਹੂਮ ਸਤਨਾਮ ਸਿੰਘ ਦੀ ਪਤਨੀ ਦਾ ਰੋ-ਰੋ ਬੁਰਾ ਹਾਲ ਹੈ। ਇਸ ਅਤਿ ਨਿੰਦਣਯੋਗ ਅਣਮਨੁੱਖੀ ਬਰਤਾਰੇ ਉਪੱਰ ਡੂੰਘਾ ਦੁੱਖ ਜ਼ਾਹਿਰ ਕਰਦਿਆਂ ਮਜ਼ਦੂਰਾਂ ਦੇ ਹੱਕਾਂ ਲਈ ਕੰਮ ਕਰਦੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਸਤਨਾਮ ਸਿੰਘ ਨਾਲ ਜੋ ਵੀ ਵਾਪਰਿਆ ਇਹ ਬਹੁਤ ਮੰਦਭਾਗੀ ਘਟਨਾ ਹੈ ਇਹ ਕਤਲ ਹੋਇਆ ਹੈ ਜਿਸ ਵਿੱਚ ਉਸ ਦਾ ਕੰਮ ਮਾਲਿਕ ਕਸੂਰਵਾਰ ਹੈ ਜੇਕਰ ਉਹ ਵੇਲੇ ਸਿਰ ਮਰਹੂਮ ਸਤਨਾਮ ਸਿੰਘ ਨੂੰ ਹਸਤਪਾਲ ਪਹੁੰਚਾ ਦਿੰਦਾ ਤਾਂ ਸ਼ਾਇਦ ਅੱਜ ਉਹ ਜਿਊਂਦਾ ਹੁੰਦਾ ।ਮਜ਼ਦੂਰ ਜੱਥੇਬੰਦੀਆਂ ਮ੍ਰਿਤਕ ਸਤਨਾਮ ਸਿੰਘ ਨੂੰ ਇਨਸਾਫ਼ ਦਿਵਾਉਣ ਅਤੇ ਇਟਾਲੀਅਨ ਮਾਲਕ ਨੂੰ ਸਜ਼ਾ ਦਵਾਉਣ ਲਈ 25 ਜੂਨ ਮੰਗਲਵਾਰ ਨੂੰ ਦੁਪਹਿਰ 3.00 ਵਜੇ ਲਾਤੀਨਾ ਦੇ ਡੀ ਸੀ ਦਫ਼ਤਰ ਵਿਖੇ ਇੱਕ ਬਹੁਤ ਹੀ ਭਾਰੀ ਇਕੱਠ ਕਰਨ ਜਾ ਰਹੀਆਂ ਹਨ। ਜਿਸ ਵਿੱਚ ਇਨਸਾਨੀਅਤ ਨੂੰ ਖੇਰੂ ਖੇਰੂ ਕਰਦੀ ਇਸ ਘਟਨਾ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਨ ਵਾਲੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਇਸ ਘਟਨਾ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ ਹੈ।ਇਸ ਘਟਨਾ ਦੀ ਤਿੱਖੀ ਨਿਖੇਧੀ ਤੇ ਦੁੱਖ ਜਾਹਿਰ ਕਰਦੇ ਗੁਰਮੁੱਖ ਸਿੰਘ ਹਜ਼ਾਰਾ ਪ੍ਰਧਾਨ ਇੰਡੀਅਨ ਕਮਿਊਨਿਟੀ ਇਨ ਲਾਸੀਓ ਨੇ ਲਾਸੀਓ ਸੂਬੇ ਵਿੱਚ ਰਹਿਣ ਵਾਲੇ ਸਾਰੇ ਭਾਈਚਾਰੇ ਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਰੋਸ ਮਾਰਚ ਰੋਸ ਰੈਲੀ ਵਿੱਚ ਜਰੂਰ ਪਹੁੰਚ ਤਾਂ ਜੋ ਮਰਹੂਮ ਸਤਨਾਮ ਸਿੰਘ ਨੂੰ ਇਨਸਾਫ ਦਵਾਇਆ ਜਾ ਸਕੇ।